ਬਿਓਰੋ। ਐਤਵਾਰ ਨੂੰ ਕੌਮਾਂਤਰੀ ਮਦਰਜ਼ ਡੇਅ ਮਨਾਇਆ ਗਿਆ। ਇਸ ਦੌਰਾਨ ਬੱਚਿਆਂ ਨੇ ਆਪਣੀਆਂ ਮਾਵਾਂ ਨਾਲ ਖੂਬਸੂਰਤ ਪਲ ਸਾਂਝੇ ਕੀਤੇ ਅਤੇ ਉਹਨਾਂ ਨੂੰ ਤੋਹਫੇ ਵੀ ਦਿੱਤੇ। ਸੋਸ਼ਲ ਮੀਡੀਆ ਦੇ ਇਸ ਦੌਰ ‘ਚ ਫੇਸਬੁੱਕ, ਇੰਸਟਾਗ੍ਰਾਮ ਤੇ ਹੋਰ ਪਲੇਟਫਾਰਮ ਵੀ ਅੱਜ ਮਾਵਾਂ ਨੂੰ ਸਲਾਮ ਕਰਦੇ ਪੋਸਟਾਂ ਨਾਲ ਭਰੇ ਹੋਏ ਹਨ। ਅਜਿਹੇ ਪੋਸਟ ਕਰਨ ‘ਚ ਸਾਡੇ ਸਿਆਸੀ ਆਗੂ ਵੀ ਪਿੱਛੇ ਨਹੀਂ। ਉਹ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ‘ਤੇ ਮਾਵਾਂ ਦੀਆਂ ਤਸਵੀਰਾਂ ਸਾਂਝੀਆਂ ਕਰ ਖੂਬਸੂਰਤ ਪੋਸਟ ਸਾਂਝੇ ਕਰ ਰਹੇ ਹਨ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣੀ ਮਾਂ ਰਾਜਮਾਤਾ ਮੋਹਿੰਦਰ ਕੌਰ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਕੇ ਉਹਨਾਂ ਨੂੰ ਯਾਦ ਕੀਤਾ। ਆਪਣੇ ਟਵੀਟ ‘ਚ ਸੀਐੱਮ ਨੇ ਲਿਖਿਆ, “ਮਦਰਜ਼ ਡੇਅ ਮੌਕੇ, ਮੈਂ ਆਪਣੀ ਸਵਰਗਵਾਸੀ ਮਾਂ ਰਾਜਮਾਤਾ ਮੋਹਿੰਦਰ ਕੌਰ ਜੀ ਨੂੰ ਯਾਦ ਕਰ ਰਿਹਾ ਹਾਂ, ਜੋ ਬੇਹੱਦ ਦੇਖਭਾਲ ਕਰਨ ਵਾਲੇ, ਪਿਆਰੇ ਅਤੇ ਪਿਆਰ ਕਰਨ ਵਾਲੇ ਸਨ। ਮੈਂ ਜਾਣਦਾ ਹਾਂ ਕਿ ਤੁਸੀਂ ਹਮੇਸ਼ਾ ਸਾਡੇ ਨਾਲ ਹੋ।”
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਆਪਣੀ ਮਾਂ ਨਾਲ ਬੇਹੱਦ ਹੀ ਖੂਬਸੂਰਤ ਤਸਵੀਰ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਅਤੇ ਕਿਹਾ, “ਕੋਈ ਵੀ ਦਿਨ ਉਨ੍ਹਾਂ ਦੀਆਂ ਗੱਲਾਂ ਅਤੇ ਉਸ ਸ਼ਾਨਦਾਰ ਸਮੇਂ ਨੂੰ ਯਾਦ ਕੀਤੇ ਬਿਨਾਂ ਨਹੀਂ ਲੰਘਦਾ, ਜੋ ਅਸੀਂ ਇਕੱਠਿਆਂ ਬਤੀਤ ਕੀਤਾ। ਕਿਸੇ ਵੀ ਬੋਲੀ ਜਾਂ ਲਿਪੀ ‘ਚ ਐਨੇ ਡੂੰਘੇ ਅਰਥਾਂ ਵਾਲੇ ਸ਼ਬਦ ਨਹੀਂ, ਜਿਨ੍ਹਾਂ ਨਾਲ ਅਸੀਂ ਆਪਣੀਆਂ ਮਾਵਾਂ ਦਾ ਸ਼ੁਕਰਾਨਾ ਕਰ ਸਕੀਏ। ਜੋ ਵੀ ਅਸੀਂ ਹਰ ਰੋਜ਼ ਕਰਦੇ ਹਾਂ, ਸਾਡੇ ਕੋਲ ਬੱਸ ਇਹੀ ਇੱਕ ਤਰੀਕਾ ਹੈ, ਜਿਸ ਨਾਲ ਅਸੀਂ ਇਹ ਦੱਸਣ ਦੀ ਕੋਸ਼ਿਸ਼ ਕਰ ਸਕਦੇ ਹਾਂ ਕਿ ਅਸੀਂ ਉਨ੍ਹਾਂ ਪ੍ਰਤੀ ਕਿੰਨੇ ਸ਼ੁਕਰਗੁਜ਼ਾਰ ਹਾਂ।”