ਮੋਗਾ। ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਐਤਵਾਰ ਨੂੰ ਮੋਗਾ ਦੇ ਬਾਘਾਪੁਰਾਣਾ ਪਹੁੰਚੇ ਸਨ। ਉਹਨਾਂ ਇਥੇ ਪਾਰਟੀ ਵੱਲੋਂ ਆਯੋਜਿਤ ਕਿਸਾਨ ਮਹਾੰਸੰਮੇਲਨ ਨੂੰ ਸੰਬੋਧਿਤ ਕੀਤਾ। ਹਾਲਾਂਕਿ ਇਹ ਕਿਸਾਨਾਂ ਦਾ ਸੰਮੇਲਨ ਘੱਟ, ਇੱਕ ਸਿਆਸੀ ਰੈਲੀ ਵੱਧ ਜਾਪ ਰਹੀ ਸੀ, ਜਿਸਦੇ ਜ਼ਰੀਏ ‘ਆਪ’ ਦੀ ਨਜ਼ਰ ਸਿੱਧੇ ਪੰਜਾਬ ਦੇ ਕਿਸਾਨਾਂ ਦੇ ਵੋਟ ਬੈਂਕ ਉੱਪਰ ਸੀ।
ਰੈਲੀ ਨੂੰ ਨਾੰਅ ਕਿਸਾਨ ਮਹਾਂ ਸੰਮੇਲਨ ਦਾ ਦਿੱਤਾ ਗਿਆ ਸੀ, ਤਾਂ ਕਿਸਾਨਾਂ ਦੀ ਗੱਲ ਵੀ ਜ਼ਰੂਰ ਹੋਣੀ ਹੀ ਸੀ। ਇਸੇ ਲਈ ਸਭ ਤੋਂ ਪਹਿਲਾਂ ਕੇਜਰੀਵਾਲ ਨੇ ਉਹਨਾਂ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ, ਜਿਹਨਾਂ ਦੀ ਅੰਦੋਲਨ ਦੌਰਾਨ ਜਾਨ ਜਾ ਚੁੱਕੀ ਹੈ। ਕੇਜਰੀਵਾਲ ਨੇ ਕਿਹਾ, “ਦੇਸ਼ ‘ਚ ਜਦੋਂ-ਜਦੋਂ ਕੁਝ ਵੀ ਗਲਤ ਹੋਇਆ, ਤਾਂ ਉਸਦੀ ਅਵਾਜ਼ ਸਭ ਤੋਂ ਪਹਿਲਾਂ ਪੰਜਾਬ ਤੋਂ ਹੀ ਉਠੀ। ਦਿੱਲੀ ‘ਚ ਜਾਰੀ ਅੰਦੋਲਨ ਦੀ ਸ਼ੁਰੂਆਤ ਵੀ ਪੰਜਾਬ ਦੇ ਕਿਸਾਨਾਂ ਨੇ ਹੀ ਕੀਤੀ, ਇਸ ਲਈ ਮੈਂ ਅੱਜ ਉਹਨਾਂ ਕਿਸਾਨਾਂ ਨੂੰ ਸਲਾਮ ਕਰਨ ਆਇਆ ਹਾਂ।”
ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਇਸ ਅੰਦੋਲਨ ਨੂੰ ਘਰ-ਘਰ ਤੱਕ ਪਹੁੰਚਾਇਆ ਅਤੇ ਹੁਣ ਇਹ ਅੰਦੋਲਨ ਹਰ ਆਦਮੀ, ਹਰ ਔਰਤ, ਹਰ ਬੱਚੇ ਦਾ ਅੰਦੋਲਨ ਬਣ ਚੁੱਕਿਆ ਹੈ। ਉਹਨਾਂ ਦਾਅਵਾ ਕੀਤਾ ਕਿ ਦਿੱਲੀ ਸਰਕਾਰ ਸਣੇ ‘ਆਪ’ ਦੀ ਸਮੁੱਚੀ ਲੀਡਰਸ਼ਿਪ ਨੇ ਇੱਕ ਵਰਕਰ ਦੀ ਤਰ੍ਹਾਂ ਦਿੱਲੀ ‘ਚ ਜਾਰੀ ਅੰਦੋਲਨ ‘ਚ ਕਿਸਾਨਾਂ ਦੀ ਸੇਵਾ ਕੀਤੀ ਹੈ ਅਤੇ ਹਰ ਜ਼ਰੂਰਤ ਪੂਰੀ ਕੀਤੀ ਹੈ।
ਕਿਸਾਨ ਅੰਦੋਲਨ ਦਾ ਜ਼ਿਕਰ ਕਰਦਿਆਂ ਕੇਜਰੀਵਾਲ ਨੇ ਕੇਂਦਰ ਦੀ ਮੋਦੀ ਸਰਕਾਰ ‘ਤੇ ਇੱਕ ਗੰਭੀਰ ਇਲਜ਼ਾਮ ਵੀ ਲਗਾਇਆ। ਕੇਜਰੀਵਾਲ ਨੇ ਕਿਹਾ ਕਿ ਮੋਦੀ ਸਰਕਾਰ ਦਿੱਲੀ ਸਰਕਾਰ ਤੋਂ ਪਾਵਰਾਂ ਖੋਹ ਕੇ LG ਨੂੰ ਦੇਣਾ ਚਾਹੁੰਦੀ ਹੈ, ਜੋ ਕਿ ਬਦਲੇ ਦੀ ਭਾਵਨਾ ਨਾਲ ਕੀਤਾ ਜਾ ਰਿਹਾ ਹੈ। ਉਹਨਾਂ ਦਾਅਵਾ ਕੀਤਾ ਕਿ ਜਦੋਂ ਕਿਸਾਨ ਵਾਰ-ਵਾਰ ਰੋਕਣ ਦੇ ਬਾਵਜੂਦ ਦਿੱਲੀ ਕੂਚ ਕਰਨ ‘ਚ ਸਫਲ ਹੋ ਗਏ, ਤਾਂ ਮੋਦੀ ਸਰਕਾਰ ਸਟੇਡੀਅਮਾਂ ਨੂੰ ਅਸਥਾਈ ਜੇਲ੍ਹਾਂ ਬਣਾ ਕਿਸਾਨਾਂ ਨੂੰ ਬੰਦ ਕਰਨਾ ਚਾਹੁੰਦੀ ਸੀ। ਪਰ ਕਿਉਂਕਿ ਸਟੇਡੀਅਮ ਨੂੰ ਜੇਲ੍ਹ ਬਣਾਉਣ ਦੀ ਪਾਵਰ ਦਿੱਲੀ ਸਰਕਾਰ ਕੋਲ ਹੈ, ਇਸ ਲਈ ਅਜਿਹਾ ਮੁਮਕਿਨ ਨਾ ਹੋ ਸਕਿਆ ਅਤੇ ਦਿੱਲੀ ਪੁਲਿਸ ਦੀ ਅਰਜ਼ੀ ਖਾਰਜ ਕਰ ਦਿੱਤੀ ਗਈ। ਇਹੀ ਕਾਰਨ ਹੈ ਕਿ ਅੱਜ ਦਿੱਲੀ ਸਰਕਾਰ ਤੋਂ ਪਾਵਰ ਖੋਹਣ ਦੀ ਸਾਜ਼ਿਸ਼ ਹੋ ਰਹੀ ਹੈ। ਕੇਜਰੀਵਾਲ ਨੇ ਕਿਹਾ, “ਜਦੋਂ ਤੱਕ ਮੈਂ ਦਿੱਲੀ ‘ਚ ਬੈਠਿਆ ਹਾਂ, ਚਿੰਤਾ ਨਾ ਕਰਿਓ।”
ਕੇਜਰੀਵਾਲ ਨੇ ਕਿਹਾ ਕਿ ਪਿਛਲੇ 70 ਸਾਲਾਂ ਤੋਂ ਜੋ ਵੀ ਸਰਕਾਰ ਸੱਤਾ ‘ਚ ਆਈ, ਉਸ ਵੱਲੋਂ ਹਮੇਸ਼ਾ ਕਿਸਾਨਾਂ ਨਾਲ ਜ਼ਿਆਦਤੀ ਹੀ ਕੀਤੀ ਗਈ ਹੈ। ਕਿਸਾਨਾਂ ਨਾਲ ਹਮੇਸ਼ਾ ਧੋਖਾ ਹੋਇਆ ਹੈ। ਪਰ ਜੇਕਰ ਅਗਲੇ ਸਾਲ ‘ਆਪ’ ਦੀ ਸਰਕਾਰ ਨੂੰ ਜਨਤਾ ਮੌਕਾ ਦੇਵੇਗੀ, ਤਾਂ ਕਿਸਾਨਾਂ ਨਾਲ ਅਜਿਹਾ ਵਤੀਰਾ ਨਹੀਂ ਹੋਣ ਦਿੱਤਾ ਜਾਵੇਗਾ।