ਬਿਓਰੋ। ਦੇਸ਼ ‘ਚ ਕੋਰੋਨਾ ਦੇ ਤੇਜ਼ੀ ਨਾਲ ਵੱਧਦੇ ਮਾਮਲਿਆਂ ਵਿਚਾਲੇ ਮੁੜ ਪਾਬੰਦੀਆਂ ਵੀ ਵਧਣ ਲੱਗੀਆਂ ਹਨ। ਪੰਜਾਬ ਤੋਂ ਬਾਅਦ ਹੁਣ ਚੰਡੀਗੜ੍ਹ ‘ਚ ਵੀ ਨਾਈਟ ਕਰਫਿਊ ਲਗਾ ਦਿੱਤਾ ਗਿਆ ਹੈ। ਚੰਡੀਗੜ੍ਹ ‘ਚ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਲਗਾਇਆ ਗਿਆ ਹੈ, ਜੋ ਕਿ ਅਗਲੇ ਹੁਕਮਾਂ ਤੱਕ ਜਾਰੀ ਰਹੇਗਾ। ਪ੍ਰਸ਼ਾਸਨ ਵੱਲੋਂ ਲੋੜ ਪੈਣ ‘ਤੇ ਵੀਕੈਂਡ ਲਾਕਡਾਊਨ ਲਗਾਉਣ ਦੀ ਵੀ ਗੱਲ ਕਹੀ ਗਈ ਹੈ। ਦੱਸ ਦਈਏ ਕਿ ਕੋਰੋਨਾ ਦੇ ਚਲਦੇ ਚੰਡੀਗੜ੍ਹ ‘ਚ ਸਿੱਖਿਅਕ ਅਦਾਰੇ ਪਹਿਲਾਂ ਹੀ ਬੰਦ ਹਨ।
ਦਿੱਲੀ ‘ਚ ਨਾਈਟ ਕਰਫ਼ਿਊ
ਕੋਰੋਨਾ ਦੀ ਤੇਜ਼ ਰਫ਼ਤਾਰ ਦੇ ਚਲਦੇ ਦਿੱਲੀ ਸਰਕਾਰ ਨੇ ਵੀ ਵੱਡਾ ਫ਼ੈਸਲਾ ਲਿਆ ਹੈ। ਦਿੱਲੀ ‘ਚ ਮੰਗਲਵਾਰ ਰਾਤ ਤੋਂ ਨਾਈਟ ਕਰਫ਼ਿਊ ਲਗਾ ਦਿੱਤਾ ਗਿਆ ਹੈ। ਦਿੱਲੀ ‘ਚ 30 ਅਪ੍ਰੈਲ ਤੱਕ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫ਼ਿਊ ਰਹੇਗਾ। ਹਾਲਾਂਕਿ ਕੇਂਦਰ ਦੇ ਹੁਕਮਾਂ ਮੁਤਾਬਕ, ਇੰਟਰ-ਸਟੇਟ ਤੇ ਇੰਟਰਾ-ਸਟੇਟ ਮੂਵਮੈਂਟ, ਟਰਾਂਸਪੋਰਟੇਸ਼ਨ (ਗੁਡਜ਼) ‘ਤੇ ਕੋਈ ਪਾਬੰਦੀ ਨਹੀਂ ਹੋਵੇਗੀ। ਇਸਦੇ ਲਈ ਅਲੱਗ ਤੋਂ ਮਨਜ਼ੂਰੀ ਜਾਂ ਈ-ਪਾਸ ਦੀ ਵੀ ਜ਼ਰੂਰਤ ਨਹੀਂ ਹੋਵੇਗੀ।
ਹਿਮਾਚਲ ‘ਚ ਵੀ ਪਾਬੰਦੀਆਂ
ਓਧਰ ਹਿਮਾਚਲ ਪ੍ਰਦੇਸ਼ ‘ਚ ਵੀ ਕੋਰੋਨਾ ਦੇ ਚਲਦੇ ਮੁੜ ਪਾਬੰਦੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਹਿਮਾਚਲ ਸਰਕਾਰ ਨੇ ਵਿਆਹ ਅਤੇ ਅੰਤਿਮ ਸਸਕਾਰ ‘ਚ ਵੱਧ ਲੋਕਾਂ ਦੇ ਸ਼ਾਮਲ ਹੋਣ ‘ਤੇ ਪਾਬੰਦੀ ਲਗਾਈ ਹੈ। ਸੀਐੱਮ ਦੀ ਅਗਵਾਈ ‘ਚ ਹੋਈ ਅਹਿਮ ਬੈਠਕ ਦੌਰਾਨ ਇਹ ਫ਼ੈਸਲਾ ਲਿਆ ਗਿਆ। ਅਤੇ ਹਾਲਾਤ ਮੁਤਾਬਕ ਹੋਰ ਪਾਬੰਦੀਆਂ ਲਗਾਉਣ ਦੇ ਸੰਕੇਤ ਦਿੱਤੇ ਗਏ ਹਨ।