ਸਪੋਰਟਸ ਡੈਸਕ। ਟੀਮ ਇੰਡੀਆ ਦੇ Crisis Man ਦੇ ਨਾੰਅ ਤੋਂ ਮਸ਼ਹੂਰ ਅਤੇ ਸਾਬਕਾ ਭਾਰਤੀ ਕ੍ਰਿਕਟਰ ਯਸ਼ਪਾਲ ਸ਼ਰਮਾ ਦਾ ਮੰਗਲਵਾਰ ਸਵੇਰੇ ਦੇਹਾਂਤ ਹੋ ਗਿਆ। ਹਾਰਟ ਅਟੈਕ ਦੇ ਚਲਦੇ ਯਸ਼ਪਾਲ ਸ਼ਰਮਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। 66 ਸਾਲਾਂ ਦੀ ਉਮਰ ‘ਚ ਉਹਨਾਂ ਨੇ ਆਖਰੀ ਸਾਹ ਲਏ। ਉਹਨਾਂ ਦਾ ਜਨਮ ਪੰਜਾਬ ਦੇ ਲੁਧਿਆਣਾ ‘ਚ ਹੋਇਆ ਸੀ।
1983 ਵਰਲਡ ਕੱਪ ਦੇ ਹੀਰੋ ਸਨ ਸ਼ਰਮਾ
ਯਸ਼ਪਾਲ ਸ਼ਰਮਾ ਉਸ ਟੀਮ ਇੰਡੀਆ ਦੇ ਹਿੱਸਾ ਰਹੇ ਸਨ, ਜਿਸਨੇ 1983 ‘ਚ ਪਹਿਲੀ ਵਾਰ ਵਿਸ਼ਵ ਕੱਪ ਜਿੱਤਿਆ ਸੀ। 37 ਟੈਸਟ ਅਤੇ 42 ਵਨਡੇ ਮੈਚ ਖੇਡਣ ਵਾਲੇ ਯਸ਼ਪਾਲ 1983 ਵਰਲਡ ਕੱਪ ‘ਚ ਭਾਰਤ ਵੱਲੋਂ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਿਆਂ ‘ਚ ਦੂਜੇ ਨੰਬਰ ‘ਤੇ ਸਨ। ਯਸ਼ਪਾਲ ਸ਼ਰਮਾ ਨੇ ਇੰਗਲੈਂਡ ਦੇ ਖਿਲਾਫ਼ ਲੌਰਡਜ਼ ‘ਚ 1979 ‘ਚ ਆਪਣਾ ਟੈਸਟ ਡੈਬਿਊ ਕੀਤਾ ਸੀ, ਜਦਕਿ 1983 ‘ਚ ਆਪਣਾ ਆਖਰੀ ਟੈਸਟ ਮੈਚ ਖੇਡਿਆ ਸੀ। 1978 ‘ਚ ਉਹਨਾਂ ਨੇ ਵਨਡੇ ਡੈਬਿਊ ਕੀਤਾ ਸੀ ਅਤੇ 1985 ‘ਚ ਆਪਣਾ ਆਖਰੀ ਵਨਡੇ ਮੈਚ ਖੇਡਿਆ ਸੀ। ਉਹ ਭਾਰਤੀ ਕ੍ਰਿਕਟ ਟੀਮ ਦੇ ਸੈਲੇਕਟਰ ਵੀ ਰਹੇ ਸਨ।
ਦੇਹਾਂਤ ਦੀ ਖ਼ਬਰ ਸੁਣ ਕੇ ਰੋ ਪਏ ਕਪਿਲ ਦੇਵ
ਯਸ਼ਪਾਲ ਸ਼ਰਮਾ ਦੇ ਦੇਹਾਂਤ ‘ਤੇ ਉਹਨਾਂ ਦੇ ਸਾਥੀ ਅਤੇ ਸਾਬਕਾ ਕਪਤਾਨ ਕਪਿਲ ਦੇਵ ਰੋ ਪਏ। ਉਹਨਾਂ ਕਿਹਾ ਕਿ ਪਿਛਲੇ ਹਫਤੇ ਹੀ ਉਹਨਾਂ ਦੀ ਯਸ਼ਪਾਲ ਨਾਲ ਮੁਲਾਕਾਤ ਹੋਈ ਸੀ। ਕਪਿਲ ਦੇਵ ਨੇ ਕਿਹਾ, “ਮੈਨੂੰ ਤਾਂ ਹਾਲੇ ਵੀ ਲੱਗ ਰਿਹਾ ਹੈ ਕਿ ਇਹ ਸੱਚ ਨਹੀਂ ਹੈ। ਸਮਝ ਹੀ ਨਹੀਂ ਆ ਰਿਹਾ ਮੈਨੂੰ, ਹਾਲੇ ਅਸੀਂ ਪਿਛਲੇ ਹਫ਼ਤੇ ਮਿਲੇ ਸੀ ਅਤੇ ਉਹਨਾਂ ਦੀ ਸਿਹਤ ਬਹੁਤ ਹੀ ਚੰਗੀ ਸੀ। ਭਗਵਾਨ ਦੀ ਜੋ ਮਰਜੀ ਹੋਵੇ, ਉਸ ਨਾਲ ਅਸੀਂ ਲੜ ਨਹੀਂ ਸਕਦੇ।”
ਰਾਸ਼ਟਰਪਤੀ, PM ਸਣੇ ਕਈ ਹਸਤੀਆਂ ਨੇ ਦੁੱਖ ਜਤਾਇਆ
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਾਬਕਾ ਕ੍ਰਿਕਟਰ ਯਸ਼ਪਾਲ ਸ਼ਰਮਾ ਦੇ ਦੇਹਾਂਤ ‘ਚ ਦੁੱਖ ਜ਼ਾਹਿਰ ਕੀਤਾ ਹੈ। ਰਾਸ਼ਟਰਪਤੀ ਨੇ ਟਵੀਟ ਕੀਤਾ, “1983 ਕ੍ਰਿਕਟ ਵਰਲਡ ਕੱਪ ‘ਚ ਮਹੱਤਵਪੂਰਣ ਮੈਚਾਂ ਦੌਰਾਨ ਉਹਨਾਂ ਨੇ ਮਿਸਾਲੀ ਪ੍ਰਦਰਸ਼ਨ ਸਦਕਾ ਕ੍ਰਿਕਟ ਇਤਿਹਾਸ ‘ਚ ਭਾਰਤ ਦੀ ਸਭ ਤੋਂ ਵੱਡੀਆਂ ਜਿੱਤਾਂ ‘ਚੋਂ ਇੱਕ ‘ਚ ਮਹੱਤਵਪੂਰਣ ਭੂਮਿਕਾ ਨਿਭਾਈ।”
Sad to hear about the demise of cricketer Yashpal Sharma. His remarkable performances during the key matches in 1983 cricket World-Cup played a crucial role in one of India’s greatest triumphs in cricketing history. My deepest condolences to his family, followers & team members.
— President of India (@rashtrapatibhvn) July 13, 2021
ਨਵੇਂ ਕ੍ਰਿਕਟਰਾਂ ਲਈ ਪ੍ਰੇਰਣਾ ਸਨ ਯਸ਼ਪਾਲ- PM
ਯਸ਼ਪਾਲ ਸ਼ਰਮਾ ਦੇ ਦੇਹਾਂਤ ‘ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੁੱਖ ਜਤਾਇਆ। ਪੀਐੱਮ ਮੋਦੀ ਨੇ ਟਵੀਟ ਕੀਤਾ, “ਯਸ਼ਪਾਲ ਸ਼ਰਮਾ ਜੀ 1983 ਦੀ ਮਹਾਨ ਟੀਮ ਸਣੇ ਭਾਰਤੀ ਕ੍ਰਿਕਟ ਟੀਮ ਦੇ ਬੇਹੱਦ ਪਿਆਰੇ ਮੈਂਬਰ ਸਨ। ਉਹ ਟੀਮ ਦੇ ਸਾਥੀਆਂ, ਪ੍ਰਸ਼ੰਸਕਾਂ ਦੇ ਨਾਲ-ਨਾਲ ਨਵੇਂ ਕ੍ਰਿਕਟਰਾਂ ਲਈ ਇੱਕ ਪ੍ਰੇਰਣਾ ਸਨ। ਉਹਨਾਂ ਦੇ ਦੇਹਾਂਤ ਨਾਲ ਦੁਖੀ ਹਾਂ। ਉਹਨਾਂ ਦੇ ਪਰਿਵਾਰ ਅਤੇ ਫੈਨਜ਼ ਲਈ ਹਮਦਰਦੀ। ਓਮ ਸ਼ਾਂਤੀ।”
Shri Yashpal Sharma Ji was a much beloved member of the Indian cricket team, including the legendary 1983 squad. He was an inspiration for teammates, fans as well as budding cricketers. Anguished by his passing away. Condolences to his family and admirers. Om Shanti.
— Narendra Modi (@narendramodi) July 13, 2021
ਯਸ਼ਪਾਲ ਨੇ ਦੇਸ਼ ਦਾ ਮਾਣ ਵਧਾਇਆ- ਕੈਪਟਨ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਾਬਕਾ ਕ੍ਰਿਕਟਰ ਯਸ਼ਪਾਲ ਸ਼ਰਮਾ ਦੇ ਦੁੱਖਦਾਈ ਦੇਹਾਂਤ ‘ਤੇ ਅਫਸੋਸ ਜ਼ਾਹਿਰ ਕੀਤਾ ਅਤੇ ਕਿਹਾ, “ਉਹ ਇੱਕ ਸ਼ਾਨਦਾਰ ਖਿਡਾਰੀ ਸਨ, ਜਿਹਨਾਂ ਨੇ 1983 ਵਰਲਡ ਕੱਪ ਜੇਤੂ ਟੀਮ ਦਾ ਹਿੱਸਾ ਰਹਿੰਦਿਆਂ ਦੇਸ਼ ਨੂੰ ਮਾਣ ਮਹਿਸੂਸ ਕਰਵਾਇਆ। ਪੀੜਤ ਪਰਿਵਾਰ, ਦੋਸਤਾਂ ਅਤੇ ਫੈਨਜ਼ ਨਾਲ ਮੇਰੀ ਦਿਲੋਂ ਹਮਦਰਦੀ।”
Condole the sad demise of ex-Cricketer Yashpal Sharma ji who passed away due to cardiac arrest. He was an outstanding cricketer who brought laurels to the country as part of 1983 World Cup winning team. Share my heartfelt sympathies with the bereaved family, friends & fans. pic.twitter.com/7hoBI52erF
— Capt.Amarinder Singh (@capt_amarinder) July 13, 2021
ਭਾਰਤ ਨੇ ਕਮਾਲ ਦਾ ਕ੍ਰਿਕਟਰ ਗੁਆ ਦਿੱਤਾ- ਸੁਖਬੀਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਟਵੀਟ ਕਰਦਿਆਂ ਕਿਹਾ, “ਯਸ਼ਪਾਲ ਸ਼ਰਮਾ ਦੇ ਦੇਹਾਂਤ ਨਾਲ, ਭਾਰਤ ਨੇ ਕਮਾਲ ਦੇ ਅਤੇ ਸਭ ਤੋਂ ਪਿਆਰੇ ਕ੍ਰਿਕਟਰ ਨੂੰ ਗੁਆ ਦਿੱਤਾ, ਜੋ 1983 ਵਰਲਡ ਕੱਪ ਜੇਤੂ ਸਕੁਐਡ ਦਾ ਹਿੱਸਾ ਰਹੇ ਸਨ। ਉਹਨਾਂ ਦੇ ਪਰਿਵਾਰ ਅਤੇ ਫੈਨਜ਼ ਨਾਲ ਮੇਰੀ ਡੂੰਘੀ ਹਮਦਰਦੀ।”
In the demise of Yashpal Sharma, India has lost a remarkable & much loved cricketer who was part of 1983 World Cup winning squad. My deep condolences to his family & fans.#YashpalSharma @BCCI pic.twitter.com/kckXmaSDxO
— Sukhbir Singh Badal (@officeofssbadal) July 13, 2021
ਦਿਲੀਪ ਕੁਮਾਰ ਦੇ ਫੈਨ ਸਨ ਯਸ਼ਪਾਲ
ਕਾਬਿਲੇਗੌਰ ਹੈ ਕਿ ਯਸ਼ਪਾਲ ਸ਼ਰਮਾ ਦਿਲੀਪ ਕੁਮਾਰ ਦੇ ਬਹੁਤ ਵੱਡੇ ਫੈਨ ਸਨ। ਉਹਨਾਂ ਨੇ ਕਿਹਾ ਵੀ ਸੀ ਕਿ ਦਿਲੀਪ ਕੁਮਾਰ ਨੇ ਉਹਨਾਂ ਦਾ ਕਰੀਅਰ ਬਣਾਉਣ ‘ਚ ਅਹਿਮ ਭੂਮਿਕਾ ਅਦਾ ਕੀਤੀ ਸੀ। ਦਿਲੀਪ ਕੁਮਾਰ ਨੇ ਪੰਜਾਬ ਦਾ ਰਣਜੀ ਮੈਚ ਵੇਖਣ ਤੋਂ ਬਾਅਦ ਸ਼ਰਮਾ ਲਈ BCCI ‘ਚ ਰਾਜ ਸਿੰਘ ਡੁੰਗਰਪੁਰ ਨਾਲ ਗੱਲ ਕੀਤੀ ਸੀ। ਯਸ਼ਪਾਲ ਸ਼ਰਮਾ ਇਸ ਗੱਲ ਲਈ ਦਿਲੀਪ ਕੁਮਾਰ ਦਾ ਵੱਡਾ ਅਹਿਸਾਨ ਮੰਨਦੇ ਸਨ।