September 23, 2022
(Chandigarh)
ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵਿਚਕਾਰ ਤਕਰਾਰ ਲਗਾਤਾਰ ਵਧਦੀ ਜਾ ਰਹੀ ਹੈ। ਹੁਣ ਵਿਦੇਸ਼ ਮੰਤਰਾਲੇ ਨੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਵਿਦੇਸ਼ ਦੌਰੇ ‘ਤੇ ਰੋਕ ਲਗਾ ਦਿੱਤੀ ਹੈ। ਕੇਂਦਰ ਸਰਕਾਰ ਵੱਲੋਂ ਅਮਨ ਅਰੋੜਾ ਨੂੰ ਯੂਰਪ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਉਹਨਾਂ ਨੇ ਬੈਲਜੀਅਮ, ਜਰਮਨੀ ਅਤੇ ਨੀਦਰਲੈਂਡ ਜਾ ਕੇ ਹਾਈਡ੍ਰੋਜਨ ਦੇ ਖੇਤਰ ‘ਚ ਨਵੀਨਤਮ ਵਿਕਾਸ ਬਾਰੇ ਜਾਣਕਾਰੀ ਹਾਸਲ ਕਰਨੀ ਸੀ॥
ਕੇਂਦਰ ਸਰਕਾਰ ‘ਤੇ ਭੜਕੇ ਅਮਨ ਅਰੋੜਾ
ਵਿਦੇਸ਼ ਦੌਰੇ ਦੀ ਇਜਾਜ਼ਤ ਨਾ ਮਿਲਣ ‘ਤੇ ਅਮਨ ਅਰੋੜਾ ਨੇ ਕੇਂਦਰ ਸਰਕਾਰ ‘ਤੇ ਹਮਲਾ ਬੋਲਿਆ। ਉਹਨਾਂ ਕਿਹਾ, “ਕੇਂਦਰ ਦੀ ਬੀਜੇਪੀ ਸਰਕਾਰ ਅਰਵਿੰਦ ਕੇਜਰੀਵਾਲ ਅਤੇ ‘ਆਪ’ ਦੀਆਂ ਨੀਤੀਆਂ ਤੋਂ ਡਰਦੀ ਹੈ। ਜਰਮਨ ਗਰੁੱਪ ਦੇ ਇੰਡੋ ਜਰਮਨ ਐਨਰਜੀ ਫੋਰਮ ਨੇ ਗ੍ਰੀਨ ਹਾਈਡ੍ਰੋਜਨ ‘ਤੇ ਨੌਲੇਜ ਸ਼ੇਅਰਿੰਗ ਟੂਰ ਇਨਵਾਈਟ ਕੀਤਾ ਸੀ। ਇਸ ਸਟੱਡੀ ਟੂਰ ‘ਤੇ ਪੰਜਾਬ ਤੋਂ ਮੈੰ ਸ਼ਾਮਲ ਹੋਣਾ ਸੀ। ਟੂਰ ਦਾ ਸਾਰਾ ਖਰਚ ਫੋਰਮ ਨੇ ਹੀ ਚੁੱਕਣਾ ਸੀ, ਪਰ ਕੇਂਦਰ ਸਰਕਾਰ ਨੇ ਸਿਰਫ਼ ਮੈਨੂੰ ਪੰਜਾਬ ਦਾ ਨਵਾਂ ਰਿਨਿਊਏਬਲ ਐਨਰਜੀ ਮਿਨਿਸਟਰ ਹੋਣ ਦੇ ਨਾਤੇ ਪਾਲੀਟਿਕਲ ਕਲੀਅਰੈਂਸ ਦੇਣ ਤੋਂ ਇਨਕਾਰ ਕਰ ਦਿੱਤਾ, ਜਦਕਿ ਬਾਕੀ ਸਾਰੇ ਸੂਬੇ ਅਤੇ ਡੈਲੀਗੇਟਸ ਨੂੰ ਇਜਾਜ਼ਤ ਦਿੱਤੀ ਗਈ ਹੈ।”
ਅਮਨ ਅਰੋੜਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਵੀ ਅਜਿਹਾ ਕੀਤਾ ਸੀ। ਉਹ ਸਿੰਗਾਪੁਰ ਜਾਣਾ ਚਾਹੁੰਦੇ ਸਨ, ਉਦੋਂ ਵੀ ਕੇਂਦਰ ਸਰਕਾਰ ਨੇ ਇਜਾਜ਼ਤ ਨਹੀਂ ਦਿੱਤੀ ਸੀ। ਹੁਣ ਪੰਜਾਬ ਦੇ ਨਾਲ ਧੱਕਾ ਸ਼ੁਰੂ ਕਰ ਦਿੱਤਾ ਗਿਆ।
‘ਆਪ’ ਦੇ ਗਵਰਨੈਂਸ ਮਾਡਲ ਤੋਂ ਡਰਦੀ ਹੈ ਬੀਜੇਪੀ
ਅਰੋੜਾ ਨੇ ਕਿਹਾ ਕਿ ਕੇਂਦਰ ਦੀ ਬੀਜੇਪੀ ਸਰਕਾਰ ਪੰਜਾਬ ਨੂੰ ਪਰਾਲੀ ਦੇ ਪ੍ਰਦੂਸ਼ਣ ‘ਤੇ ਕੋਸਦੀ ਜ਼ਰੂਰ ਹੈ, ਪਰ ਜਿਸ ਸਟੱਡੀ ਟੂਰ ਤੋਂ ਹੱਲ ਮਿਲਣਾ ਸੀ, ਉਥੋਂ ਦੀ ਹੀ ਪਰਮਿਸ਼ਨ ਨਾ ਦੇਣਾ ਕੇਂਦਰ ਦੀ ਬੀਜੇਪੀ ਸਰਕਾਰ ਦੀ ਛੋਟੀ ਮਾਨਸਿਕਤਾ ਦੀ ਮਿਸਾਲ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਡਰਦੀ ਹੈ ਕਿ ਕਿਤੇ ਅਰਵਿੰਦ ਕੇਜਰੀਵਾਲ, ‘ਆਪ’ ਦੀ ਦਿੱਲੀ ਅਤੇ ਪੰਜਾਬ ਸਰਕਾਰ ਦਾ ਗਵਰਨੈਂਸ ਮਾਡਲ ਲੋਕਾਂ ਵਿੱਚ ਫੇਮਸ ਨਾ ਹੋ ਜਾਵੇ।