ਨਿਊਜ਼ ਡੈਸਕ। ਐਤਵਾਰ ਨੂੰ ਦੇਸ਼ ਦੇ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨੇ ਗਏ। ਚੋਣਾਂ ਬੇਸ਼ੱਕ 5 ਸੂਬਿਆਂ ‘ਚ ਹੋਈਆਂ, ਪਰ ਜਿਸ ‘ਤੇ ਪੂਰੇ ਦੇਸ਼ ਦੀ ਨਜ਼ਰ ਸੀ, ਉਹ ਸੀ ਪੱਛਮੀ ਬੰਗਾਲ। ਉਹ ਸੂਬਾ, ਜਿਥੇ ਬੀਜੇਪੀ ਨੇ ਆਪਣਾ ਲ਼ਗਭਗ ਹਰ ਵੱਡਾ ਆਗੂ ਚੋਣ ਮੈਦਾਨ ‘ਚ ਉਤਾਰਿਆ। ਖਾਸਕਰ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬੰਗਾਲ ‘ਚ ਇੱਕ ਤੋਂ ਬਾਅਦ ਇੱਕ ਕਈ ਰੈਲੀਆਂ ਕੀਤੀਆਂ। ਸਿਆਸੀ ਬਜ਼ਾਰ ‘ਚ ਚਰਚਾ ਗਰਮ ਸੀ ਕਿ ਸ਼ਾਇਦ ਤ੍ਰਿਣਮੂਲ ਕਾਂਗਰਸ ਨੂੰ ਸੱਤਾ ਗੁਆਉਣੀ ਪੈ ਜਾਵੇ ਅਤੇ ਇਹ ਸੱਤਾ ਬੀਜੇਪੀ ਦੀ ਝੋਲੀ ਚਲੀ ਜਾਵੇ, ਪਰ ਜਦੋਂ ਨਤੀਜੇ ਸਾਹਮਣੇ ਆਏ ਤਾਂ ਉਹ ਬੇਹੱਦ ਹੈਰਾਨ ਕਰ ਦੇਣ ਵਾਲੇ ਸਨ। TMC ਇਹਨਾਂ ਚੋਣਾਂ ‘ਚ 200 ਦਾ ਅੰਕੜਾ ਪਾਰ ਕਰ ਗਈ ਹੈ, ਜਦਕਿ ਬੀਜੇਪੀ 80 ਦਾ ਅੰਕੜਾ ਵੀ ਨਹੀਂ ਟੱਪ ਸਕੀ।
ਪੱਛਮੀ ਬੰਗਾਲ ‘ਚ ਮਮਤਾ ਬੈਨਰਜੀ ਦੀ ਤੀਜੀ ਵਾਰ ਵਾਪਸੀ ਜ਼ਰੂਰ ਹੋਈ ਹੈ, ਪਰ ਨੰਦੀਗ੍ਰਾਮ ‘ਚ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। TMC ਤੋਂ ਬਾਗੀ ਹੋ ਕੇ ਬੀਜੇਪੀ ਦੀ ਟਿਕਟ ‘ਤੇ ਚੋਣ ਲੜਨ ਵਾਲੇ ਸ਼ੁਭੇਂਦੂ ਅਧਿਕਾਰੀ ਨੇ ਮਮਤਾ ਬੈਨਰਜੀ ਨੂੰ ਰੋਮਾਂਚਕ ਮੁਕਾਬਲੇ ‘ਚ 1956 ਵੋਟਾਂ ਦੇ ਫਰਕ ਨਾਲ ਮਾਤ ਦੇ ਦਿੱਤੀ। ਹਾਲਾਂਕਿ ਇਹ ਜਿੱਤ ਇੰਨੀ ਅਸਾਨ ਨਹੀਂ ਰਹੀ। ਦਿਨ ਭਰ ਦੋਵੇਂ ਪਾਰਟੀਆਂ ਵੱਲੋਂ ਜਿੱਤ-ਹਾਰ ਦੇ ਦਾਅਵੇ ਕੀਤੇ ਜਾਂਦੇ ਰਹੇ। ਪਹਿਲਾਂ TMC ਵੱਲੋਂ 1200 ਵੋਟਾਂ ਦੇ ਫ਼ਰਕ ਨਾਲ ਮਮਤਾ ਦੀ ਜਿੱਤ ਦਾ ਐਲਾਨ ਕਰ ਦਿੱਤਾ ਗਿਆ, ਤਾਂ ਬਾਅਦ ‘ਚ ਬੀਜੇਪੀ ਨੇ 1622 ਵੋਟਾਂ ਦੇ ਫਰਕ ਨਾਲ ਮਮਤਾ ਦੀ ਹਾਰ ਦਾ ਦਾਅਵਾ ਕਰ ਦਿੱਤਾ। ਆਖਰ ਰਾਤ ਕਰੀਬ 11 ਵਜੇ ਚੋਣ ਕਮਿਸ਼ਨ ਵੱਲੋਂ ਅਧਿਕਾਰਤ ਐਲਾਨ ਕਰਦਿਆਂ ਸ਼ੁਭੇਂਦੂ ਅਧਿਕਾਰੀ ਨੂੰ 1956 ਵੋਟਾਂ ਦੇ ਫ਼ਰਕ ਨਾਲ ਜੇਤੂ ਕਰਾਰ ਦਿੱਤਾ ਗਿਆ।
‘ਅਤਿ ਆਤਮ-ਵਿਸ਼ਵਾਸ’ ਕਾਰਨ ਮਿਲੀ ਹਾਰ !
ਬੀਜੇਪੀ ਨੇ ਖਾਸਕਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੱਛਮੀ ਬੰਗਾਲ ਦੀਆਂ ਚੋਣਾਂ ‘ਚ ਪੂਰੀ ਵਾਹ ਲਾਈ ਹੋਈ ਸੀ। ਵਾਰ-ਵਾਰ ਅਜਿਹਾ ਮਾਹੌਲ ਵੀ ਬਣਾਇਆ ਗਿਆ ਕਿ ਬੀਜੇਪੀ ਪੱਛਮੀ ਬੰਗਾਲ ‘ਚ ਸੱਤਾ ‘ਤੇ ਕਾਬਜ਼ ਹੋਣ ਜਾ ਰਹੀ ਹੈ। ਸਿਆਸੀ ਮਾਹਰਾਂ ਦੀ ਮੰਨੀਏ ਤਾਂ ਬੀਜੇਪੀ ਦਾ ਇਹ ਅਤਿ ਆਤਮ-ਵਿਸ਼ਵਾਸ ਵੀ ਉਸਦੇ ਹਾਰ ਦਾ ਮੁੱਖ ਕਾਰਨ ਰਿਹਾ।
ਕੋਰੋਨਾ ਦੇ ਗੰਭੀਰ ‘ਸੰਕਟ’ ‘ਚ ਰੈਲੀਆਂ ਦਾ ਦੌਰ
ਪੱਛਮੀ ਬੰਗਾਲ ‘ਚ ਜਦੋਂ ਚੋਣਾਂ ਦਾ ਬਿਗੁਲ ਵੱਜਿਆ ਸੀ, ਉਸ ਵੇਲੇ ਦੇਸ਼ ‘ਚ ਕੋਰੋਨਾ ਦੇ ਹਾਲਾਤ ਅਜਿਹੇ ਨਹੀਂ ਸਨ ਜੋ ਅੱਜ ਹਨ। ਹਾਲਾਂਕਿ ਜਦੋਂ ਚੋਣ ਪ੍ਰਚਾਰ ਸਿਖਰਾਂ ‘ਤੇ ਸੀ, ਉਸ ਵੇਲੇ ਹੀ ਦੇਸ਼ ਦੇ ਹਾਲਾਤ ਵਿਗੜਨ ਲੱਗੇ ਸਨ। ਇਸ ਵਿਚਾਲੇ ਬੀਜੇਪੀ ਦੀਆਂ ਰੈਲੀਆਂ ਖਾਸਕਰ ਪੀਐੱਮ ਦੀਆਂ ਰੈਲੀਆਂ ਦਾ ਦੌਰ ਬਾਦਸਤੂਰ ਜਾਰੀ ਰਿਹਾ। ਬੀਜੇਪੀ ਨੂੰ ਉਸ ਵੇਲੇ ਸਭ ਤੋਂ ਵੱਧ ਕਿਰਕਿਰੀ ਦਾ ਸਾਹਮਣਾ ਕਰਨਾ ਪਿਆ, ਜਦੋਂ ਇੱਕ ਪਾਸੇ ਆਕਸੀਜ਼ਨ ਦੇ ਗੰਭੀਰ ਸੰਕਟ ਨਾਲ ਦੇਸ਼ ਜੂਝ ਰਿਹਾ ਸੀ, ਤਾਂ ਓਧਰ ਪ੍ਰਧਾਨ ਮੰਤਰੀ ਪੱਛਮੀ ਬੰਗਾਲ ‘ਚ ਰੈਲੀਆਂ ਕਰ ਰਹੇ ਸਨ।
ਸੀਐੱਮ ਮਮਤਾ ਬੈਨਰਜੀ ‘ਤੇ ‘ਨਿੱਜੀ’ ਟਿੱਪਣੀਆਂ
ਬੀਜੇਪੀ ਦੀ ਸਟੇਜ ਤੋਂ ਸੀਐੱਮ ਮਮਤਾ ਬੈਨਰਜੀ ‘ਤੇ ਕੀਤੀਆ ਨਿੱਜੀ ਟਿੱਪਣੀਆਂ ਵੀ ਸ਼ਾਇਦ ਪੱਛਮੀ ਬੰਗਾਲ ਦੇ ਲੋਕਾਂ ਨੂੰ ਰਾਸ ਨਹੀਂ ਆਈਆਂ। ਪੀਐੱਮ ਮੋਦੀ ਆਪਣੀਆਂ ਰੈਲੀਆਂ ‘ਚ ਜਿਸ ਕਦਰ “ਦੀਦੀ ਓ ਦੀਦੀ” ਕਹਿ ਕੇ ਮਮਤਾ ਬੈਨਰਜੀ ‘ਤੇ ਨਿਸ਼ਾਨੇ ਸਾਧਦੇ ਰਹੇ, ਉਸਦਾ ਅਸਰ ਬੀਜੇਪੀ ਦੇ ਖਿਲਾਫ਼ ਹੋਇਆ। ਇਸ ਤੋਂ ਇਲਾਵਾ ਗ੍ਰਹਿ ਮੰਤਰੀ ਅਮਿਤ ਸ਼ਾਹ, ਬੀਜੇਪੀ ਪ੍ਰਧਾਨ ਜੇਪੀ ਨੱਢਾ ਸਣੇ ਤਮਾਮ ਬੀਜੇਪੀ ਆਗੂ ਮਮਤਾ ਬੈਨਰਜੀ ‘ਤੇ ਜਿਸ ਕਦਰ ਨਿੱਜੀ ਹਮਲੇ ਬੋਲਦੇ ਰਹੇ, ਉਹ ਸ਼ਾਇਦ ਬੀਜੇਪੀ ਨੂੰ ਭਾਰੀ ਪੈ ਗਏ।
ਮਮਤਾ ਲਈ ‘ਹਮਦਰਦੀ’ ਫ਼ੈਕਟਰ ਕੰਮ ਕੀਤਾ ?
ਗੱਲ ਪੱਛਮੀ ਬੰਗਾਲ ਦੀਆਂ ਚੋਣਾਂ ਦੀ ਹੋਵੇ, ਤਾਂ ਉਸ ਹਾਦਸੇ ਨੂੰ ਵੀ ਨਹੀਂ ਭੁੱਲਿਆ ਜਾ ਸਕਦਾ, ਜਿਸ ਦੌਰਾਨ ਮਮਤਾ ਬਨਰਜੀ ਦੇ ਪੈਰ ‘ਤੇ ਸੱਟ ਲੱਗ ਗਈ ਸੀ। ਸੱਟ ਵੀ ਅਜਿਹੀ, ਜਿਸ ਕਾਰਨ ਉਹਨਾਂ ਨੂੰ ਆਪਣਾ ਪੂਰਾ ਪ੍ਰਚਾਰ ਵਹੀਲ ਚੇਅਰ ‘ਤੇ ਕਰਨਾ ਪਿਆ। ਮੰਨਿਆ ਜਾ ਰਿਹਾ ਹੈ ਕਿ ਮਮਤਾ ਬਨਰਜੀ ਨੂੰ ਇਸ ਲਈ ਵੀ ਜਨਤਾ ਦਾ ਭਰਪੂਰ ਸਹਿਯੋਗ ਮਿਲਿਆ, ਕਿਉਂਕਿ ਉਹਨਾਂ ਨੇ ਇੱਕ ਫਾਈਟਰ ਵਾਲੀ ਇਮੇਜ ਲੋਕਾਂ ਦੇ ਸਾਹਮਣੇ ਰੱਖੀ। ਬੀਜੇਪੀ ਕੋਲ ਪੂਰੇ ਦੇਸ਼ ਦੇ ਆਗੂਆਂ ਦਾ ਜਮਾਵੜਾ ਸੀ, ਤਾਂ ਟੀਐਮਸੀ ਇਕੱਲੇ ਮਮਤਾ ਦੇ ਦਮ ‘ਤੇ ਸੀ। ਵੈਸੇ ਵੀ ਬੰਗਾਲ ਦੇ ਲੋਕ ਸਾਦਗੀ ਪਸੰਦ ਹਨ, ਇਸੇ ਲਈ ਸ਼ਾਇਦ ਉਹਨਾਂ ਨੂੰ ਬੀਜੇਪੀ ਦੇ ਲਾਮ-ਲਸ਼ਕਰ ਉੱਪਰ ਮਮਤਾ ਦੀ ਸਾਦਗੀ ਪਸੰਦ ਆਈ।
ਕਿਸਾਨ ਅੰਦੋਲਨ ਦਾ ‘ਸ਼ਿਕਾਰ’ ਹੋਈ ਬੀਜੇਪੀ !
ਓਧਰ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਅੰਦੋਲਨ ਕਰ ਰਹੇ ਕਿਸਾਨ ਇਹ ਦਾਅਵਾ ਕਰ ਰਹੇ ਹਨ ਕਿ ਪੱਛਮੀ ਬੰਗਾਲ ਦੀ ਜਨਤਾ ਨੇ ਉਹਨਾਂ ਦੀ ਅਪੀਲ ਮੰਨ ਕੇ ਬੀਜੇਪੀ ਨੂੰ ਹਾਰ ਦਾ ਮੂੰਹ ਵਿਖਾਇਆ ਹੈ। ਦਰਅਸਲ, BJP ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦਾ ਵਿਰੋਧ ਕਰਦਿਆਂ ਦੇਸ਼ ਭਰ ਦੇ ਕਿਸਾਨ ਪਿਛਲੇ ਕਰੀਬ 5 ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਠੀਕਰੀ ਪਹਿਰਾ ਦੇ ਰਹੇ ਹਨ ਅਤੇ ਕਾਨੂੰਨ ਰੱਦ ਕਰਵਾਉਣ ਦੀ ਮੰਗ ਕਰ ਰਹੇ ਹਨ। ਪਰ ਕੇਂਦਰ ਸਰਕਾਰ ਕਾਨੂੰਨ ਰੱਦ ਕਰਨ ਤੋਂ ਸਾਫ਼ ਇਨਕਾਰ ਕਰ ਚੁੱਕੀ ਹੈ। ਅਜਿਹੇ ‘ਚੇ ਕਿਸਾਨਾਂ ਵੱਲੋਂ ਪੱਛਮੀ ਬੰਗਾਲ ‘ਚ ਜਾ ਕੇ ਲੋਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਬੀਜੇਪੀ ਦੇ ਹੱਕ ‘ਚ ਵੋਟ ਨਾ ਪਾਉਣ।
ਟਦਲਬਦਲੂ’ ਉਮੀਦਵਾਰਾਂ ਨਾਲ ਹੋਇਆ ਨੁਕਸਾਨ !
ਪਿਛਲੇ 2 ਸਾਲਾਂ ‘ਚ TMC ਦੇ ਕਰੀਬ 13 ਵਿਧਾਇਕਾਂ ਸਣੇ 30 ਆਗੂ ਬਾਗੀ ਹੋ ਕੇ ਬੀਜੇਪੀ ‘ਚ ਸ਼ਾਮਲ ਹੋ ਗਏ ਸਨ। ਇਹਨਾਂ ‘ਚੋਂ 8 ਵਿਧਾਇਕਾਂ ਸਣੇ 16 ਉਮੀਦਵਾਰ ਚੋਣ ਹਾਰ ਗਏ ਹਨ। ਹਾਲਾਂਕਿ TMC ਤੋਂ ਬਾਗੀ ਹੋ ਕੇ BJP ਦਾ ਕਮਲ ਫੜ ਮਮਤਾ ਬੈਨਰਜੀ ਖਿਲਾਫ਼ ਚੋਣ ਲੜਨ ਵਾਲੇ ਸ਼ੁਭੇਂਦੂ ਅਧਿਕਾਰੀ ਨੇ ਮਮਤਾ ਨੂੰ ਹਰਾ ਕੇ ਬੀਜੇਪੀ ਨੂੰ ਵੱਡਾ ਤੋਹਫਾ ਦਿੱਤਾ ਹੈ।
ਬਹਿਰਹਾਲ, ਬੀਜੇਪੀ ਦੀ ਹਾਰ ਦੇ ਕਾਰਨ ਬੇਸ਼ੱਕ ਕੁਝ ਵੀ ਰਹੇ ਹੋਣ, ਪਰ ਅੱਜ ਦੀ ਸੱਚਾਈ ਇਹੀ ਹੈ ਕਿ ਤ੍ਰਿਣਮੂਲ ਕਾਂਗਰਸ ਨੇ ਬੰਗਾਲ ‘ਚ ਹੈਟ੍ਰਿਕ ਮਾਰ ਲਈ ਹੈ ਅਤੇ ਬੀਜੇਪੀ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਹਾਲਾਂਕਿ ਬੰਗਾਲ ‘ਚ ਬੀਜੇਪੀ ਦਾ ਪ੍ਰਦਰਸ਼ਨ ਪਹਿਲਾਂ ਨਾਲੋਂ ਬਿਹਤਰ ਹੋਇਆ ਹੈ। ਇਸ ਸਭ ਦੇ ਵਿਚਾਲੇ ਨੰਦੀਗ੍ਰਾਮ ਸੀਟ ਨੂੰ ਲੈ ਕੇ TMC ਦੇ ਸ਼ੁਭਚਿੰਤਕ ਥੋੜ੍ਹੇ ਪਰੇਸ਼ਾਨ ਜ਼ਰੂਰ ਹਨ, ਕਿਉਂਕਿ ਇਥੇ ਮਮਤਾ ਬੈਨਰਜੀ ਦੀ ਹੋਈ ਹਾਰ ਨੇ ਮਿੱਠੀ ਖੀਰ ‘ਚ ਲੂਣ ਪਾਉਣ ਦਾ ਕੰਮ ਕੀਤਾ ਹੈ।