Home Election ਕਾਂਗਰਸ ਦੇ ਕਲੇਸ਼ ਵਿਚਾਲੇ ਕੈਪਟਨ ਦੀ 'ਲੰਚ ਡਿਪਲੋਮੈਸੀ'...ਹਿੰਦੂ ਆਗੂਆਂ ਦੀ ਟਟੋਲੀ ਨਬਜ਼

ਕਾਂਗਰਸ ਦੇ ਕਲੇਸ਼ ਵਿਚਾਲੇ ਕੈਪਟਨ ਦੀ ‘ਲੰਚ ਡਿਪਲੋਮੈਸੀ’…ਹਿੰਦੂ ਆਗੂਆਂ ਦੀ ਟਟੋਲੀ ਨਬਜ਼

ਚੰਡੀਗੜ੍ਹ। ਪੰਜਾਬ ਕਾਂਗਰਸ ‘ਚ ਮਚੇ ਕਾਟੋ-ਕਲੇਸ਼ ਵਿਚਾਲੇ ਹੁਣ ਸੀਐੱਮ ਕੈਪਟਨ ਅਮਰਿੰਦਰ ਸਿੰਘ ਆਪਣਾ ਕਿਲ੍ਹਾ ਮਜਬੂਤ ਕਰਨ ‘ਚ ਜੁਟੇ ਹਨ। ਇੱਕ ਪਾਸੇ ਨਵਜੋਤ ਸਿੰਘ ਸਿੱਧੂ ਦਿੱਲੀ ‘ਚ ਆਪਣੇ ਲਈ ਮੈਦਾਨ ਤਿਆਰ ਕਰ ਰਹੇ ਹਨ, ਤਾਂ ਚੰਡੀਗੜ੍ਹ ‘ਚ ਕੈਪਟਨ ਵੱਲੋਂ ਸ਼ਕਤੀ ਪ੍ਰਦਰਸ਼ਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੀਐੱਮ ਨੇ ਵੀਰਵਾਰ ਨੂੰ ਆਪਣੇ ਸਮਰਥਕ ਆਗੂਆਂ ਨਾਲ ਲੰਚ ‘ਤੇ ਵਿਚਾਰ-ਚਰਚਾ ਕੀਤੀ।

Image

ਬੈਠਕ ‘ਚ ਕਾਂਗਰਸ ਦੇ ਜ਼ਿਆਦਾਤਰ ਹਿੰਦੂ ਆਗੂਆਂ ਨੂੰ ਸੱਦਿਆ ਗਿਆ ਸੀ, ਜਿਹਨਾਂ ‘ਚ ਮਨੀਸ਼ ਤਿਵਾੜੀ, ਬ੍ਰਹਮ ਮਹਿੰਦਰਾ, ਵਿਜੇ ਇੰਦਰ ਸਿੰਗਲਾ, ਓਪੀ ਸੋਨੀ, ਭਾਰਤ ਭੂਸ਼ਣ ਆਸ਼ੂ ਸਣੇ ਕਈ ਸਾਬਕਾ ਮੰਤਰੀ ਤੇ ਵਿਧਾਇਕ ਵੀ ਸ਼ਾਮਲ ਹਨ।

ਮੀਟਿੰਗ ‘ਚ ਅਸ਼ਵਨੀ ਸੇਖੜੀ ਵੀ ਸ਼ਾਮਲ ਸਨ, ਜਿਹਨਾਂ ਦੇ ਕਾਂਗਰਸ ਛੱਡ ਕੇ ਅਕਾਲੀ ਦਲ ਜੁਆਇਨ ਕਰਨ ਲਈ ਚਰਚਾ ਪਿਛਲੇ ਦਿਨੀਂ ਜ਼ੋਰਾਂ ‘ਤੇ ਸੀ। ਹਾਲਾਂਕਿ ਐਨ ਮੌਕੇ ‘ਤੇ ਕੈਪਟਨ ਨੇ ਮੋਰਚਾ ਸੰਭਾਲਦੇ ਹੋਏ ਸੇਖੜੀ ਨੂੰ ਮਨਾ ਲਿਆ ਸੀ, ਜਿਸ ਤੋਂ ਬਾਅਦ ਸੇਖੜੀ ਇਸ ਲੰਚ ਪਾਰਟੀ ‘ਚ ਵੀ ਨਜ਼ਰ ਆਏ। ਹਾਲਾਂਕਿ ਉਹਨਾਂ ਨੇ ਮੀਡੀਆ ਨਾਲ ਕੋਈ ਗੱਲ ਨਹੀਂ ਕੀਤੀ।

ਮੀਟਿੰਗ ‘ਚੋਂ ਨਰਾਜ਼ ਮੰਤਰੀ ਤੇ ਜਾਖੜ ਗੈਰ-ਹਾਜ਼ਰ

ਬੇਸ਼ੱਕ ਇਸ ਮੀਟਿੰਗ ‘ਚ ਕਾਂਗਰਸ ਦੇ ਸ਼ਹਿਰੀ ਆਗੂਆਂ ਨੂੰ ਸੱਦਿਆ ਗਿਆ ਸੀ, ਪਰ ਪਾਰਟੀ ਪ੍ਰਧਾਨ ਸੁਨੀਲ ਜਾਖੜ ਦਾ ਮੀਟਿੰਗ ‘ਚ ਨਾ ਪਹੁੰਚਣਾ ਸਾਫ ਕਰਦਾ ਹੈ ਕਿ ਪਾਰਟੀ ‘ਚ ਸਭ ਕੁਝ ਠੀਕ ਨਹੀਂ ਹੈ। ਦਰਅਸਲ, ਪਿਛਲੇ ਦਿਨੀਂ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇਣ ਨੂੰ ਲੈ ਕੇ ਸੁਨੀਲ ਜਾਖੜ ਨੇ ਖੁੱਲ੍ਹੇ ਤੌਰ ‘ਤੇ ਸੀਐੱਮ ‘ਤੇ ਸਵਾਲ ਚੁੱਕੇ ਸਨ ਅਤੇ ਸੀਐੱਮ ਦੇ ਸਲਾਹਕਾਰਾਂ ‘ਤੇ ਉਹਨਾਂ ਤੋਂ ਗਲਤ ਫ਼ੈਸਲੇ ਕਰਵਾਉਣ ਦਾ ਇਲਜ਼ਾਮ ਲਗਾ ਦਿੱਤਾ ਸੀ। ਮੀਟਿੰਗ ‘ਚ ਉਹ ਨਰਾਜ਼ ਮੰਤਰੀ ਨੀ ਨਹੀਂ ਨਜ਼ਰ ਆਏ, ਜਿਹਨਾਂ ਨੇ ਕੈਪਟਨ ਖਿਲਾਫ਼ ਪਿਛਲੇ 2 ਮਹੀਨਿਆਂ ਤੋਂ ਮੋਰਚਾ ਖੋਲ੍ਹਿਆ ਹੋਇਆ ਹੈ।

ਹਿੰਦੂ ਚਿਹਰਿਆਂ ਨੂੰ ਜ਼ਿੰਮੇਵਾਰੀ ਦੇਣ ਦੀ ਤਿਆਰੀ

ਮੰਨਿਆ ਜਾ ਰਿਹਾ ਹੈ ਕਿ ਹਿੰਦੂ ਆਗੂਆਂ ਨੂੰ ਅੱਗੇ ਕਰਕੇ ਕੈਪਟਨ, ਉਹਨਾਂ ਤੋਂ ਨਰਾਜ਼ ਚੱਲ ਰਹੇ ਆਗੂਆਂ ਦੀ ਕਾਟ ਤਿਆਰ ਕਰਨਾ ਚਾਹੁੰਦੇ ਹਨ। ਕੈਪਟਨ ਚਾਹੁੰਦੇ ਹਨ ਕਿ ਜੇਕਰ ਸੁਨੀਲ ਜਾਖੜ ਪ੍ਰਧਾਨਗੀ ਤੋਂ ਹਟਾਏ ਜਾਂਦੇ ਹਨ, ਤਾਂ ਉਹਨਾਂ ਦੀ ਥਾਂ ਕੈਪਟਨ ਦੇ ਹੀ ਖੇਮੇ ਤੋਂ ਕਿਸੇ ਨੂੰ ਜ਼ਿੰਮੇਵਾਰੀ ਸੌਂਪੀ ਜਾਵੇ, ਜੋ ਹਿੰਦੂਆਂ ਦਾ ਮੋਹਰੀ ਆਗੂ ਹੋਵੇ। ਇਸਦੇ ਲਈ ਮਨੀਸ਼ ਤਿਵਾੜੀ ਅਤੇ ਵਿਜੇ ਇੰਦਰ ਸਿੰਗਲਾ ਦਾ ਨਾਂਅ ਸਭ ਤੋਂ ਅੱਗੇ ਮੰਨਿਆ ਜਾ ਰਿਹਾ ਹੈ। ਹਾਲਾਂਕਿ ਹਾਈਕਮਾਂਡ ਇਸ ‘ਤੇ ਰਾਜ਼ੀ ਹੋਵੇਗਾ ਜਾਂ ਨਹੀਂ, ਇਹ ਕਿਹਾ ਨਹੀਂ ਜਾ ਸਕਦਾ।

ਸ਼ਕਤੀ ਪ੍ਰਦਰਸ਼ਨ ਨਹੀਂ, ਚੋਣ ਰਣਨੀਤੀ ਲਈ ਮੀਟਿੰਗ- ਔਜਲਾ

ਕੈਪਟਨ ਦੇ ਨਾਲ ਲੰਚ ਕਰਕੇ ਵਾਪਸ ਜਾਣ ਲੱਗਿਆਂ ਜਦੋਂ ਸਾਂਸਦ ਗੁਰਜੀਤ ਔਜਲਾ ਤੋਂ ਮੀਟਿੰਗ ਬਾਰੇ ਸਵਾਲ ਕੀਤਾ ਗਿਆ, ਤਾਂ ਉਹਨਾਂ ਕਿਹਾ ਕਿ ਇਹ ਮੀਟਿੰਗ ਕਿਸੇ ਤਰ੍ਹਾਂ ਦਾ ਸ਼ਕਤੀ ਪ੍ਰਦਰਸ਼ਨ ਨਹੀਂ, ਬਲਕਿ ਚੋਣਾਂ ਲਈ ਰਣਨੀਤੀ ਉਲੀਕਣ ਦੇ ਚਲਦੇ ਪਾਰਟੀ ਆਗੂਆਂ ਨਾਲ ਵਿਚਾਰ-ਚਰਚਾ ਲਈ ਸੱਦੀ ਗਈ ਸੀ। ਔਜਲਾ ਨੇ ਕਿਹਾ, “ਕੈਪਟਨ ਅਤੇ ਸਿੱਧੂ ਜੀ ਸਾਡੇ ਵੱਡੇ ਆਗੂ ਹਨ।  ਕੈਪਟਨ ਸਾਬ੍ਹ ਸਾਨੂੰ ਲੀਡ ਰਹੇ ਹਨ ਅਤੇ ਇਸਦੇ ਲਈ ਸਮਰੱਥ ਹਨ। ”

ਜਲਦ ਹਾਈਕਮਾਂਡ ਨਾਲ ਹੋਵੇਗੀ ਕੈਪਟਨ ਦੀ ਮੁਲਾਕਾਤ?

ਮੰਨਿਆ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਰਾਜ਼ੀ ਕਰਨ ਤੋਂ ਬਾਅਦ ਹੁਣ ਹਾਈਕਮਾਂਡ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਜਲਦ ਦਿੱਲੀ ਸੱਦਿਆ ਸਕਦਾ ਹੈ।ਚਰਚਾ ਹੈ ਕਿ ਕੈਪਟਨ ਨਾਲ ਸੁਲ੍ਹਾ ਦੇ ਫਾਈਨਲ ਫਾਰਮੂਲੇ ‘ਤੇ ਮੁਹਰ ਲਗਾਉਣ ਤੋਂ ਬਾਅਦ ਕੈਬਨਿਟ ਅਤੇ ਪਾਰਟੀ ਦੇ ਜਥੇਬੰਧਕ ਢਾਂਚੇ ‘ਚ ਬਦਲਾਅ ਕੀਤਾ ਜਾਵੇਗਾ।

RELATED ARTICLES

LEAVE A REPLY

Please enter your comment!
Please enter your name here

Most Popular

Recent Comments