ਪੰਜਾਬ ਵਿੱਚ 2015 ਵਿੱਚ ਹੋਏ ਬੇਅਦਬੀ ਕੇਸਾਂ ਦੀ ਜਾਂਚ ਆਖਰਕਾਰ ਹੁਣ ਪੰਜਾਬ ਪੁਲਿਸ ਦੇ ਹੱਥ ਆ ਗਈ ਹੈ। ਲੰਮੀ ਜੱਦੋ-ਜਹਿਦ ਤੋੰ ਬਾਅਦ CBI ਨੇ ਪੰਜਾਬ ਪੁਲਿਸ ਨੂੰ ਮਾਮਲੇ ਦੀਆਂ ਸਾਰੀਆਂ ਫਾਈਲਾਂ ਸੌੰਪ ਦਿਁਤੀਆੰ ਹਨ। ਦਰਅਸਲ, 2018 ਵਿੱਚ ਕੈਪਟਨ ਸਰਕਾਰ ਨੇ CBI ਤੋੰ ਜਾਂਚ ਵਾਪਸ ਲੈਣ ਦਾ ਫੈਸਲਾ ਕੀਤਾ ਸੀ, ਪਰ ਕਲੋਜ਼ਰ ਰਿਪੋਰਟ ਦਾਖਲ ਕਰਨ ਦੇ ਬਾਵਜੂਦ CBI ਮਾਮਲਾ ਪੁਲਿਸ ਨੂੰ ਸੌੰਪਣ ਨੂੰ ਤਿਆਰ ਨਹੀੰ ਸੀ। ਮਾਮਲਾ 2 ਸਾਲ ਤੱਕ ਅਦਾਲਤਾਂ ਵਿੱਚ ਉਲਝਿਆ ਰਿਹਾ। ਪਰ ਸੁਪਰੀਮ ਕੋਰਟ ਤੋੰ ਵੀ ਰਾਹਤ ਨਾ ਮਿਲਣ ਦੇ ਬਾਅਦ CBI ਨੇ ਫਾਈਲਾੰ ਹੁਣ ਪੰਜਾਬ ਪੁਲਿਸ ਨੂੰ ਸੌੰਪ ਦਿੱਤੀਆਂ ਹਨ।
ਕਿਸੇ ਨੂਂ ਬਖਸ਼ਾਂਗੇ ਨਹੀਂ: ਕੈਪਟਨ
ਪੰਜਾਬ ਪੁਲਿਸ ਨੂੰ ਫਾਈਲਾਂ ਮਿਲਣ ਤੋੰ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਸਰਕਾਰ ਦੀ ਜਿੱਤ ਦੱਸਿਆ ਹੈ। ਇਸਦੇ ਨਾਲ ਹੀ ਕੈਪਟਨ ਨੇ ਅਕਾਲੀ ਦਲ ‘ਤੇ ਵੀ ਹਮਲਾ ਬੋਲਿਆ ਅਤੇ ਕਿਹਾ ਕਿ ਹੁਣ ਸਾਬਿਤ ਹੋ ਗਿਆ ਹੈ ਕਿ ਅਕਾਲੀ ਦਲ ਦੇ ਦਬਾਅ ਦੇ ਚਲਦੇ CBI ਮਾਮਲੇ ਨੂੰ ਲਟਕਾ ਰਹੀ ਸੀ ਅਤੇ SIT ਦੀ ਜਾਂਚ ਨੂੰ ਵੀ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਹੋ ਰਹੀ ਸੀ। ਇਸੇ ਦਾ ਹੀ ਨਤੀਜਾ ਹੈ ਕਿ ਅਕਾਲੀ ਦਲ ਦੇ ਸਰਕਾਰ ਤੋਂ ਵੱਖ ਹੋਣ ਤੋਂ ਮਹਿਜ਼ ਕੁਝ ਮਹੀਨਿਆਂ ਬਾਅਦ ਹੀ CBI ਨੇ ਫਾਈਲਾਂ ਪੰਜਾਬ ਪੁਲਿਸ ਨੂੰ ਸੌਂਪ ਦਿੱਤੀਆਂ। ਕੈਪਟਨ ਨੇ ਕਿਹਾ ਕਿ ਦੋਸ਼ੀ ਬੇਸ਼ੱਕ ਕਿਸੇ ਪਾਰਟੀ ਨਾਲ ਸਬੰਧਤ ਹੋਵੇ, ਜਾਂ ਫਿਰ ਉਸ ਨੂੰ ਸਿਆਸੀ ਸਰਪ੍ਰਸਤੀ ਹੋਵੇ, ਉਸ ਕਿਸੇ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ।
ਕੀ ਹੈ ਮਾਮਲਾ ?
ਦੱਸ ਦਈਏ ਕਿ 2015 ਵਿੱਚ ਫਰੀਦਕੋਟ ਦੇ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਏ ਸਨ। ਇਸ ਤੋਂ ਬਾਅਦ ਸਰੂਪਾਂ ਦੇ ਫਟੇ ਹੋਏ ਅੰਗ ਬਰਗਾੜੀ ਤੋੰ ਬਰਾਮਦ ਹੋਏ ਸਨ। ਇਸੇ ਦੇ ਵਿਰੋਧ ਵਿੱਚ ਪੰਜਾਬ ਭਰ ਵਿੱਚ ਵੱਡੇ ਪੱਧਰ ‘ਤੇ ਮੁਜ਼ਾਹਰੇ ਹੋਏ। ਬਹਿਬਲ ਕਲਾਂ ਤੇ ਕੋਟਕਪੂਰਾ ਵਿੱਚ ਅਜਿਹੇ ਹੀ ਪ੍ਰਦਰਸ਼ਨਾਂ ਦੌਰਾਨ ਪੁਲਿਸ ਦੀ ਫਾਇਰਿੰਗ ਦੌਰਾਨ 2 ਸਿੱਖ ਪ੍ਰਦਰਸ਼ਨਕਾਰੀਆੰ ਦੀ ਮੌਤ ਹੋ ਗਈ ਸੀ।