ਦਿੱਲੀ। ਅਦਾਲਤ ‘ਚ ਜਾਰੀ ਲੜਾਈ ਵਿਚਾਲੇ ਦਿੱਲੀ ਸਰਕਾਰ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਕਮੇਟੀ ਦੀਆਂ ਚੋਣਾਂ 25 ਅਪ੍ਰੈਲ ਨੂੰ ਹੋਣਗੀਆਂ ਅਤੇ 28 ਮਾਰਚ ਨੂੰ ਨਤੀਜੇ ਐਲਾਨੇ ਜਾਣਗੇ। ਚੋਣਾਂ ਲਈ 31 ਮਾਰਚ ਤੋਂ ਲੈ ਕੇ 7 ਅਪ੍ਰੈਲ ਤੱਕ ਨਾਮਜ਼ਦਗੀਆਂ ਭਰੀਆਂ ਜਾਣਗੀਆਂ।
ਇਸ ਵਾਰ DSGMC ਦੀਆਂ ਚੋਣਾਂ ‘ਚ ਤਿਕੋਣੀ ਟੱਕਰ ਵੇਖਣ ਨੂੰ ਮਿਲ ਸਕਦੀ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਤੋਂ ਇਲਾਵਾ ਮਨਜੀਤ ਸਿੰਘ ਜੀਕੇ ਦੀ ਨਵੀਂ ਪਾਰਟੀ ਜਾਗੋ ਵੀ ਮੈਦਾਨ ‘ਚ ਹੈ। ਪਰ SAD ਬਾਦਲ ਦੇ ਚੋਣਾਂ ਲੜਨ ‘ਤੇ ਹਾਲੇ ਸਸਪੈਂਸ ਬਣਿਆ ਹੋਇਆ ਹੈ, ਕਿਉਂਕਿ ਦਿੱਲੀ ਸਰਕਾਰ ਵੱਲੋਂ ਐਕਟ ‘ਚ ਕੀਤੇ ਬਦਲਾਅ ਤੋਂ ਬਾਅਦ ਸਿਰਫ ਧਾਰਮਿਕ ਪਾਰਟੀਆਂ ਹੀ ਚੋਣ ਮੈਦਾਨ ‘ਚ ਉਤਰ ਸਕਦੀਆਂ ਹਨ। ਦਿੱਲੀ ਸਰਕਾਰ ਦੇ ਐਕਟ ‘ਚ ਕੀਤੇ ਸੋਧ ਨੂੰ SAD ਬਾਦਲ ਵੱਲੋਂ ਹਾਈਕੋਰਟ ‘ਚ ਚੁਣੌਤੀ ਵੀ ਦਿੱਤੀ ਗਈ ਹੈ।
ਦੱਸ ਦਈਏ ਕਿ ਇਸ ਵੇਲੇ ਦਿੱਲੀ ਕਮੇਟੀ ‘ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਹੀ ਕਾਬਜ਼ ਹੈ। ਮਨਜਿੰਦਰ ਸਿੰਘ ਸਿਰਸਾ ਕਮੇਟੀ ਦੇ ਪ੍ਰਧਾਨ ਹਨ। ਜਾਗੋ ਪਾਰਟੀ ਦੇ ਮੁਖੀ ਮਨਜੀਤ ਸਿੰਘ ਜੀਕੇ ਪਹਿਲਾਂ ਅਕਾਲੀ ਦਲ ਬਾਦਲ ਦਾ ਹੀ ਹਿੱਸਾ ਸਨ ਅਤੇ ਪ੍ਰਧਾਨਗੀ ਖੋਹੇ ਜਾਣ ਤੋਂ ਬਾਅਦ ਉਹਨਾਂ ਵੱਲੋਂ ਵੱਖ ਹੋ ਕੇ ਜਾਗੋ ਪਾਰਟੀ ਦਾ ਗਠਨ ਕੀਤਾ ਗਿਆ ਸੀ।