Home Politics ਪਰਗਟ ਸਿੰਘ ਦੇ ਸੀਐੱਮ 'ਤੇ ਲਗਾਏ ਗੰਭੀਰ ਇਲਜ਼ਾਮਾਂ ਤੋਂ ਬਾਅਦ ਸਿਆਸਤ 'ਚ...

ਪਰਗਟ ਸਿੰਘ ਦੇ ਸੀਐੱਮ ‘ਤੇ ਲਗਾਏ ਗੰਭੀਰ ਇਲਜ਼ਾਮਾਂ ਤੋਂ ਬਾਅਦ ਸਿਆਸਤ ‘ਚ ਉਬਾਲ, ਪੜ੍ਹੋ ਕਿਸਨੇ ਕੀ ਕਿਹਾ

ਬਿਓਰੋ। ਕਾਂਗਰਸ ਵਿਧਾਇਕ ਪਰਗਟ ਸਿੰਘ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਲਾਏ ਧਮਕੀ ਦੇਣ ਦੇ ਗੰਭੀਰ ਇਲਜ਼ਾਮਾਂ ਤੋਂ ਬਾਅਦ ਸੂਬੇ ਦੀ ਸਿਆਸਤ ਪੂਰੀ ਤਰ੍ਹਾਂ ਭਖ ਗਈ ਹੈ। ਇਸ ਮੁੱਦੇ ‘ਤੇ ਪਰਗਟ ਸਿੰਘ ਨੂੰ ਨਾ ਸਿਰਫ਼ ਵਿਰੋਧੀਆਂ, ਬਲਕਿ ਆਪਣੀ ਪਾਰਟੀ ਦੇ ਆਗੂਆਂ ਦਾ ਵੀ ਸਾਥ ਮਿਲਦਾ ਨਜ਼ਰ ਆ ਰਿਹਾ ਹੈ। ਹਾਲਾਂਕਿ ਕਾਂਗਰਸ ਪਾਰਟੀ ਇਹਨਾਂ ਇਲਜ਼ਾਮਾਂ ਦਾ ਖੰਡਨ ਵੀ ਕਰ ਰਹੀ ਹੈ।

ਸੁਨੀਲ ਜਾਖੜ ਨੇ ਇਲਜ਼ਾਮਾਂ ਨੂੰ ਦੱਸਿਆ ਅਫ਼ਵਾਹ

ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਪਰਗਟ ਸਿੰਘ ਵੱਲੋਂ ਲਗਾਏ ਇਲਜ਼ਾਮਾਂ ਦਾ ਖੰਡਨ ਕਰਦਿਆਂ ਇਲਜ਼ਾਮਾਂ ਨੂੰ ਕੋਰੀ ਅਫ਼ਵਾਹ ਕਰਾਰ ਦਿੱਤਾ ਅਤੇ ਕਿਹਾ ਕਿ ਇਸ ‘ਚ ਕੋਈ ਸੱਚਾਈ ਨਹੀਂ ਹੈ। ਜਾਖੜ ਨੇ ਪਰਗਟ ਸਿੰਘ ਨੂੰ ਨੌਜਵਾਨਾਂ ਦੇ ਆਦਰਸ਼ ਦੱਸਦਿਆਂ ਕਿਹਾ ਕਿ ਉਹਨਾਂ ਦੀ ਇਮਾਨਦਾਰ ਛਵੀ ‘ਤੇ ਕਿਸੇ ਨੂੰ ਸ਼ੱਕ ਨਹੀਂ ਹੈ ਅਤੇ ਪਾਰਟੀ ਆਪਣੇ ਸਾਰੇ ਵਿਧਾਇਕਾਂ ਦਾ ਪੂਰਾ ਸਤਿਕਾਰ ਕਰਦੀ ਹੈ। ਉਹਨਾਂ ਨੇ ਕਿਹਾ ਕਿ ਇਸ ਸਮੇਂ ਪਾਰਟੀ ਦਾ ਮੁੱਖ ਏਜੰਡਾ ਲੋਕਾਂ ਨੂੰ ਕੋਵਿਡ ਤੋਂ ਬਚਾਉਣਾ ਅਤੇ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਜਾ ਦਿਵਾਉਣਾ ਹੈ।

ਕਾਂਗਰਸੀ ਆਗੂਆਂ ਦੀ ਵਿਜੀਲੈਂਸ ਜਾਂਚ ਕਰਵਾਉਣ ਦੇ ਇਲਜ਼ਾਮਾਂ ‘ਤੇ ਸੁਨੀਲ ਜਾਖੜ ਨੇ ਕਿਹਾ ਕਿ ਕਾਂਗਰਸ ਪਾਰਟੀ ਕਦੇ ਵੀ ਬਦਲੇ ਦੀ ਰਾਜਨੀਤੀ ਨਹੀਂ ਕਰਦੀ। ਉਹਨਾਂ ਕਿਹਾ, “ਕਾਂਗਰਸ ਪਾਰਟੀ ਦਾ ਅਸੂਲ ਰਿਹਾ ਹੈ ਕਿ ਇਹ ਸੰਵਿਧਾਨਕ ਅਦਾਰਿਆਂ ਦਾ ਆਪਣੇ ਨਿੱਜੀ ਹਿੱਤਾਂ ਲਈ ਇਸਤੇਮਾਲ ਨਹੀਂ ਕਰਦੀ ਅਤੇ ਆਪਣੇ ਵਿਧਾਇਕ ਖਿਲਾਫ਼ ਤਾਂ ਅਜਿਹਾ ਕਰਨ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ।” ਜਾਖੜ ਨੇ ਮੁੱਖ ਮੰਤਰੀ ਨੂੰ ਵੀ ਅਪੀਲ ਕੀਤੀ ਕਿ ਪਾਰਟੀ ਦੇ ਅਕਸ ਨੂੰ ਢਾਹ ਲਾਉਣ ਵਾਲੀਆਂ ਅਜਿਹੀਆਂ ਕਾਰਵਾਈਆਂ ਦੀ ਜਾਂਚ ਕੀਤੀ ਜਾਵੇ।

ਪਰਗਟ ਸਿੰਘ ਨਾਲ ਗਲਤ ਹੋਇਆ- ਆਸ਼ੂ

ਕੈਪਟਨ ਦੇ ਕਰੀਬੀਆਂ ‘ਚ ਗਿਣੇ ਜਾਣ ਵਾਲੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੀ ਇਸ ਪੂਰੇ ਵਿਵਾਦ ‘ਚ ਕੁੱਦ ਪਏ ਹਨ। ਇੱਕ ਨਿੱਜੀ ਚੈਨਲ ਨੂੰ ਦਿੱਤੇ ਬਿਆਨ ‘ਚ ਆਸ਼ੂ ਨੇ ਕਿਹਾ, “ਪਰਗਟ ਸਿੰਘ ਨਾਲ ਜੋ ਹੋਇਆ, ਉਹ ਬੇਹੱਦ ਗਲਤ ਹੈ। ਜਦੋਂ ਅਜਿਹੀਆਂ ਚੀਜ਼ਾਂ ਜਨਤੱਕ ਹੁੰਦੀਆਂ ਹਨ, ਤਾਂ ਇਸਦਾ ਅਸਰ ਬੇਹੱਦ ਗਲਤ ਹੁੰਦਾ ਹੈ।” ਉਹਨਾਂ ਕਿਹਾ ਕਿ ਪਰਗਟ ਸਿੰਘ ਭਾਰਤੀ ਹਾਕੀ ਟੀਮ ਦੇ ਕਪਤਾਨ ਰਹਿ ਚੁੱਕੇ ਹਨ ਅਤੇ ਪਾਰਟੀ ਦੇ ਸੀਨੀਅਰ ਆਗੂ ਵੀ ਹਨ, ਇਸ ਲਈ ਉਹਨਾਂ ਨਾਲ ਅਜਿਹਾ ਬਿਲਕੁੱਲ ਨਹੀਂ ਹੋਣਾ ਚਾਹੀਦਾ। ਆਸ਼ੂ ਨੇ ਇਹ ਵੀ ਕਿਹਾ ਕਿ ਪਾਰਟੀ ਅੰਦਰਲੇ ਮਸਲੇ ਪਾਰਟੀ ਅੰਦਰ ਹੀ ਸੁਲਝਾ ਲੈਣੇ ਚਾਹੀਦੇ ਹਨ।

ਪ੍ਰਤਾਪ ਬਾਜਵਾ ਵੀ ਪਰਗਟ ਸਿੰਘ ਦੇ ਹੱਕ ‘ਚ ਉਤਰੇ

ਸੂਬੇ ਦੇ ਗੰਭੀਰ ਮੁੱਦਿਆਂ ਨੂੰ ਲੈ ਕੇ ਅਕਸਰ ਆਪਣੀ ਹੀ ਸਰਕਾਰ ਅਤੇ ਸੀਐੱਮ ਕੈਪਟਨ ਦੀ ਖੁੱਲ੍ਹ ਕੇ ਖਿਲਾਫਤ ਕਰਨ ਵਾਲੇ ਕਾਂਗਰਸ ਸਾਂਸਦ ਪ੍ਰਤਾਪ ਸਿੰਘ ਬਾਜਵਾ ਵੀ ਵਿਧਾਇਕ ਪਰਗਟ ਸਿੰਘ ਦੇ ਹੱਕ ‘ਚ ਉਤਰੇ ਹਨ। ਬਾਜਵਾ ਨੇ ਟਵੀਟ ਕਰ ਕਿਹਾ, “ਲੋਕਾਂ ਲਈ ਆਪਣੀ ਜ਼ਿੰਮੇਵਾਰੀ ਨਿਭਾਉਣ ਅਤੇ ਆਪਣੀ ਅਵਾਜ਼ ਚੁੱਕਣ ਲਈ ਸੀਐੱਮ ਦੇ ਸਲਾਹਕਾਰਾਂ ਵੱਲੋਂ ਪਰਗਟ ਸਿੰਘ ਨੂੰ ਧਮਕੀ ਦੇਣਾ ਬੇਹੱਦ ਮੰਦਭਾਗਾ ਹੈ। ਮੈਂ ਪਰਗਟ ਸਿੰਘ ਅਤੇ ਪੰਜਾਬ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ ਬਾਰੇ ਬੋਲਣ ਦੇ ਉਹਨਾਂ ਦੇ ਲੋਕਤਾੰਤਰਿਕ ਹੱਕ ਦੇ ਨਾਲ ਖੜ੍ਹਾ ਹਾਂ। ਕਾਂਗਰਸ ਵਿਧਾਇਕਾਂ ਨੂੰ ਆਪਣੀ ਅਵਾਜ਼ ਚੁੱਕਣ ਲਈ ਝੁਕਾਉਣ ਦੀਆਂ ਲਗਾਤਾਰ ਹੋ ਰਹੀਆਂ ਕੋਸ਼ਿਸ਼ਾਂ ਬੰਦ ਹੋਣੀਆਂ ਚਾਹੀਦੀਆਂ ਹਨ।”

ਚਰਚਾ ਲਈ ਵਿਸ਼ੇਸ਼ ਸੈਸ਼ਨ ਸੱਦਿਆ ਜਾਵੇ- ਅਕਾਲੀ ਦਲ

ਜ਼ਾਹਿਰ ਹੈ ਇਲਜ਼ਾਮ ਸੂਬੇ ਦੇ ਮੁੱਖ ਮੰਤਰੀ ‘ਤੇ ਹਨ, ਲਿਹਾਜ਼ਾ ਵਿਰੋਧੀ ਵੀ ਵਿਧਾਇਕ ਪਰਗਟ ਸਿੰਘ ਨਾਲ ਖੜ੍ਹੇ ਨਜ਼ਰ ਆ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਚੀਮਾ ਨੇ ਸੀਐੱਮ ‘ਤੇ ਲੱਗ ਰਹੇ ਇਹਨਾਂ ਸਾਰੇ ਇਲਜ਼ਾਮਾਂ ਉੱਪਰ ਚਰਚਾ ਲਈ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਮੰਗ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਵਿਧਾਇਕਾਂ ਦੀ ਵਫ਼ਾਦਾਰੀ ਖਰੀਦਣ ਲਈ ਭ੍ਰਿਸ਼ਟਾਚਾਰ ਨੂੰ ਹਥਿਆਰ ਵਜੋਂ ਵਰਤਣਾ ਨਿੰਦਣਯੋਗ ਹੈ।

ਡਾ. ਚੀਮਾ ਨੇ ਕਿਹਾ, “ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਕਾਂਗਰਸ ਦਾ ਵਿਧਾਇਕ ਆਪ ਹੀ ਇਹ ਦੱਸ ਰਿਹਾ ਹੈ ਕਿ ਸਰਕਾਰ ਆਪਣੇ ਵਿਧਾਇਕਾਂ ਖਿਲਾਫ ਫਾਈਲਾਂ ਤਿਆਰ ਕਰ ਰਹੀ ਹੈ ਤਾਂ ਜੋ ਉਹਨਾਂ ਨੂੰ ਮੁੱਖ ਮੰਤਰੀ ਖਿਲਾਫ ਆਵਾਜ਼ ਬੁਲੰਦ ਕਰਨ ਤੋਂ ਰੋਕਿਆ ਜਾ ਸਕੇ। ਉਹਨਾਂ ਕਿਹਾ ਕਿ ਇਹ ਵਿਧਾਇਕ ਦੇ ਵਿਸ਼ੇਸ਼ ਅਧਿਕਾਰ ਦੀ ਸਪਸ਼ਟ ਉਲੰਘਣਾ ਹੈ ਤੇ ਇਸ ਮਾਮਲੇ ’ਤੇ ਵਿਧਾਨ ਸਭਾ ਵਿਚ ਹੀ ਚਰਚਾ ਹੋਣੀ ਚਾਹੀਦੀ ਹੈ ਕਿ ਕਿਸਨੇ ਭ੍ਰਿਸ਼ਟਾਚਾਰ ਦੀਆਂ ਕਾਰਵਾਈਆਂ ਦੀ ਪੁਸ਼ਤਪਨਾਹੀ ਕੀਤੀ, ਜਿਸਨੇ ਇਹਨਾਂ ਕਾਰਵਾਈਆਂ ਦੀਆਂ ਫਾਈਲਾਂ ਤਿਆਰ ਕੀਤੀਆਂ ਤੇ ਕੌਣ ਵਿਧਾਇਕਾਂ ਨੂੰ ਚੁੱਪ ਕਰਵਾਉਣ ਲਈ ਇਹਨਾਂ ਦੀ ਵਰਤੋਂ ਉਹਨਾਂ ਨੂੰ ਬਲੈਕਮੇਲ ਕਰਨ ਵਾਸਤੇ ਕਰ ਰਿਹਾ ਹੈ।”

ਸੀਐੱਮ ਕੈਪਟਨ ਅਮਰਿੰਦਰ ਸਿੰਘ ‘ਤੇ ਧਮਕੀ ਦੇਣ ਦੇ ਇਲਜ਼ਾਮ ਲਗਾਉਂਦੇ ਹੋਏ ਕਾਂਗਰਸ ਵਿਧਾਇਕ ਪਰਗਟ ਸਿੰਘ ਨੇ ਕੀ ਕੁਝ ਕਿਹਾ, ਇਥੇ ਪੜ੍ਹੋ:- https://punjab.newsdateline.com/congress-mla-alleges-threat-call-from-cm-via-political-advisor/

RELATED ARTICLES

LEAVE A REPLY

Please enter your comment!
Please enter your name here

Most Popular

Recent Comments