ਨਿਊਜ਼ ਡੈਸਕ। ਪੰਜਾਬ ਕਾਂਗਰਸ ‘ਚ ਛਿੜਿਆ ਘਮਸਾਣ ਜਲਦ ਖਤਮ ਹੁੰਦਾ ਨਜ਼ਰ ਨਹੀਂ ਆ ਰਿਹਾ। ਲੰਮੇ ਮੰਥਨ ਤੋਂ ਬਾਅਦ ਵੀ ਕਾਂਗਰਸ ਆਲਾਕਮਾਨ ਹਾਲੇ ਤੱਕ ਸੁਲ੍ਹਾ ਦਾ ਫਾਰਮੂਲਾ ਤੈਅ ਨਹੀਂ ਕਰ ਸਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਹਾਲੇ ਵੀ ਪੇਚ ਫਸਿਆ ਹੈ।
ਸਿੱਧੂ ਡਿਪਟੀ ਸੀਐੱਮ ਬਣਨ ਨੂੰ ਤਿਆਰ ਨਹੀਂ !
ਸੂਤਰਾਂ ਮੁਤਾਬਕ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਉਪ ਮੁੱਖ ਮੰਤਰੀ ਬਣਾਉਣ ਲਈ ਤਿਆਰ ਹੈ, ਪਰ ਸਿੱਧੂ ਇਸਦੇ ਲਈ ਰਾਜ਼ੀ ਨਹੀਂ ਹਨ। ਸਿੱਧੂ ਕੈਪਟਨ ਦੇ ਹੇਠਾਂ ਕੰਮ ਨਹੀਂ ਕਰਨਾ ਚਾਹੁੰਦੇ। ਸਿੱਧੂ ਪੰਜਾਬ ਕਾਂਗਰਸ ਪ੍ਰਧਾਨ ਦਾ ਅਹੁਦਾ ਚਾਹੁੰਦੇ ਹਨ।
ਸਿੱਧੂ ਦੇ ਪ੍ਰਧਾਨ ਬਣਨ ‘ਤੇ ਕੈਪਟਨ ਨੂੰ ਇਤਰਾਜ਼ !
ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਲਈ ਹਾਈ ਕਮਾਂਡ ਵੀ ਤਿਆਰ ਹੈ, ਪਰ ਕੈਪਟਨ ਇਸਦੇ ਲਈ ਰਾਜ਼ੀ ਨਹੀਂ ਹਨ। ਜਾਣਕਾਰੀ ਮੁਤਾਬਕ, ਕੈਪਟਨ 3-ਂਮੈਂਬਰੀ ਕਮੇਟੀ ਦੇ ਸਾਹਮਣੇ ਵੀ ਇਸਦਾ ਵਿਰੋਧ ਕਰ ਚੁੱਕੇ ਹਨ। ਕੈਪਟਨ ਇਸਦੇ ਲਈ ਸਿੱਖ-ਹਿੰਦੂ ਦਾ ਗਣਿਤ ਸਮਝਾ ਰਹੇ ਹਨ।
ਕੈਪਟਨ ਮੁਤਾਬਕ, ਜੇਕਰ ਪੰਜਾਬ ਕਾਂਗਰਸ ਦਾ ਪ੍ਰਧਾਨ ਬਦਲਿਆ ਜਾਣਾ ਹੈ, ਤਾਂ ਜਾਖੜ ਦੀ ਥਾਂ ਕਿਸੇ ਹਿੰਦੂ ਚਿਹਰੇ ਨੂੰ ਹੀ ਪ੍ਰਧਾਨ ਬਣਾਇਆ ਜਾਣਾ ਚਾਹੀਦਾ ਹੈ। ਕਾਂਗਰਸ ਦੀ ਕਮੇਟੀ ਅਤੇ ਖੁਦ ਪਾਰਟੀ ਆਲਾਕਮਾਨ ਵੀ ਚੋਣਾਂ ਤੋਂ ਠੀਕ ਪਹਿਲਾਂ ਇਸ ਨਸਲੀ ਸੰਤੁਲਨ ਨੂੰ ਵਿਗਾੜਨਾ ਨਹੀਂ ਚਾਹੁੰਦੇ।
ਜੇਕਰ ਜਾਖੜ, ਸਿੱਧੂ ਨਹੀਂ ਤਾਂ ਫਿਰ ਕੌਣ ?
ਕਾਂਗਰਸ ਦੇ ਪੰਜਾਬ ਪ੍ਰਧਾਨ ਦੇ ਅਹੁਦੇ ਤੋਂ ਜੇਕਰ ਸੁਨੀਲ ਜਾਖੜ ਨੂੰ ਹਟਾਇਆ ਜਾਂਦਾ ਹੈ ਤੇ ਜੇਕਰ ਸਿੱਧੂ ਦੀ ਵੀ ਗੱਲ ਨਹੀਂ ਬਣਦੀ, ਤਾਂ ਫਿਰ ਕਿਸਦੇ ਨਾੰਅ ‘ਤੇ ਦਾਅ ਖੇਡਿਆ ਜਾ ਸਕਦਾ ਹੈ, ਇਹ ਵੱਡਾ ਸਵਾਲ ਹੈ। ਸੂਤਰਾਂ ਮੁਤਾਬਕ, ਕਾਂਗਰਸ ਕਿਸੇ ਹਿੰਦੂ ਚਿਹਰੇ ‘ਤੇ ਹੀ ਦਾਅ ਖੇਡ ਸਕਦੀ ਹੈ।
ਸੂਬਾ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਵਿਜੇ ਇੰਦਰ ਸਿੰਗਲਾ ਦਾ ਨਾੰਅ ਚਰਚਾ ਹੈ। ਖ਼ਬਰ ਹੈ ਕਿ ਸਿੰਗਲਾ ਦੇ ਨਾੰਅ ‘ਤੇ ਕੈਪਟਨ ਵੀ ਰਾਜ਼ੀ ਹਨ ਅਤੇ ਸਿੰਗਲਾ ਰਾਹੁਲ ਗਾਂਧੀ ਦੇ ਵੀ ਕਰੀਬੀ ਹਨ। ਇਸਦੇ ਨਾਲ ਹੀ ਇੱਕ ਨਾੰਅ ਮਨੀਸ਼ ਤਿਵਾੜੀ ਦਾ ਵੀ ਚੱਲ ਰਿਹਾ ਹੈ। ਤਿਵਾੜੀ ਲਈ ਕੈਪਟਨ ਤਾਂ ਰਾਜ਼ੀ ਹਨ, ਪਰ ਕਿਉਂਕਿ ਮਨੀਸ਼ ਤਿਵਾੜੀ ਉਹਨਾਂ 23 ਆਗੂਆਂ ‘ਚ ਸ਼ੁਮਾਰ ਹਨ, ਜਿਹਨਾਂ ਨੇ ਪਾਰਟੀ ਦੀ ਲੀਡਰਸ਼ਿਪ ਨੂੰ ਲੈ ਕੇ ਬਗਾਵਤ ਵਾਲੀ ਚਿੱਠੀ ਲਿਖੀ ਸੀ। ਲਿਹਾਜ਼ਾ ਕਾਂਗਰਸ ਆਲਾਕਮਾਨ ਉਹਨਾਂ ਦੇ ਨਾੰਅ ‘ਤੇ ਮੁਹਰ ਲਗਾਏਗਾ, ਇਸਦੀ ਉਮੀਦ ਘੱਟ ਹੀ ਹੈ।
20 ਜੂਨ ਨੂੰ ਦਿੱਲੀ ‘ਚ ਵੱਡੀ ਬੈਠਕ
ਸੂਤਰਾਂ ਮੁਤਾਬਕ, ਕਾਂਗਰਸ ਆਲਾਕਮਾਨ ਨੇ ਸੀਐੱਮ ਕੈਪਟਨ, ਨਵਜੋਤ ਸਿੰਘ ਸਿੱਧੂ, ਸੁਨੀਲ ਜਾਖੜ ਸਣੇ ਪੰਜਾਬ ਕਾਂਗਰਸ ਦੇ ਤਮਾਮ ਵੱਡੇ ਆਗੂਆਂ ਨੂੰ 20 ਜੂਨ ਨੂੰ ਦਿੱਲੀ ਸੱਦਿਆ ਹੈ। ਕਿਹਾ ਜਾ ਰਿਹਾ ਹੈ ਕਿ ਸੋਨੀਆ-ਰਾਹੁਲ ਕੈਪਟਨ ਅਤੇ ਸਿੱਧੂ ਨੂੰ ਇਕੱਠੇ ਬਿਠਾ ਕੇ ਮੁਲਾਕਾਤ ਕਰ ਸਕਦੇ ਹਨ। ਕਾਂਗਰਸ ਸੂਤਰਾਂ ਦੀ ਮੰਨੀਏ, ਤਾਂ ਮੁਲਾਕਾਤ ਸਿਰੇ ਚੜ੍ਹੀ, ਤਾਂ ਜਲਦ ਹੀ ਕਾਂਗਰਸ ‘ਚ ਵੱਡੇ ਬਦਲਾਅ ਵੇਖਣ ਨੂੰ ਮਿਲ ਸਕਦੇ ਹਨ।
ਫ਼ੈਸਲੇ ਤੋਂ ਪਹਿਲਾਂ ਐਕਸ਼ਨ ‘ਚ ਕੈਪਟਨ
ਕਾਂਗਰਸ ਆਲਾਕਮਾਨ ਵੱਲੋਂ ਸੱਦੀ ਗਈ ਬੈਠਕ ਤੋਂ ਪਹਿਲਾਂ ਕੈਪਟਨ ਪੂਰੀ ਤਰ੍ਹਾਂ ਸਰਗਰਮ ਹਨ। ਕੈਪਟਨ ਲਗਾਤਾਰ ਆਪਣੇ ਮੰਤਰੀਆਂ, ਵਿਧਾਇਕਾਂ ਅਤੇ ਸਾਂਸਦਾਂ ਨਾਲ ਮੁਲਾਕਾਤਾਂ ਕਰ ਰਹੇ ਹਨ ਅਤੇ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲਣ ‘ਚ ਉਹਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੈ। ਹਾਲਾਂਕਿ ਪੇਚ ਕਿਥੇ ਫਸਿਆ ਹੈ, ਇਹ ਕਿਸੇ ਤੋਂ ਲੁਕਿਆ ਨਹੀਂ ਹੈ।