Home Defence ਨਹੀਂ ਰਹੇ ਦੇਸ਼ ਦੇ ਪਹਿਲੇ CDS ਬਿਪਿਨ ਰਾਵਤ...ਤਮਿਲਨਾਡੂ 'ਚ ਹੋਏ ਹੈਲੀਕਾਪਟਰ ਕ੍ਰੈਸ਼...

ਨਹੀਂ ਰਹੇ ਦੇਸ਼ ਦੇ ਪਹਿਲੇ CDS ਬਿਪਿਨ ਰਾਵਤ…ਤਮਿਲਨਾਡੂ ‘ਚ ਹੋਏ ਹੈਲੀਕਾਪਟਰ ਕ੍ਰੈਸ਼ ਵਿੱਚ ਗਈ ਜਾਨ

ਬਿਓਰੋ। ਆਖਰਕਾਰ ਉਹ ਬੁਰੀ ਖ਼ਬਰ ਆ ਹੀ ਗਈ, ਜਿਸਦੇ ਨਾ ਆਉਣ ਦੀ ਹਰ ਦੇਸ਼ਵਾਸੀ ਦੁਆ ਕਰ ਰਿਹਾ ਸੀ। ਦੇਸ਼ ਦੇ ਪਹਿਲੇ CDS ਜਨਰਲ ਬਿਪਿਨ ਰਾਵਤ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਬੁੱਧਵਾਰ ਸਵੇਰੇ ਤਮਿਲਨਾਡੂ ਦੇ ਕੁੰਨੂਰ ਵਿੱਚ ਹੋਏ ਹੈਲੀਕਾਪਟਰ ਕ੍ਰੈਸ਼ ਦੌਰਾਨ ਜਾਨ ਗਵਾਉਣ ਵਾਲੇ 13 ਲੋਕਾਂ ਵਿੱਚ ਜਨਰਲ ਰਾਵਤ ਅਤੇ ਉਹਨਾਂ ਦੀ ਪਤਨੀ ਮਧੁਲਿਕਾ ਰਾਵਤ ਦਾ ਵੀ ਨਾਂਅ ਸ਼ਾਮਲ ਹੈ।

ਹਾਦਸਾ ਦੁਪਹਿਰ ਕਰੀਬ 12.20 ਵਜੇ ਦਾ ਹੈ, ਜਦੋਂ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਅਤੇ ਉਹਨਾਂ ਦੀ ਪਤਨੀ ਨੂੰ ਲਿਜਾ ਰਿਹਾ Mi-17V-5 ਹੈਲੀਕਾਪਟਰ ਉਡਾਣ ਭਰਨ ਤੋਂ ਕੁਝ ਹੀ ਦੇਰ ਬਾਅਦ ਕ੍ਰੈਸ਼ ਹੋ ਗਿਆ। ਹਾਦਸੇ ਵੇਲੇ ਹੈਲੀਕਾਪਟਰ ਵਿੱਚ ਕੁੱਲ 14 ਲੋਕ ਸਵਾਰ ਸਨ, ਜਿਹਨਾਂ ‘ਚੋਂ ਇੱਕ ਗੰਭੀਰ ਜ਼ਖਮੀ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਹਾਦਸੇ ਤੋਂ ਬਾਅਦ ਸਾਰੇ ਜ਼ਖਮੀਆਂ ਨੂੰ ਗੰਭੀਰ ਹਾਲਤ ਵਿੱਚ ਵੈਲਿੰਗਟਨ ਦੇ ਮਿਲਟਰੀ ਹਸਪਤਾਲ ਲਿਜਾਇਆ ਗਿਆ, ਜਿਥੋਂ ਕਰੀਬ ਸਾਢੇ 5 ਵਜੇ ਤੱਕ ਖ਼ਬਰ ਆਉਂਦੀ ਰਹੀ ਕਿ ਜਨਰਲ ਰਾਵਤ ਅਤੇ ਉਹਨਾਂ ਦੀ ਪਤਨੀ ਸਣੇ ਕਈ ਜਵਾਨ ਬੁਰੀ ਤਰ੍ਹਾਂ ਜ਼ਖਮੀ ਹਨ। ਫਿਰ ਆਖਰ ਸ਼ਾਮ 6 ਵਜੇ ਉਹਨਾਂ ਦੇ ਦੇਹਾਂਤ ਦੀ ਖ਼ਬਰ ਸਾਹਮਣੇ ਆ ਗਈ।

ਹਾਦਸਾਗ੍ਰਸਤ ਹੈਲੀਕਾਪਟਰ ਦੀਆਂ ਤਸਵੀਰਾਂ ਬੇਹੱਦ ਡਰਾਉਣ ਵਾਲੀਆਂ ਹਨ। ਜਾਣਕਾਰੀ ਮੁਤਾਬਕ, ਹੈਲੀਕਾਪਟਰ ਵਿੱਚ Crew Members ਸਣੇ ਕੁੱਲ 14 ਲੋਕ ਸਵਾਰ ਸਨ। ਹਾਦਸਾ ਦੁਪਹਿਰ ਦੇ ਕਰੀਬ ਸਾਢੇ 12 ਵਜੇ ਦਾ ਦੱਸਿਆ ਜਾ ਰਿਹਾ ਹੈ। ਸਥਾਨਕ ਲੋਕਾਂ ਮੁਤਾਬਕ, ਹੈਲੀਕਾਪਟਰ ਨੂੰ ਹਵਾ ਵਿੱਚ ਹੀ ਅੱਗ ਲੱਗ ਗਈ ਸੀ, ਬਾਅਦ ਵਿੱਚ ਉਹ ਜੰਗਲ ਵਿੱਚ ਡਿੱਗਿਆ।

ਰੱਖਿਆ ਮੰਤਰੀ ਨੇ PM ਨੂੰ ਦਿੱਤੀ ਜਾਣਕਾਰੀ

ਇਸ ਹਾਦਸੇ ਦੀ ਜਾਣਕਾਰੀ ਮਿਲਦੇ ਹੀ ਕੇਂਦਰੀ ਕੈਬਨਿਟ ਦੀ ਐਮਰਜੈਂਸੀ ਮੀਟਿੰਗ ਸੱਦੀ ਗਈ। ਜਾਣਕਾਰੀ ਮੁਤਾਬਕ, ਇਸ ਮੀਟਿੰਗ ਦੌਰਾਨ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਹਾਦਸੇ ਬਾਰੇ ਪੂਰੀ ਜਾਣਕਾਰੀ ਦਿੱਤੀ। ਇਸ ਉਪਰੰਤ ਰਾਜਨਾਥ ਸਿੰਘ ਨੇ ਰੱਖਿਆ ਮੰਤਰਾਲੇ ਪਹੁੰਚ ਕੇ ਅਧਿਕਾਰੀਆਂ ਤੋਂ ਤਾਜ਼ਾ ਹਾਲਾਤ ਦੀ ਜਾਣਕਾਰੀ ਲਈ।

ਰਾਵਤ ਦੇ ਪਰਿਵਾਰ ਨੂੰ ਮਿਲੇ ਰੱਖਿਆ ਮੰਤਰੀ

ਰੱਖਿਆ ਮੰਤਰਾਲੇ ਤੋਂ ਨਿਕਲ ਕੇ ਰਾਜਨਾਥ ਸਿੰਘ ਸਿੱਧੇ CDS ਬਿਪਿਨ ਰਾਵਤ ਦੇ ਘਰ ਪਹੁੰਚੇ। ਉਹਨਾਂ ਨੇ ਕੁਝ ਸਮਾਂ ਰਾਵਤ ਦੇ ਪਰਿਵਾਰ ਨਾਲ ਬਿਤਾਇਆ। ਇਸ ਹਾਦਸੇ ਦੇ ਬਾਅਦ ਰਾਵਤ ਦੇ ਘਰ ਦੇ ਬਾਹਰ ਸੁਰੱਖਿਆ ਵਿਵਸਥਾ ਵੀ ਕਰੜੀ ਕਰ ਦਿੱਤੀ ਗਈ ਹੈ।

ਕੱਲ੍ਹ ਬਿਆਨ ਜਾਰੀ ਕਰੇਗੀ ਸਰਕਾਰ

ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਇਸ ਪੂਰੇ ਹਾਦਸੇ ‘ਤੇ ਕੇਂਦਰ ਸਰਕਾਰ ਵੀਰਵਾਰ ਨੂੰ ਬਿਆਨ ਜਾਰੀ ਕਰੇਗੀ। ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਵੀਰਵਾਰ ਨੂੰ ਸੰਸਦ ਵਿੱਚ ਇਸ ਬਾਰੇ ਜਾਣਕਾਰੀ ਦੇਣਗੇ। ਦੱਸ ਦਈਏ ਕਿ ਇਸ ਵਕਤ ਸੰਸਦ ਦਾ ਸਰਦ ਰੁੱਤ ਇਜਲਾਸ ਚੱਲ ਰਿਹਾ ਹੈ।

ਏਅਰਫੋਰਸ ਨੇ ਦਿੱਤੇ ਜਾਂਚ ਦੇ ਆਦੇਸ਼

ਇਸ ਸਭ ਦੇ ਵਿਚਾਲੇ ਭਾਰਤੀ ਏਅਰਫੋਰਸ ਨੇ ਹਾਦਸੇ ਦੀ ਜਾਂਚ ਦਾ ਆਦੇਸ਼ ਦੇ ਦਿੱਤਾ ਹੈ। ਦਰਅਸਲ, ਫੌਜ ਇਹ ਜਾਣਨਾ ਚਾਹੁੰਦੀ ਹੈ ਕਿ ਹਾਦਸਾ ਕਿਸੇ ਤਕਨੀਕੀ ਖਰਾਬੀ ਦੇ ਚਲਦੇ ਹੋਇਆ ਜਾਂ ਖਰਾਬ ਮੌਸਮ ਇਸ ਹਾਦਸੇ ਦੀ ਵਜ੍ਹਾ ਬਣਿਆ। ਏਅਰਫੋਰਸ ਮੁਖੀ ਖੁਦ ਵੀ ਮੌਕੇ ਦਾ ਜਾਇਜ਼ਾ ਲੈਣ ਲਈ ਸੁਲੂਰ ਪਹੁੰਚ ਰਹੇ ਹਨ।

ਹੈਲੀਕਾਪਟਰ ‘ਚ ਸਵਾਰ ਸਨ 14 ਲੋਕ

ਬਿਪਿਨ ਰਾਵਤ

ਮਧੁਲਿਕਾ ਰਾਵਤ

ਬ੍ਰਿਗੇਡੀਅਰ ਐੱਲ.ਐੱਸ. ਲਿੱਦੜ

ਲੈਫਟੀਨੈਂਟ ਕਰਨਲ ਹਰਜਿੰਦਰ ਸਿੰਘ

ਨਾਇਕ ਗੁਰਸੇਵਕ ਸਿੰਘ

ਨਾਇਕ ਜਿਤੇਂਦਰ ਕੁਮਾਰ

ਲਾਂਸ ਨਾਇਕ ਵਿਵੇਕ ਕੁਮਾਰ

ਲਾਂਸ ਨਾਇਕ ਬੀ. ਸਾਈ ਤੇਜਾ

ਹੌਲਦਾਰ ਸਤਪਾਲ

ਇਹਨਾਂ ਤੋਂ ਇਲਾਵਾ 5 Crew Members ਵੀ ਹੈਲੀਕਾਪਟਰ ਵਿੱਚ ਸਵਾਰ ਸਨ।

ਦੇਸ਼ ਦੇ ਪਹਿਲੇ CDS ਹਨ ਬਿਪਿਨ ਰਾਵਤ

ਜਨਰਲ ਬਿਪਿਨ ਰਾਵਤ ਦੇਸ਼ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ ਹਨ। ਉਹਨਾਂ ਨੇ 1 ਜਨਵਰੀ, 2020 ਨੂੰ ਇਹ ਅਹੁਦਾ ਸੰਭਾਲਿਆ ਸੀ। ਰਾਵਤ 31 ਦਸੰਬਰ, 2016 ਤੋਂ 31 ਦਸੰਬਰ, 2019 ਤੱਕ ਫੌਜ ਮੁਖੀ ਦੇ ਅਹੁਦੇ ‘ਤੇ ਤੈਨਾਤ ਰਹੇ।

2015 ‘ਚ ਵੀ ਕ੍ਰੈਸ਼ ਹੋਇਆ ਸੀ ਰਾਵਤ ਦਾ ਹੈਲੀਕਾਪਟਰ

ਕਾਬਿਲੇਗੌਰ ਹੈ ਕਿ ਜਨਰਲ ਬਿਪਿਨ ਰਾਵਤ ਇੱਕ ਵਾਰ ਪਹਿਲਾਂ ਵੀ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਚੁੱਕੇ ਹਨ। 3 ਫਰਵਰੀ, 2015 ਨੂੰ ਉਹਨਾਂ ਦਾ ‘ਚੀਤਾ’ ਹੈਲੀਕਾਪਟਰ ਨਾਗਾਲੈਂਡ ਦੇ ਦੀਮਾਪੁਰ ਵਿੱਚ ਕ੍ਰੈਸ਼ ਹੋਇਆ ਸੀ। ਉਸ ਵੇਲੇ ਬਿਪਿਨ ਰਾਵਤ ਲੈਫਟੀਨੈਂਟ ਜਨਰਲ ਸਨ।

ਪਿਛਲੇ ਮਹੀਨੇ ਵੀ ਕ੍ਰੈਸ਼ ਹੋਇਆ ਸੀ Mi-17 ਹੈਲੀਕਾਪਟਰ

ਇਹ ਵੀ ਦੱਸਣਯੋਗ ਹੈ ਕਿ ਇਹ ਇੱਕ ਮਹੀਨੇ ਅੰਦਰ ਦੇਸ਼ ਵਿੱਚ ਦੂਜਾ Mi-17 ਹੈਲੀਕਾਪਟਰ ਕ੍ਰੈਸ਼ ਹੈ। ਇਸ ਤੋਂ ਪਹਿਲਾਂ 19 ਨਵੰਬਰ ਨੂੰ ਅਰੁਣਾਚਲ ਪ੍ਰਦੇਸ਼ ਵਿੱਚ ਵੀ Mi-17 ਕ੍ਰੈਸ਼ ਹੋਇਆ ਸੀ। ਉਸ ਦੌਰਾਨ ਹੈਲੀਕਾਪਟਰ ਵਿੱਚ ਸਵਾਰ ਸਾਰੇ 12 ਲੋਕ ਮਾਰੇ ਗਏ ਸਨ।

RELATED ARTICLES

LEAVE A REPLY

Please enter your comment!
Please enter your name here

Most Popular

Recent Comments