ਪੰਜਾਬ ‘ਚ ਕੋਰੋਨਾ ਨਾਲ ਹਾਲਾਤ ਲਗਾਤਾਰ ਖਰਾਬ ਹੋ ਰਹੇ ਹਨ। ਦੇਸ਼ ‘ਚ ਮਹਾਂਰਾਸ਼ਟਰ ਤੋਂ ਬਾਅਦ ਪੰਜਾਬ ਹੀ ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੈ। ਪਿਛਲੇ 2 ਮਹੀਨਿਆਂ ਦੇ ਅੰਕੜਿਆਂ ‘ਤੇ ਨਜ਼ਰ ਮਾਰੀਏ, ਤਾਂ ਇਹ ਸਮਝਣਾ ਮੁਸ਼ਕਿਲ ਨਹੀਂ ਕਿ ਪੰਜਾਬ ‘ਚ ਕੋਰੋਨਾ ਦੀ ਦੂਜੀ ਲਹਿਰ ਕਿੰਨੀ ਖ਼ਤਰਨਾਕ ਸਾਬਿਤ ਹੋ ਰਹੀ ਹੈ।
ਕੋਰੋਨਾ ਦੇ ਮਾਮਲਿਆਂ ‘ਚ 10 ਗੁਣਾ ਇਜ਼ਾਫ਼ਾ
ਕੇਂਦਰੀ ਸਿਹਤ ਮੰਤਰਾਲੇ ਦੇ ਮੁਤਾਬਕ, ਪੰਜਾਬ ‘ਚ 10 ਤੋਂ 16 ਫ਼ਰਵਰੀ ਵਿਚਾਲੇ ਜਿਥੇ ਔਸਤਨ 240 ਮਾਮਲੇ ਸਾਹਮਣੇ ਆ ਰਹੇ ਹਨ, ਉਥੇ ਹੀ ਅਪ੍ਰੈਲ ਦੀ ਸ਼ੁਰੂਆਤ ‘ਚ ਇਹ ਅੰਕੜਾ 2700 ਦੇ ਕਰੀਬ ਪਹੁੰਚ ਗਿਆ ਹੈ। 31 ਮਾਰਚ ਤੋਂ 6 ਅਪ੍ਰੈਲ ਵਿਚਾਲੇ ਰੋਜ਼ਾਨਾ ਔਸਤਨ 2793 ਮਰੀਜ਼ ਸਾਹਮਣੇ ਆ ਰਹੇ ਹਨ।
ਮੌਤਾਂ ਦੇ ਅੰਕੜੇ ਵੀ ਡਰਾਉਣ ਵਾਲੇ
ਪੰਜਾਬ ‘ਚ ਮੌਤਾਂ ਦੀ ਦਰ ਵੀ ਬੇਹੱਦ ਡਰਾਉਣ ਵਾਲੀ ਸਾਬਿਤ ਹੋ ਰਹੀ ਹੈ। 10 ਤੋਂ 16 ਫ਼ਰਵਰੀ ਵਿਚਾਲੇ ਜਿਥੇ ਰੋਜ਼ਾਨਾ ਔਸਤਨ 8 ਲੋਕਾਂ ਦੀ ਮੌਤ ਹੋ ਰਹੀ ਸੀ, ਉਥੇ ਹੀ ਹੁਣ ਇਹ ਗਿਣਤੀ 50 ਦੇ ਪਾਰ ਪਹੁੰਚ ਗਈ ਹੈ। 31 ਮਾਰਚ ਤੋਂ 6 ਅਪ੍ਰੈਲ ਵਿਚਾਲੇ ਰੋਜ਼ਾਨਾ ਔਸਤਨ 58 ਲੋਕਾਂ ਦੀ ਕੋਰੋਨਾ ਦੇ ਚਲਦੇ ਮੌਤ ਹੋ ਰਹੀ ਹੈ।
ਯੂਕੇ ਵੈਰੀਏਂਟ ਨਾਲ ਵਿਗੜੇ ਹਾਲਾਤ ?
ਪੰਜਾਬ ‘ਚ ਕੋਰੋਨਾ ਦਾ ਯੂਕੇ ਵੈਰੀਏਂਟ ਵੀ ਟੇਂਸ਼ਨ ਦਾ ਵੱਡਾ ਕਾਰਨ ਹੈ। ਦਰਅਸਲ, ਹਾਲ ਹੀ ‘ਚ ਪੰਜਾਬ ਸਰਕਾਰ ਵੱਲੋਂ ਜਾਂਚ ਲਈ ਭੇਜੇ ਗਏ ਕਰੀਬ 400 ਸੈਂਪਲਾਂ ‘ਚੋਂ 80 ਫ਼ੀਸਦ ਮਾਮਲੇ ਯੂਕੇ ਵੈਰੀਏਂਟ ਦੇ ਪਾਏ ਗਏ। ਕੇਂਦਰੀ ਸਿਹਤ ਮੰਤਰਾਲੇ ਨੇ ਵੀ ਕਿਹਾ ਕਿ ਕੋਰੋਨਾ ਦਾ ਯੂਕੇ ਵੈਰੀਏਂਟ ਜ਼ਿਆਦਾ ਖ਼ਤਰਨਾਕ ਹੈ ਅਤੇ ਪੰਜਾਬ ‘ਚ ਤੇਜ਼ੀ ਨਾਲ ਵੱਧਦੇ ਮਾਮਲਿਆਂ ਪਿੱਛੇ ਇਹ ਇੱਕ ਵੱਡਾ ਕਾਰਨ ਹੋ ਸਕਦਾ ਹੈ।
ਪੰਜਾਬ ‘ਤੇ ਕੇਂਦਰ ਦੀ ਨਜ਼ਰ
ਪੰਜਾਬ ‘ਚ ਕੋਰੋਨਾ ਦੇ ਵਿਗੜਦੇ ਹਾਲਾਤ ‘ਤੇ ਕੇਂਦਰ ਸਰਕਾਰ ਦੀ ਨਜ਼ਰ ਹੈ। ਹਾਲਾਤ ‘ਤੇ ਕਾਬੂ ਪਾਉਣ ਲਈ ਕੇਂਦਰ ਸਰਕਾਰ ਨੇ ਪੰਜਾਬ ਦੇ 9 ਜ਼ਿਲ੍ਹਿਆਂ ‘ਚ ਵਿਸ਼ੇਸ਼ ਟੀਮਾਂ ਤੈਨਾਤ ਕਰਨ ਦਾ ਫ਼ੈਸਲਾ ਕੀਤਾ ਹੈ। ਜਲਦ ਹੀ ਇਹ ਟੀਮਾਂ ਪੰਜਾਬ ਦੇ ਕੋਰੋਨਾ ਪ੍ਰਭਾਵਿਤ ਜ਼ਿਲ੍ਹਿਆਂ ‘ਚ ਸਥਾਨਕ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰਨਗੀਆਂ। ਕੇਂਦਰ ਸਰਕਾਰ ਵੱਲੋਂ ਮਹਾਂਰਾਸ਼ਟਰ ਅਤੇ ਛੱਤੀਗੜ੍ਹ ‘ਚ ਵੀ ਵਿਸ਼ੇਸ਼ ਟੀਮਾਂ ਭੇਜੀਆਂ ਜਾ ਰਹੀਆਂ ਹਨ।
ਪੰਜਾਬ ਨੂੰ ਮੁੰਬਈ ਨਹੀਂ ਬਣਨ ਦਵਾਂਗਾ: CM
ਪੰਜਾਬ ‘ਚ ਕੋਰੋਨਾ ਨਾਲ ਵਿਗੜਦੇ ਹਾਲਾਤ ਨੂੰ ਲੈ ਕੇ ਸਰਕਾਰ ਵੀ ਚਿੰਤਤ ਹੈ। ਸੋਮਵਾਰ ਨੂੰ PAU, ਲੁਧਿਆਣਾ ਦੇ ਇੱਕ ਵਰਚੁਅਲ ਸਮਾਗਮ ਦੌਰਾਨ ਸੀਐੱਮ ਨੇ ਮੰਨਿਆ ਕਿ ਪੰਜਾਬ ਦੇ ਤਾਜ਼ਾ ਅੰਕੜੇ ਖ਼ਤਰੇ ਦੀ ਘੰਟੀ ਹਨ। ਹਾਲਾਂਕਿ ਉਹਨਾਂ ਕਿਹਾ ਕਿ ਪੰਜਾਬ ‘ਚ ਮਹਾਂਰਾਸ਼ਟਰ ਖਾਸਕਰ ਮੁੰਬਈ ਵਰਗੇ ਹਾਲਾਤ ਪੈਦਾ ਨਹੀਂ ਹੋਣ ਦੇਣਗੇ। ਸੀਐੱਮ ਨੇ ਲੋਕਾਂ ਨੂੰ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।
ਪਾਬੰਦੀਆਂ ਨਾਲ ਕੰਟਰੋਲ ਹੋਵੇਗਾ ਕੋਰੋਨਾ ?
ਕੋਰੋਨਾ ਦੀ ਰੋਕਥਾਮ ਲਈ ਪੰਜਾਬ ਸਰਕਾਰ ਨੇ 11 ਜ਼ਿਲ੍ਹਿਆਂ ‘ਚ ਨਾਈਟ ਕਰਫ਼ਿਊ ਲਗਾਇਆ ਹੋਇਆ ਹੈ। ਸਿੱਖਿਅਕ ਅਦਾਰੇ ਬੰਦ ਕੀਤੇ ਹੋਏ ਹਨ ਅਤੇ ਜਨਤੱਕ ਸਮਾਗਮਾਂ ‘ਚ ਭੀੜ ਜੁਟਾਉਣ ‘ਤੇ ਵੀ ਪਾਬੰਦੀ ਹੈ। ਸਿਨੇਮਾ ਹਾਲ ਅਤੇ ਸ਼ੌਪਿੰਗ ਮਾਲ ‘ਚ ਵੀ ਬੰਦਿਸ਼ਾਂ ਹਨ। ਸੀਐੱਮ ਦਾ ਕਹਿਣਾ ਹੈ ਕਿ ਉਹ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ, ਪਰ ਜੇਕਰ ਲੋੜ ਪਈ, ਤਾਂ ਕੁਝ ਹੋਰ ਵੱਡੇ ਫ਼ੈਸਲੇ ਲਏ ਜਾਣਗੇ। ਫਿਲਹਾਲ 8 ਅਪ੍ਰੈਲ ਨੂੰ ਸੀਐੱਮ ਦੀ ਅਗਵਾਈ ‘ਚ ਕੋਵਿਡ ਰਿਵਿਊ ਮੀਟਿੰਗ ਹੋਣ ਜਾ ਰਹੀ ਹੈ, ਜਿਸ ‘ਚ ਹਾਲਾਤ ਦੀ ਸਮੀਖਿਆ ਕੀਤੀ ਜਾਵੇਗੀ…ਇਸ ਉਪਰੰਤ ਪਾਬੰਦੀਆਂ ਨੂੰ ਵਧਾਉਣ ਜਾਂ ਘੱਟ ਕਰਨ ‘ਤੇ ਫ਼ੈਸਲਾ ਲਿਆ ਜਾਵੇਗਾ।