ਤਰਨਤਾਰਨ। ਪਾਕਿਸਤਾਨ ਵੱਲੋਂ ਇੱਕ ਵਾਰ ਫਿਰ ਭਾਰਤ ਦੀ ਸਰਹੱਦ ਵਿੱਚ ਡਰੋਨ ਭੇਜਣ ਦੀ ਨਾਪਾਕ ਕੋਸ਼ਿਸ਼ ਕੀਤੀ ਗਈ। ਹਾਲਾਂਕਿ BSF ਜਵਾਨਾਂ ਦੀ ਮੁਸ਼ਤੈਦੀ ਕਾਰਨ ਪਾਕਿਸਤਾਨ ਆਪਣੇ ਨਾਪਾਕ ਮਨਸੂਬੇ ਵਿੱਚ ਕਾਮਯਾਬ ਨਹੀਂ ਹੋ ਸਕਿਆ। ਤਰਨਤਾਰਨ ਦੇ ਖਾਲੜਾ ਵਿੱਚ ਪਿੰਡ ਰਾਜੋਕੇ ਨੇੜੇ ਪਾਕਿਸਤਾਨ ਵੱਲੋਂ 2 ਡਰੋਨ ਭਾਰਤ ਦੀ ਸਰਹੱਦ ਵਿੱਚ ਦਾਖਲ ਹੋਏ ਸਨ।
ਜਾਣਕਾਰੀ ਮੁਤਾਬਕ, ਰਾਤ ਕਰੀਬ 3-4 ਵਜੇ ਜਦੋਂ BSF ਦੀ ਟੁੱਕੜੀ ਬਾਰਡਰ ਏਰੀਆ ਵਿੱਚ ਪੈਟਰੋਲਿੰਗ ਕਰ ਰਹੀ ਸੀ, ਤਾਂ ਜਵਾਨਾਂ ਨੂੰ ਰਾਜੋਕੇ ਪਿੰਡ ਨੇੜੇ ਡਰੋਨ ਦੀ ਅਵਾਜ਼ ਸੁਣਾਈ ਦਿੱਤੀ। ਹਨੇਰਾ ਹੋਣ ਦੇ ਚਲਦੇ ਜਵਾਨ ਡਰੋਨ ਦੀ ਮੂਵਮੈਂਟ ਤਾਂ ਨਹੀਂ ਵੇਖ ਸਕੇ, ਪਰ ਮੁਸ਼ਤੈਦੀ ਵਰਤਦੇ ਹੋਏ ਉਹਨਾਂ ਵੱਲੋਂ ਅਵਾਜ਼ ਵੱਲ ਫਾਇਰਿੰਗ ਕੀਤੀ ਗਈ। ਜਵਾਨਾਂ ਨੇ ਕਰੀਬ 50 ਰਾਊਂਡ ਫਾਇਰ ਕੀਤੇ, ਜਿਸ ਤੋਂ ਬਾਅਦ ਡਰੋਨ ਪਾਕਿਸਤਾਨ ਵੱਲ ਵਾਪਸ ਪਰਤ ਗਏ। ਜਾਣਕਾਰੀ ਮੁਤਾਬਕ, ਡਰੋਨ 2 ਸਨ। BSF ਜਵਾਨਾਂ ਦੇ ਨਾਲ-ਨਾਲ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਵੀ ਡਰੋਨ ਦੀ ਅਵਾਜ਼ ਸੁਣਾਈ ਦਿੱਤੀ।
ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਅਹਿਤਿਆਤ ਦੇ ਤੌਰ ‘ਤੇ ਪੂਰੇ ਇਲਾਕੇ ਵਿੱਚ ਸਰਚ ਅਪਰੇਸ਼ਨ ਚਲਾਇਆ ਗਿਆ, ਜਿਸ ਵਿੱਚ BSF ਦੇ ਜਵਾਨਾਂ ਦੇ ਨਾਲ-ਨਾਲ ਪੰਜਾਬ ਪੁਲਿਸ ਦੀ ਟੀਮ ਵੀ ਸ਼ਾਮਲ ਰਹੀ। ਬਹਿਰਹਾਲ ਇਸ ਮਾਮਲੇ ਵਿੱਚ ਹਾਲੇ ਤੱਕ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।