Home Corona ਆਕਸੀਜ਼ਨ ਦੀ ਕਾਲਾਬਜ਼ਾਰੀ ਜਾਂ ਜਮ੍ਹਾਂਖੋਰੀ ਵਾਲੇ ਹੋ ਜਾਓ ਸਾਵਧਾਨ !

ਆਕਸੀਜ਼ਨ ਦੀ ਕਾਲਾਬਜ਼ਾਰੀ ਜਾਂ ਜਮ੍ਹਾਂਖੋਰੀ ਵਾਲੇ ਹੋ ਜਾਓ ਸਾਵਧਾਨ !

ਚੰਡੀਗੜ੍ਹ। ਸੂਬੇ ਵਿੱਚ ਆਕਸੀਜਨ ਦੀ ਨਿਰੰਤਰ ਕਮੀ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੋ-ਟੁੱਕ ਕਿਹਾ ਹੈ ਕਿ ਆਕਸੀਜਨ ਸਿਲੰਡਰਾਂ ਦੀ ਕਾਲਾਬਜ਼ਾਰੀ, ਜਮ੍ਹਾਂਖੋਰੀ ਜਾਂ ਨਿੱਜੀ ਮੁਨਾਫ਼ਾ ਕਮਾਉਣ ਜਾਂ ਸੂਬੇ ਤੋਂ ਬਾਹਰ ਇਸ ਦੀ ਤਸਕਰੀ ਕਰਨ ਵਾਲਿਆਂ ਦੀ ਖੈਰ ਨਹੀਂ। ਮੁੱਖ ਮੰਤਰੀ ਨੇ ਅਜਿਹੇ ਅਨਸਰਾਂ ਖਿਲਾਫ਼ ਸਖਤ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ, ਖ਼ਾਸਕਰ ਜਦੋਂ ਪੰਜਾਬ ਵਿੱਚ ਆਕਸੀਜਨ ਦੀ ਵੰਡ ਖੁਦ ਪੂਰੀ ਨਹੀਂ ਪੈ ਰਹੀ ਹੈ।

‘ਆਕਸੀਜ਼ਨ ਦੀ ਘਾਟ ਕਾਰਨ ਦੁਰਘਟਨਾ ਵਾਪਰੀ, ਤਾਂ ਸਜ਼ਾ ਨਹੀਂ’

ਸੰਕਟ ਦੀ ਇਸ ਘੜੀ ਵਿੱਚ ਸਹਿਯੋਗ ਕਰ ਰਹੇ ਸਾਰੇ ਪ੍ਰਾਈਵੇਟ ਹਸਪਤਾਲਾਂ ਨੂੰ ਬੈੱਡਾਂ ਦੀ ਗਿਣਤੀ ਵਧਾਉਣ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰੀ ਏਜੰਸੀਆਂ ਵੱਲੋਂ ਇਨ੍ਹਾਂ ਹਸਪਤਾਲਾਂ ਨੂੰ ਲੋੜੀਂਦੀ ਆਕਸੀਜਨ ਸਪਲਾਈ ਕੀਤੀ ਜਾਵੇਗੀ ਅਤੇ ਆਕਸੀਜਨ ਦੀ ਘਾਟ ਕਰਕੇ ਕੋਈ ਵੀ ਦੁਰਘਟਨਾ ਵਾਪਰਨ ‘ਤੇ ਉਨ੍ਹਾਂ ਖਿਲਾਫ਼ ਦੰਡਾਤਮਕ ਕਾਰਵਾਈ ਨਹੀਂ ਕੀਤੀ ਜਾਵੇਗੀ। ਮੁੱਖ ਮੰਤਰੀ ਲੁਧਿਆਣਾ, ਮੋਹਾਲੀ, ਜਲੰਧਰ, ਬਠਿੰਡਾ, ਪਟਿਆਲਾ ਅਤੇ ਅੰਮ੍ਰਿਤਸਰ ਦੀ ਵਰਚੁਅਲ ਕੋਵਿਡ ਐਮਰਜੈਂਸੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ।

‘ਬਾਹਰੋਂ ਆਉਣ ਵਾਲੇ ਮਰੀਜ਼ਾਂ ਲਈ ਬੂਹੇ ਬੰਦ ਨਹੀਂ ਕਰਾਂਗੇ’

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਬਾਹਰੋਂ ਆਉਣ ਵਾਲੇ ਮਰੀਜ਼ਾਂ ਕਰਕੇ ਪੰਜਾਬ ਦੇ ਲੋਕਾਂ ਨੂੰ ਹਸਪਤਾਲਾਂ ਵਿੱਚ ਜਗ੍ਹਾਂ ਨਾ ਮਿਲਣ ‘ਤੇ ਚਿੰਤਾ ਜ਼ਾਹਰ ਕੀਤੇ ਜਾਣ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਆਕਸੀਜਨ ਦੀ ਕਮੀ ਦੇ ਬਾਵਜੂਦ ਹਰਿਆਣੇ ਅਤੇ ਦਿੱਲੀ ਵਰਗੇ ਹੋਰ ਰਾਜਾਂ ਤੋਂ ਪੰਜਾਬ ਵਿੱਚ ਇਲਾਜ ਵਾਸਤੇ ਆਉਣ ਵਾਲੇ ਕਿਸੇ ਵੀ ਮਰੀਜ਼ ਦੀ ਦੇਖਭਾਲ ਤੋਂ ਇਨਕਾਰ ਕਰਨ ਦੇ ਹੱਕ ਵਿੱਚ ਨਹੀਂ ਹਨ। ਉਨ੍ਹਾਂ ਕਿਹਾ, ”ਸਾਨੂੰ ਕਿਸੇ ਵੀ ਮਰੀਜ਼ ਨੂੰ ਇਲਾਜ ਵਾਸਤੇ ਨਾਂਹ ਨਹੀਂ ਕਰਨੀ ਚਾਹੀਦੀ।” ਉਨ੍ਹਾਂ ਅੱਗੇ ਕਿਹਾ ”ਅਸੀਂ ਕਦੇ ਵੀ ਕਿਸੇ ਮਰੀਜ਼ ਲਈ ਆਪਣੇ ਬੂਹੇ ਬੰਦ ਨਹੀਂ ਕਰਾਂਗੇ।” ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਉਹ (ਦੂਜੇ ਰਾਜਾਂ ਤੋਂ ਆਉਣ ਵਾਲੇ ਮਰੀਜ਼) ਸਾਡੇ ਲੋਕ ਹਨ ਕਿਉਂਕਿ ਸਾਡਾ ਇੱਕੋ ਮੁਲਕ ਹੈ ਅਤੇ ਪੰਜਾਬ ਵਿੱਚ ਇਲਾਜ ਲਈ ਆਉਣ ਵਾਸਤੇ ਉਨ੍ਹਾਂ ਦਾ ਸਵਾਗਤ ਹੈ ਅਤੇ ਅਸੀਂ ਉਨ੍ਹਾਂ ਨੂੰ ਆਪਣੇ ਲੋਕ ਸਮਝ ਕੇ ਦੇਖ-ਭਾਲ ਕਰਾਂਗੇ। ਅਨੁਮਾਨਾਂ ਮੁਤਾਬਕ ਇਸ ਸਮੇਂ ਪੰਜਾਬ ਵਿੱਚ ਇੱਕ ਚੌਥਾਈ ਬਿਸਤਰਿਆਂ ‘ਤੇ ਸੂਬੇ ਤੋਂ ਬਾਹਰਲੇ ਮਰੀਜ਼ਾਂ ਨੂੰ ਰੱਖਿਆ ਗਿਆ ਹੈ।

ਆਕਸੀਜਨ ਸਿਲੰਡਰ ਦੀ ਘਾਟ ਸਬੰਧੀ ਮੁੱਖ ਮੰਤਰੀ ਨੇ ਕਿਹਾ ਕਿ ਸਿਹਤ ਵਿਭਾਗ ਨੇ ਖਰੀਦ ਸ਼ੁਰੂ ਕਰ ਦਿੱਤੀ ਹੈ। ਮਈ ਵਿਚ ਸਿਰਫ 1000 ਸਿਲੰਡਰ ਸਪਲਾਈ ਹੋਣ ਦੀ ਸੰਭਾਵਨਾ ਹੈ, ਇਸ ਲਈ ਕੁਝ ਅੰਤਰਿਮ ਉਪਾਅ ਕਰਨੇ ਜ਼ਰੂਰੀ ਹਨ। ਉਨ੍ਹਾਂ ਜ਼ਿਲ੍ਹਾ ਅਧਿਕਾਰੀਆਂ ਨੂੰ ਕਿਹਾ ਕਿ ਉਹ ਜਿਸ ਉਦਯੋਗ ਕੋਲ ਸਿਲੰਡਰ ਉਪਲਬਧ ਹੋਣ, ਉਸ ਕੋਲੋਂ ਉਧਾਰ ਲੈਣ ਸਬੰਧੀ ਪ੍ਰਣਾਲੀ ‘ਤੇ ਜੰਗੀ ਪੱਧਰ ‘ਤੇ ਕੰਮ ਕਰਨ।

RELATED ARTICLES

LEAVE A REPLY

Please enter your comment!
Please enter your name here

Most Popular

Recent Comments