ਚੰਡੀਗੜ੍ਹ। ਪੰਜਾਬ ਕਾਂਗਰਸ ‘ਚ ਛਿੜੇ ਘਮਸਾਣ ਵਿਚਾਲੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਲਗਾਤਾਰ ਡੈਮੇਜ ਕੰਟਰੋਲ ‘ਚ ਜੁਟੇ ਹਨ। ਕੈਪਟਨ ਨਾ ਸਿਰਫ ਵਿਧਾਇਕਾਂ ਦੇ ਗਿਲੇ-ਸ਼ਿਕਵੇ ਦੂਰ ਕਰ ਰਹੇ ਹਨ, ਬਲਕਿ ਉਹਨਾਂ ਮੰਤਰੀਆਂ ਨੂੰ ਵੀ ਨਾਲ ਲਿਆਉਣ ਦੀ ਕੋਸ਼ਿਸ਼ ‘ਚ ਹਨ, ਜੋ ਪਿਛਲੇ ਕਈ ਦਿਨਾਂ ਤੋਂ ਨਰਾਜ਼ ਦੱਸੇ ਜਾ ਰਹੇ ਹਨ। ਵੀਰਵਾਰ ਨੂੰ ਸੀਐੱਮ ਵੱਲੋਂ ਸੱਦੀ ਗਈ ਮੰਤਰੀਆਂ ਦੀ ਬੈਠਕ ‘ਚ ਲਗਭਗ ਉਹ ਸਾਰੇ ਨਜ਼ਰ ਆਏ, ਜੋ ਸੀਐੱਮ ਤੋਂ ਖਫਾ ਚੱਲ ਰਹੇ ਸਨ।
ਇਹਨਾਂ ‘ਚ ਸਭ ਤੋਂ ਅਹਿਮ ਹਨ- ਚਰਨਜੀਤ ਸਿੰਘ ਚੰਨੀ। ਦੱਸਿਆ ਜਾਂਦਾ ਹੈ ਕਿ ਦਿੱਲੀ ‘ਚ ਕਾਂਗਰਸ ਕਮੇਟੀ ਦੇ ਸਾਹਮਣੇ ਚੰਨੀ ਨੇ ਖੁੱਲ੍ਹ ਕੇ ਕੈਪਟਨ ਦੀ ਖਿਲਾਫਤ ਕੀਤੀ ਸੀ। ਚੰਨੀ ਨਾਲ ਮੀਡੀਆ ਨਾਲ ਗੱਲਬਾਤ ਦੌਰਾਨ ਵੀ ਕੈਪਟਨ ਦਾ ਨਾੰਅ ਲਏ ਬਗੈਰ ਕਿਹਾ ਸੀ ਕਿ ਇਧਰ-ਉਧਰ ਕੀ ਬਾਤ ਨਾ ਕਰ, ਯੇ ਬਤਾ ਕਾਫਿਲਾ ਲੂਟਾ ਕਿਉਂ ਥਾ..!
ਕੈਪਟਨ ਤੇ ਮੰਤਰੀਆਂ ਦੀ ਇਸ ਬੈਠਕ ‘ਚ ਸੁਖਜਿੰਦਰ ਸਿੰਘ ਰੰਧਾਵਾ ਵੀ ਨਜ਼ਰ ਆਏ। ਰੰਧਾਵਾ ਵੀ ਇਹਨੀਂ ਦਿਨੀਂ ਕੈਪਟਨ ਤੋਂ ਨਰਾਜ਼ ਚੱਲ ਰਹੇ ਹਨ। ਖਾਸ ਗੱਲ ਇਹ ਹੈ ਕਿ ਰੰਧਾਵਾ ਦੀ ਗਿਣਤੀ ਕਿਸੇ ਵੇਲੇ ਕੈਪਟਨ ਦੇ ਕਰੀਬੀਆਂ ‘ਚ ਹੁੰਦੀ ਸੀ।
ਮੀਟਿੰਗ ‘ਚ ਮਾਝੇ ਤੋਂ ਹੀ ਆਉਣ ਵਾਲੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸੁਖ ਸਰਕਾਰੀਆਂ ਵੀ ਮੌਜੂਦ ਰਹੇ। ਇਹਨਾਂ ਦੋਵੇਂ ਮੰਤਰੀਆਂ ਦੀ ਗਿਣਤੀ ਵੀ ਨਰਾਜ਼ ਖੇਮੇ ‘ਚ ਕੀਤੀ ਜਾ ਰਹੀ ਸੀ।
ਬੈਠਕ ਦੌਰਾਨ ਸੀਐੱਮ ਦੇ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਸ਼ਾਮਲ ਨਹੀਂ ਸਨ। ਦੱਸਿਆ ਜਾ ਰਿਹਾ ਹੈ ਕਿ ਕੁਝ ਮੰਤਰੀਆਂ ਦੀ ਨਰਾਜ਼ਗੀ ਦੂਰ ਕਰਨ ਲਈ ਅਜਿਹਾ ਕੀਤਾ ਗਿਆ। ਜਾਣਕਾਰੀ ਮੁਤਾਬਕ, ਇਹਨਾਂ ਮੰਤਰੀਆਂ ਨੇ ਸਾਫ ਕਿਹਾ ਸੀ ਕਿ ਜੇਕਰ ਸੁਰੇਸ਼ ਕੁਮਾਰ ਬੈਠਕ ‘ਚ ਸ਼ਾਮਲ ਹੋਣਗੇ, ਤਾਂ ਉਹ ਇਸਦਾ ਹਿੱਸਾ ਨਹੀਂ ਬਣਨਗੇ।
ਮੰਤਰੀਆਂ ਦੇ ਨਾਲ-ਨਾਲ ਸੀਐੱਮ ਨੇ ਵੀਰਵਾਰ ਨੂੰ ਲਗਾਤਾਰ ਤੀਜੇ ਦਿਨ ਵਿਧਾਇਕਾਂ ਨਾਲ ਵੀ ਮੁਲਾਕਾਤ ਕੀਤੀ ਅਤੇ ਉਹਨਾਂ ਦੇ ਹਲਕੇ ਦੇ ਵਿਕਾਸ ਕਾਰਜਾਂ ਬਾਰੇ ਗੱਲਬਾਤ ਦੇ ਨਾਲ-ਨਾਲ ਉਹਨਾਂ ਦੀਆਂ ਸ਼ਿਕਾਇਤਾਂ ਵੀ ਸੁਣੀਆਂ।
ਸੀਐੱਮ ਕੈਪਟਨ ਨਾਲ ਮੁਲਾਕਾਤ ਕਰਨ ਵਾਲਿਆਂ ‘ਚ ਕਾਂਗਰਸ ਵਿਧਾਇਕ ਰਾਜ ਕੁਮਾਰ ਵੇਰਕਾ ਵੀ ਸ਼ਾਮਲ ਹਨ। ਵੇਰਕਾ ਮੁਤਾਬਕ, ਉਹਨਾਂ ਨੇ ਦਲਿਤ ਸਮਾਜ ਦੇ ਮੁੱਦੇ ਸੀਐੱਮ ਦੇ ਸਾਹਮਣੇ ਰੱਖੇ ਹਨ।
ਕੁੱਲ ਮਿਲਾ ਕੇ ਕੈਪਟਨ ਪੂਰੇ ਐਕਸ਼ਨ ਮੋਡ ‘ਚ ਹਨ ਅਤੇ ਉਹ ਸਾਰੇ ਪੱਖਾਂ ਨੂੰ ਆਪਣੇ ਨਾਲ ਲਿਆਉਣ ਦੀ ਜੱਦੋ-ਜਹਿਦ ‘ਚ ਲੱਗੇ ਹਨ। ਹਾਲਾਂਕਿ ਨਵਜੋਤ ਸਿੱਧੂ ਤੇ ਪ੍ਰਤਾਪ ਬਾਜਵਾ ਵਰਗੇ ਧੁਰ ਵਿਰੋਧੀਆਂ ਤੋਂ ਕੈਪਟਨ ਦੀਆਂ ਦੂਰੀਆਂ ਹਾਲੇ ਵੀ ਬਰਕਰਾਰ ਹਨ।