September 14, 2022
(Chandigarh)
ਅਗਨੀਪਥ ਸਕੀਮ ਨੂੰ ਲੈ ਕੇ ਪੰਜਾਬ ਸਰਕਾਰ ਹੁਣ ਬੈਕਫੁੱਟ ਤੇ ਨਜ਼ਰ ਆ ਰਹੀ ਹੈ। ਦਰਅਸਲ, ਸੈਨਾ ਨੇ ਪੰਜਾਬ ਸਰਕਾਰ ਤੇ ਭਰਤੀ ਪ੍ਰਕਿਰਿਆ ‘ਚ ਸਹਿਯੋਗ ਨਾ ਕਰਨ ਦਾ ਇਲਜ਼ਾਮ ਲਗਾਉਂਦੇ ਹੋਏ ਪੰਜਾਬ ‘ਚ ਭਰਤੀ ਰੈਲੀਆਂ ਬੰਦ ਕਰਨ ਦੀ ਚੇਤਾਵਨੀ ਦਿੱਤੀ ਹੈ, ਜਿਸ ਤੋਂ ਬਾਅਦ ਖੁਦ CM ਨੇ ਵੱਡਾ ਬਿਆਨ ਦਿੱਤਾ ਹੈ।
CM ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਕਿ ਸਾਰੇ ਜ਼ਿਲ੍ਹਿਆੰ ਦੇ ਡੀਸੀ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਆਰਮੀ ਭਰਤੀ ਰੈਲੀਆਂ ਵਿੱਚ ਪੂਰੀ ਤਰ੍ਹਾਂ ਸਹਿਯੋਗ ਕਰਨ। ਫੇਰ ਵੀ ਜੇਕਰ ਕੋਈ ਲਾਪਰਵਾਹੀ ਹੁੰਦੀ ਹੈ ਤਾਂ ਦੋਸ਼ੀਆਂ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ। CM ਨੇ ਕਿਹਾ ਕਿ ਸੂਬੇ ਵਿੱਚੋਂ ਵੱਧ ਤੋਂ ਵੱਧ ਉਮੀਦਵਾਰਾਂ ਨੂੰ ਫੌਜ ਵਿੱਚ ਭਰਤੀ ਕਰਨ ਦੀ ਹਰ ਕੋਸ਼ਿਸ਼ ਕੀਤੀ ਜਾਵੇਗੀ।
All Deputy commissioners were directed to provide complete support to Army Authorities
for recruitment of Agniveers in Punjab.
Any laxity shall be viewed seriously.
Every effort will be made to recruit maximum number of candidates in to army from the state. pic.twitter.com/KKDZW9OJoR— Bhagwant Mann (@BhagwantMann) September 14, 2022
ਅਗਨੀਪਥ ਯੋਜਨਾ ਦਾ ਵਿਰੋਧ ਕਰਦੇ ਰਹਾੰਗੇ- ਚੀਮਾ
ਇਧਰ CM ਮਾਨ ਰੈਲੀ ਵਿੱਚ ਸਹਿਯੋਗ ਦੇਣ ਦੀ ਗੱਲ ਕਰ ਰਹੇ ਹਨ, ਤਾੰ ਓਧਰ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਅਸੀੰ ਅਗਨੀਪਥ ਯੋਜਨਾ ਦਾ ਸ਼ੁਰੂ ਤੋੰ ਵਿਰੋਧ ਕਰਦੇ ਆਏ ਹਾੰ ਅਤੇ ਕਰਦੇ ਰਹਾੰਗੇ, ਪਰ ਪੰਜਾਬ ਦੇ ਨੌਜਵਾਨ ਹਮੇਸ਼ਾ ਤੋੰ ਹੀ ਸੈਨਾ ਵਿੱਚ ਅੱਗੇ ਵੱਧ ਕੇ ਸਰਹੱਦ ‘ਤੇ ਦੇਸ਼ ਦੀ ਸੁਰੱਖਿਆ ਅਤੇ ਸੇਵਾ ਕਰਦੇ ਰਹੇ ਹਨ।
ਫੌਜ ਨੇ ਲਿਖਿਆ ਸੀ ਸਰਕਾਰ ਨੂੰ ਪੱਤਰ
ਦਰਅਸਲ, ਫੌਜ ਦੇ ਜ਼ੋਨਲ ਭਰਤੀ ਅਧਿਕਾਰੀ ਨੇ ਪੰਜਾਬ ਦੇ ਮੁੱਖ ਸਕੱਤਰ ਵੀਕੇ ਜੰਜੂਆ ਅਤੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਦੇ ਮੁੱਖ ਸਕੱਤਰ ਕੁਮਾਰ ਰਾਹੁਲ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਅਸੀੰ ਤੁਹਾਡੇ ਧਿਆਨ ਵਿੱਚ ਇਹ ਗੱਲ ਲਿਆਉਣ ਲਈ ਮਜਬੂਰ ਹਾੰ ਕਿ ਸਥਾਨਕ ਪ੍ਰਸ਼ਾਸਨ ਸਹਿਯੋਗ ਨਹੀੰ ਕਰ ਰਿਹਾ।
ਪੱਤਰ ‘ਚ ਕਿਹਾ ਗਿਆ ਕਿ ਇਸਦੇ ਲਈ ਚੰਡੀਗੜ੍ਹ ਤੋੰ ਸੂਬਾ ਸਰਕਾਰ ਵੱਲੋੰ ਜਾਰੀ ਦਿਸ਼ਾ-ਨਿਰਦੇਸ਼ਾੰ ਦੀ ਕਮੀ ਜਾੰ ਪੈਸਿਆੰ ਦੀ ਕਮੀ ਦਾ ਹਵਾਲਾ ਦਿੱਤਾ ਜਾੰਦਾ ਹੈ। ਸੈਨਾ ਨੇ ਸਾਫ਼ ਕਿਹਾ ਕਿ ਜੇਕਰ ਇਹੀ ਰਵੱਈਆ ਰਿਹਾ, ਤਾੰ ਭਰਤੀ ਰੈਲੀਆੰ ਨੂੰ ਜਾੰ ਤਾੰ ਮੁਲਤਵੀ ਕਰ ਦਿੱਤਾ ਜਾਵੇਗਾ ਜਾੰ ਗੁਆੰਢੀ ਸੂਬਿਆੰ ‘ਚ ਸ਼ਿਫਟ ਕਰ ਦਿੱਤਾ ਜਾਵੇਗਾ।
ਦਰਅਸਲ, ਭਰਤੀ ਰੈਲੀਆੰ ਦੇ ਆਯੋਜਨ ਲਈ ਸਥਾਨਕ ਪ੍ਰਸ਼ਾਸਨ ਨੇ ਕੁਝ ਜ਼ਰੂਰੀ ਇੰਤਜ਼ਾਮ ਕਰਨੇ ਹੁੰਦੇ ਹਨ। ਇਸ ਵਿੱਚ ਕਾਨੂੰਨ-ਵਿਵਸਥਾ ਬਣਾਏ ਰੱਖਣ ਲਈ ਪੁਲਿਸ ਦੀ ਵਿਵਸਥਾ, ਸੁਰੱਖਿਆ ਦੇ ਇੰਤਜ਼ਾਮ, ਭੀੜ ‘ਤੇ ਕੰਟਰੋਲ ਅਤੇ ਇਸਦੇ ਲਈ ਬੈਰੀਕੇਡ ਲਗਾਉਣਾ ਸ਼ਾਮਲ ਹੈ। ਇਸਦੇ ਨਾਲ ਹੀ ਭਰਤੀ ਰੈਲੀ ਵਾਲੀ ਥਾੰ ‘ਤੇ ਮੀੰਹ ਤੋੰ ਬਚਣ ਦਾ ਇੰਤਜ਼ਾਮ, ਪਾਣੀ, ਮੋਬਾਈਲ, ਟਾਇਲਟ ਅਤੇ ਰੋਜ਼ਾਨਾ 3-4 ਹਜ਼ਾਰ ਉਮੀਦਵਾਰਾੰ ਦੇ ਖਾਣੇ ਦਾ ਇੰਤਜ਼ਾਮ 14 ਦਿਨਾੰ ਤੱਕ ਕਰਨਾ ਹੁੰਦਾ ਹੈ।
ਪਹਿਲਾੰ CM ਮਾਨ ਨੇ ਕੀਤਾ ਸੀ ਸਖਤ ਵਿਰੋਧ
ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਅਗਨੀਪਥ ਸਕੀਮ ਦਾ ਪਹਿਲਾੰ ਖੁੱਲ੍ਹ ਕੇ ਵਿਰੋਧ ਕੀਤਾ ਸੀ। ਮਾਨ ਨੇ ਕਿਹਾ ਸੀ ਕਿ 4 ਸਾਲ ਫੌਜ ਵਿੱਚ ਰਹਿਣ ਤੋੰ ਬਾਅਦ ਪੈਨਸ਼ਨ ਵੀ ਨਹੀੰ ਮਿਲੇਗੀ। ਇਹ ਫੌਜ ਦਾ ਅਪਮਾਨ ਹੈ। ਇਸ ਮਾਮਲੇ ‘ਚ ਪੰਜਾਬ ਵਿਧਾਨ ਸਭਾ ‘ਚ ਕੇੰਦਰ ਸਰਕਾਰ ਦੇ ਖਿਲਾਫ਼ ਮਤਾ ਵੀ ਪਾਸ ਕੀਤਾ ਗਿਆ ਸੀ।
ਕੀ ਹੈ ਅਗਨੀਪਥ ਸਕੀਮ..?
ਕੇੰਦਰ ਸਰਕਾਰ ਨੇ ਹਾਲ ਹੀ ਵਿੱਚ ਆਰਮੀ ਭਰਤੀ ਨੂੰ ਲੈ ਕੇ ਅਗਨੀਪਥ ਦੇ ਨਾੰਅ ‘ਤੇ ਸਕੀਮ ਬਣਾਈ ਸੀ, ਜਿਸ ਵਿੱਚ ਨੌਜਵਾਨਾੰ ਨੂੰ 4 ਸਾਲ ਦੀ ਨੌਕਰੀ ਦਿੱਤੀ ਜਾਵੇਗੀ। ਇਸ ਵਿੱਚ 6 ਮਹੀਨੇ ਦੀ ਟ੍ਰੇਨਿੰਗ ਵੀ ਸ਼ਾਮਲ ਹੈ। 4 ਸਾਲਾੰ ਬਾਅਦ ਸਿਰਫ਼ 25 ਫ਼ੀਸਦ ਨੌਜਵਾਨਾੰ ਨੂੰ ਫੌਜ ਵਿੱਚ ਰੱਖਿਆ ਜਾਵੇਗਾ। ਬਾਕੀ 75 ਫ਼ੀਸਦ ਦੀ ਛੁੱਟੀ ਕਰ ਦਿੱਤੀ ਜਾਵੇਗੀ। ਉਸ ਵਕਤ ਉਹਨਾੰ ਨੂੰ ਇੱਕਮੁਸ਼ਤ ਕੁਝ ਰਕਮ ਦਿੱਤੀ ਜਾਵੇਗੀ।