ਮੋਗਾ। ਪੰਜਾਬ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਬਿਗੁਲ ਵਜਾ ਦਿੱਤਾ ਹੈ। ਪਾਰਟੀ ਵੱਲੋਂ ਐਤਵਾਰ ਨੂੰ ਮੋਗਾ ਦੇ ਬਾਘਾਪੁਰਾਣਾ ਵਿਖੇ ਕਿਸਾਨ ਸੰਮੇਲਨ ਦੇ ਨਾੰਅ ਨਾਲ ਇੱਕ ਵੱਡੀ ਸਿਆਸੀ ਰੈਲੀ ਕੀਤੀ ਗਈ, ਜਿਸ ‘ਚ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਮੁੱਖ ਤੌਰ ‘ਤੇ ਪਹੁੰਚੇ ਅਤੇ ਪੰਜਾਬ ‘ਚ ਅਗਲੇ ਸਾਲ ‘ਆਪ’ ਦੀ ਸਰਕਾਰ ਬਣਨ ਦਾ ਦਾਅਵਾ ਪੇਸ਼ ਕੀਤਾ।
ਕੇਜਰੀਵਾਲ ਨੇ ਮੰਚ ਤੋਂ ਸੂਬੇ ਦੀ ਕੈਪਟਨ ਸਰਕਾਰ ‘ਤੋ ਚੋਣ ਵਾਅਦੇ ਪੂਰੇ ਕਰਨ ਦਾ ਇਲਜ਼ਾਮ ਲਗਾਇਆ। ਰੈਲੀ ‘ਚ ਪਹੁੰਚੇ ਲੋਕਾਂ ਤੋਂ ਕੇਜਰੀਵਾਲ ਨੇ ਸਵਾਲ ਪੁੱਛਦਿਆਂ ਕੈਪਟਨ ਸਰਕਾਰ ਨੂੰ ਘੇਰਿਆ। ਕੇਜਰੀਵਾਲ ਨੇ ਪੁੱਛਿਆ, “ਕੀ ਕਿਸੇ ਨੂੰ ਸਮਾਰਟਫੋਨ ਮਿਲਿਆ? ਕੀ ਕਿਸਾਨਾਂ ਦਾ ਕਰਜ਼ਾ ਮੁਆਫ਼ ਹੋਇਆ? ਕੀ ਬੁਢਾਪਾ ਪੈਨਸ਼ਨ ਢਾਈ ਹਜ਼ਾਰ ਕੀਤੀ ਗਈ? ਕੀ ਹਰ ਘਰ ‘ਚ ਨੌਕਰੀ ਮਿਲੀ?”
ਇਸ ਦੌਰਾਨ ਕੇਜਰੀਵਾਲ ਨੇ ਪਿਛਲੀਆਂ ਚੋਣਾ ‘ਚ ਪੰਜਾਬ ਕਾਂਗਰਸ ਵੱਲੋਂ ਵੰਡਿਆ ਗਿਆ ਉਹ ਬੇਰੋਜ਼ਗਾਰੀ ਭੱਤਾ ਕਾਰਡ ਵੀ ਵਿਖਾਇਆ, ਜਿਸ ਨੂੰ ਭਰਨ ਵਾਲੇ ਨੌਜਵਾਨਾਂ ਨੂੰ ਨੌਕਰੀ ਜਾਂ ਫਿਰ ਬੇਰੋਜ਼ਗਾਰੀ ਭੱਤੇ ਦਾ ਵਾਅਦਾ ਕੀਤਾ ਗਿਆ ਸੀ। ਕੇਜਰੀਵਾਲ ਨੇ ਕਿਹਾ ਕਿ ਇਹ ਕਾਰਡ ਜਿਹਨਾਂ ਕੌਲ ਵੀ ਹਨ, ਉਹ ਸੰਭਾਲ ਕੇ ਰੱਖਣ, ਤਾਂ ਜੋ ਕੈਪਟਨ ਸਰਕਾਰ ਵੱਲੋਂ ਕੀਤਾ ਗਿਆ ਧੋਖਾ ਤੁਸੀਂ ਵਾਰ-ਵਾਰ ਯਾਦ ਕਰ ਸਕੋ। ਨਾਲ ਹੀ ਇਹ ਵੀ ਐਲਾਨ ਕੀਤਾ ਕਿ ਜੋ ਕੈਪਟਨ ਨੇ ਨਹੀਂ ਕੀਤਾ, ਉਹ ਮੈਂ ਕਰਾਂਗਾ। ਯਾਨੀ ਜਿਸ-ਜਿਸ ਸ਼ਖਸ ਕੋਲ ਇਹ ਕਾਰਡ ਹਨ, ‘ਆਪ’ ਦੀ ਸਰਕਾਰ ਆਉਣ ‘ਤੇ ਉਹਨਾਂ ਨੂੰ ਨੌਕਰੀ ਮਿਲੇਗੀ। ਤੇ ਜਦੋਂ ਤੱਕ ਨੌਕਰੀ ਨਹੀਂ ਮਿਲਦੀ, ਉਦੋਂ ਤੱਕ ਬੇਰੋਜ਼ਗਾਰੀ ਭੱਤਾ ਜ਼ਰੂਰ ਦਿੱਤਾ ਜਾਵੇਗਾ।
ਕੈਪਟਨ ਸਰਕਾਰ ‘ਤੇ ਤਿੱਖਾ ਹਮਲਾ ਬੋਲਦਿਆਂ ਕੇਜਰੀਵਾਲ ਨੇ ਕਿਹਾ ਕਿ ਅਗਲੇ ਸਾਲ ਕੈਪਟਨ ਸਰਕਾਰ ਤੋਂ ਉਸ ਧੋਖੇ ਦਾ ਬਦਲਾ ਲੈਣਾ ਹੈ, ਜੋ 4 ਸਾਲਾਂ ਤੋਂ ਦਿੱਤਾ ਜਾ ਰਿਹਾ ਹੈ। ਨਾਲ ਹੀ ਉਹ ਆਪਣੇ ਦਿੱਲੀ ਮਾਡਲ ਦਾ ਜ਼ਿਕਰ ਕਰਨਾ ਵੀ ਨਹੀਂ ਭੁੱਲੇ। ਅਤੇ ਦਿੱਲੀ ਦੀ ਤਰਜ ‘ਤੇ ਪੰਜਾਬ ‘ਚ ਵਿਕਾਸ ਦਾ ਦਾਅਵਾ ਕੀਤਾ। ਕੇਜਰੀਵਾਲ ਨੇ ਕਿਹਾ, “ਜੇਕਰ ਦਿੱਲੀ ‘ਚ 73 ਫ਼ੀਸਦ ਲੋਕਾਂ ਦਾ ਬਿਜਲੀ ਬਿੱਲ ਸਿਫਰ ਆ ਸਕਦਾ ਹੈ, ਤਾਂ ਪੰਜਾਬ ‘ਚ ਕਿਉਂ ਨਹੀਂ। ਜੇਕਰ ਦਿੱਲੀ ਦੇ ਸਕੂਲ ਸ਼ਾਨਦਾਰ ਹੋ ਸਕਦੇ ਹਨ, ਤਾਂ ਪੰਜਾਬ ‘ਚ ਕਿਉਂ ਨਹੀੰ। ਜੇਕਰ ਦਿੱਲੀ ਦੇ ਹਸਪਤਾਲਾਂ ‘ਚ ਵੱਡੇ ਤੋਂ ਵੱਡਾ ਇਲਾਜ ਮੁਫ਼ਤ ਹੋ ਸਕਦਾ ਹੈ, ਤਾਂ ਪੰਜਾਬ ‘ਚ ਕਿਉਂ ਨਹੀਂ।”
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਅਜਿਹਾ ਨਵਾਂ ਤੇ ਖੁਸ਼ਹਾਲ ਪੰਜਾਬ ਬਣਾਉਣਾ ਚਾਹੁੰਦੇ ਹਨ, ਜਿਸਦਾ ਹਰ ਵਰਗ ਖੁਸ਼ ਹੋਵੇ। ਹਰ ਆਦਮੀ, ਔਰਤ, ਬੱਚਾ, ਵਪਾਰੀ ਤੇ ਆੜ੍ਹਤੀ ਹਮੇਸ਼ਾ ਖੁਸ਼ ਨਜ਼ਰ ਆਵੇ।