ਤਰਨਤਾਰਨ। ਗੁਆਂਢੀ ਮੁਲਕ ਪਾਕਿਸਤਾਨ ਵੱਲੋਂ ਨਾਪਾਕ ਹਰਕਤਾਂ ਦਾ ਦੌਰ ਲਗਾਤਾਰ ਜਾਰੀ ਹੈ। ਇਸ ਵਾਰ ਤਰਨਤਾਰਨ ਵਿੱਚ ਡਰੋਨ ਜ਼ਰੀਏ ਨਸ਼ੇ ਦੀ ਖੇਪ ਭੇਜੀ ਗਈ। ਦੱਸਿਆ ਜਾਂਦਾ ਹੈ ਕਿ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਵੀਰਵਾਰ ਰਾਤ ਪਾਕਿਸਤਾਨ ਵੱਲੋਂ ਅਸਮਾਨ ‘ਚ ਹਲਚਲ ਮਹਿਸੂਸ ਕੀਤੀ। ਜਦੋਂ ਫਾਇਰਿੰਗ ਸ਼ੁਰੂ ਕੀਤੀ ਗਈ, ਤਾਂ ਅਸਮਾਨ ਵਿਚ ਨਾਪਾਕ ਮਨਸੂਬਿਆਂ ਦੇ ਨਾਲ ਉਡਾਇਆ ਗਿਆ ਡਰੋਨ ਲਾਪਤਾ ਹੋ ਗਿਆ। ਇਸ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਸਰਚ ਦੌਰਾਨ ਸਰਹੱਦੀ ਇਲਾਕੇ ਵਿੱਚ ਹੈਰੋਇਨ ਦੇ 6 ਪੈਕੇਟ ਬਰਾਮਦ ਕੀਤੇ ਗਏ। ਹਾਲਾਂਕਿ ਡਰੋਨ ਦੇ ਬਾਰੇ ਕੁਝ ਪਤਾ ਨਹੀਂ ਲੱਗਿਆ।
ਘਟਨਾ ਤਰਨਤਾਰਨ ਦੇ ਪਿੰਡ ਨੌਸ਼ਹਿਰਾ ਡਾਲਾ ਦੇ ਕੌਮਾਂਤਰੀ ਸਰਹੱਦ ਨਾਲ ਲਗਦੇ ਇਲਾਕੇ ਦੀ ਹੈ। ਜਾਣਕਾਰੀ ਮੁਤਾਬਕ, ਵੀਰਵਾਰ ਦੇਰ ਰਾਤ ਕਰੀਬ ਸਵਾ 11 ਵਜੇ ਸਰਾਏ ਅਮਾਨਤ ਖਾਂ ਪੋਸਟ ਕੋਲ ਪਾਕਿਸਤਾਨ ਵਾਲੇ ਪਾਸਿਓਂ ਇੱਕ ਡਰੋਨ ਨੂੰ ਭਾਰਤੀ ਸਰਹੱਦ ਵਿੱਚ ਦਾਖਲ ਹੁੰਦੇ ਵੇਖਿਆ ਗਿਆ। ਅਹਿਤਿਆਤ ਵਰਤਦੇ ਹੋਏ ਜਵਾਨਾਂ ਨੇ ਡਰੋਨ ‘ਤੇ 16 ਰਾਊਂਡ ਫਾਇਰ ਕੀਤੇ, ਜਿਸਦੇ ਚਲਦੇ ਡਰੋਨ ਪਰਤ ਗਿਆ। ਇਸ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਸਾਢੇ 4 ਵਜੇ ਸਰਚ ਅਪਰੇਸ਼ਨ ਸ਼ੁਰੂ ਕੀਤਾ ਗਿਆ, ਤਾਂ ਬੀਓਪੀ ਨੌਸ਼ਹਿਰਾ ਨੇੜੇ ਹੈਰੋਇਨ ਦੇ 6 ਪੈਕੇਟ ਵੇਖੇ ਗਏ।
ਦੱਸਣਯੋਗ ਹੈ ਕਿ ਹਾਲ ਹੀ ਵਿੱਚ 3 ਸਤੰਬਰ ਦੀ ਰਾਤ ਕਰੀਬ ਸਾਢੇ 12 ਵਜੇ ਖੇਮਕਰਨ ਸੈਕਟਰ ਨੇੜੇ ਵੀ 2 ਡਰੋਨ ਵੇਖੇ ਗਏ ਸਨ। ਜਵਾਨਾਂ ਨੇ ਫਾਇਰ ਕੀਤੇ, ਤਾਂ ਡਰੋਨ ਵਾਪਸ ਪਰਤ ਗਏ। ਇਸ ਤੋਂ ਬਾਅਦ ਅਗਲੀ ਸਵੇਰੇ ਸਰਚ ਅਪਰੇਸ਼ਨ ਦੇ ਦੌਰਾਨ ਕੁਝ ਬਰਾਮਦ ਨਹੀਂ ਹੋ ਸਕਿਆ ਸੀ।