ਨਵੀਂ ਦਿੱਲੀ। ਪੰਜਾਬ ‘ਚ ਲਗਾਤਾਰ ਵੱਧ ਰਹੇ ਕੋਰੋਨਾ ਦੇ ਮਾਮਲੇ ਨਾ ਸਿਰਫ਼ ਪੰਜਾਬ ਸਰਕਾਰ, ਬਲਕਿ ਕੇਂਦਰ ਸਰਕਾਰ ਲਈ ਵੀ ਵੱਡੀ ਸਿਰਦਰਦੀ ਬਣੇ ਹੋਏ ਹਨ। ਸਿਹਤ ਵਿਭਾਗ ਦੇ ਅੰਕੜਿਆਂ ਮੁਤਾਬਕ, ਮਹਾਂਰਾਸ਼ਟਰ ਤੋਂ ਬਾਅਦ ਸਭ ਤੋਂ ਵੱਧ ਕੇਸ ਪੰਜਾਬ ਤੋਂ ਹੀ ਸਾਹਮਣੇ ਆ ਰਹੇ ਹਨ। ਪੰਜਾਬ ਦਾ ਪਾਜ਼ੀਟਿਵਿਟੀ ਰੇਟ 8.82 ਫ਼ੀਸਦ ਹੈ, ਜਿਸ ਨੂੰ ਲੈ ਕੇ ਕੇਂਦਰ ਨੇ ਪੰਜਾਬ ਸਰਕਾਰ ਨੂੰ ਝਾੜ ਪਾਈ ਹੈ।
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਪੰਜਾਬ ‘ਚ ਟੈਸਟਿੰਗ ਨੂੰ ਲੈ ਕੇ ਸਵਾਲ ਚੁੱਕਿਆ ਗਿਆ ਹੈ। ਸਿਹਤ ਸਕੱਤਰ ਰਾਜੇਸ਼ ਭੂਸ਼ਣ ਮੁਤਾਬਕ, ਪੰਜਾਬ ‘ਚ ਟੈਸਟਿੰਗ ਸਹੀ ਤਰੀਕੇ ਨਾਲ ਨਹੀਂ ਹੋ ਰਹੀ। ਉਹਨਾਂ ਸਵਾਲ ਕੀਤਾ ਕਿ ਕੇਸ ਵਧਣ ਦੇ ਨਾਲ-ਨਾਲ ਟੈਸਟਿੰਗ ਕਿਉੰ ਨਹੀਂ ਵਧਾਈ ਜਾ ਰਹੀ।
ਇਸ ਦੌਰਾਨ ਕੇਂਦਰੀ ਸਿਹਤ ਸਕੱਤਰ ਨੇ ਪੰਜਾਬ ‘ਚ ਲੋਕਾਂ ਦੇ ਹੋਮ ਆਈਸੋਲੇਸ਼ਨ ‘ਤੇ ਵੀ ਸਵਾਲ ਖੜ੍ਹੇ ਕੀਤੇ। ਉਹਨਾਂ ਕਿਹਾ ਕਿ ਪੰਜਾਬ ਵਰਗੇ ਜ਼ਿਆਦਾਤਰ ਸੂਬਿਆਂ ‘ਚ ਲੋਕਾਂ ਨੂੰ ਆਪਣੇ ਘਰ ‘ਚ ਹੀ ਆਈਸੋਲੇਟ ਹੋਣ ਨੂੰ ਤਾਂ ਕਿਹਾ ਜਾ ਰਿਹਾ ਹੈ, ਪਰ ਉਹਨਾਂ ਦੀ ਨਿਗਰਾਨੀ ਨਹੀਂ ਕੀਤੀ ਜਾ ਰਹੀ। ਜੇਕਰ ਅਜਿਹਾ ਨਹੀਂ ਹੋ ਸਕਦਾ, ਤਾਂ ਲੋਕਾਂ ਨੂੰ ਘਰਾਂ ‘ਚ ਆਈਸੋਲੇਟ ਕਰਨ ਦੀ ਬਜਾਏ ਕੁਆਰੰਟੀਨ ਸੈਂਟਰ ਬਣਾ ਕੇ ਰੱਖਿਆ ਜਾਵੇ।