ਚੰਡੀਗੜ੍ਹ। ਪੰਜਾਬ ਕਾਂਗਰਸ ਵਿੱਚ ਮਚੇ ਘਮਸਾਣ ਵਿਚਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ੁੱਕਰਵਾਰ ਨੂੰ ਅਚਾਨਕ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦੇ ਘਰ ਪਹੁੰਚ ਗਏ। ਭੱਠਲ ਨੇ ਕੈਪਟਨ ਦਾ ਪੂਰੀ ਗਰਮਜੋਸ਼ੀ ਨਾਲ ਸਵਾਗਤ ਕੀਤਾ। ਕੈਪਟਨ ਨੇ ਵੀ ਅੱਗੇ ਵੱਧ ਕੇ ਭੱਠਲ ਨੂੰ ਗਲੇ ਲਗਾ ਕੇ ਉਹਨਾਂ ਦੀ ਆਓ ਭਗਤ ਕਬੂਲ ਕੀਤੀ।
ਕੈਪਟਨ ਦੇ ਨਾਲ ਉਹਨਾਂ ਦੀ ਬੇਟੀ ਜੈ ਇੰਦਰ ਕੌਰ ਵੀ ਸਨ। ਦੋਵੇਂ ਆਗੂਆਂ ਵਿਚਕਾਰ ਲੰਮੀ ਗੱਲਬਾਤ ਚੱਲੀ। ਹਾਲਾਂਕਿ ਰਜਿੰਦਰ ਕੌਰ ਭੱਠਲ ਨੇ ਇਸ ਨੂੰ ਮਹਿਜ਼ ਸ਼ਿਸ਼ਟਾਚਾਰ ਮੁਲਾਕਾਤ ਕਰਾਰ ਦਿੱਤਾ।
ਰਜਿੰਦਰ ਕੌਰ ਭੱਠਲ ਨਾਲ ਮੁੱਖ ਮੰਤਰੀ ਦੀ ਮੁਲਾਕਾਤ ਨੂੰ ਉਹਨਾਂ ਵੱਲੋਂ ਆਪਣਾ ਧੜਾ ਮਜਬੂਤ ਕਰਨ ਦੀ ਕੋਸ਼ਿਸ਼ ਦੇ ਤੌਰ ‘ਤੇ ਵੇਖਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਡਿਨਰ ਦੇ ਬਹਾਨੇ ਮੁੱਖ ਮੰਤਰੀ ਨੇ ਸ਼ਕਤੀ ਪ੍ਰਦਰਸ਼ਨ ਕੀਤਾ ਸੀ। ਹਾਲਾਂਕਿ ਇਸ ਵਿੱਚ ਭੱਠਲ ਸ਼ਾਮਿਲ ਨਹੀਂ ਹੋਏ ਸਨ।
ਕਦੇ ਧੁਰ-ਵਿਰੋਧੀ ਸਨ ਭੱਠਲ-ਕੈਪਟਨ
ਕੈਪਟਨ ਜਦੋਂ ਪਿਛਲੀ ਵਾਰ ਸੂਬੇ ਦੇ ਮੁੱਖ ਮੰਤਰੀ ਸਨ, ਤਾਂ ਉਹਨਾਂ ਦਾ ਭੱਠਲ ਨਾਲ ਛੱਤੀ ਦਾ ਅੰਕੜਾ ਸੀ। ਭੱਠਲ ਨੇ ਵਿਧਾਇਕਾਂ ਨੂੰ ਨਾਲ ਲੈ ਕੇ ਕੈਪਟਨ ਨੂੰ ਹਟਾਉਣ ਦੀ ਕੋਸ਼ਿਸ਼ ਤੱਕ ਕੀਤੀ ਸੀ। ਹਾਲਾਂਕਿ ਉਹ ਇਸ ਵਿੱਚ ਨਾਕਾਮ ਰਹੇ ਸਨ ਅਤੇ ਉਹਨਾਂ ਨੂੰ ਡਿਪਟੀ CM ਦੀ ਕੁਰਸੀ ਨਾਲ ਸਬਰ ਕਰਨਾ ਪਿਆ ਸੀ।
ਸਿੱਧੂ ਵੀ ਗਏ ਸਨ ਭੱਠਲ ਦੇ ਘਰ
ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਨਵਜੋਤ ਸਿੰਘ ਸਿੱਧੂ ਨੇ ਵੀ ਰਜਿੰਦਰ ਕੌਰ ਭੱਠਲ ਨਾਲ ਨੇੜਤਾ ਵਿਖਾਈ ਸੀ। ਪ੍ਰਧਾਨ ਬਣਨ ਤੋਂ ਬਾਅਦ ਉਹ ਭੱਠਲ ਨੂੰ ਮਿਲਣ ਉਹਨਾਂ ਦੇ ਘਰ ਗਏ ਸਨ। ਇਸ ਤੋਂ ਬਾਅਦ ਜਦੋਂ ਤਾਜਪੋਸ਼ੀ ਸਮਾਗਮ ਹੋਇਆ, ਤਾਂ ਸਿੱਧੂ ਨੇ ਸਟੇਜ ‘ਤੇ ਉਹਨਾਂ ਦੇ ਪੈਰੀਂ ਹੱਥ ਵੀ ਲਾਏ ਸਨ, ਜਦਕਿ ਕੈਪਟਨ ਨੂੰ ਨਜ਼ਰਅੰਦਾਜ਼ ਕੀਤਾ ਸੀ।