ਚੰਡੀਗੜ੍ਹ। ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਆਪਣੀ ਕਾਰਜਸ਼ੈਲੀ ਨੂੰ ਲੈ ਕੇ ਸਵਾਲਾਂ ‘ਚ ਆਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣ ਆਪਣੀ ਸਾਖ ਸੁਧਾਰਨ ‘ਚ ਜੁਟੇ ਹਨ। ਕੈਪਟਨ ਲਗਾਤਾਰ ਆਪਣੇ ਵਿਧਾਇਕਾਂ ਅਤੇ ਸਾਂਸਦਾਂ ਨਾਲ ਮੀਟਿੰਗਾਂ ਕਰ ਰਹੇ ਹਨ। ਬੁੱਧਵਾਰ ਨੂੰ ਵੀ ਸੀਐੱਮ ਨੇ ਕਈ ਵਿਧਾਇਕਾਂ ਅਤੇ ਸਾਂਸਦਾਂ ਨਾਲ ‘ਵਨ ਟੂ ਵਨ’ ਮੀਟਿੰਗ ਕੀਤੀ।
ਪ੍ਰਤਾਪ ਬਾਜਵਾ ਦੇ ਭਰਾ ਕੈਪਟਨ ਦੇ ਨਾਲ
ਸੀਐੱਮ ਕੈਪਟਨ ਅਮਰਿੰਦਰ ਸਿੰਘ ਨਾਲ ਵਿਧਾਇਕ ਫਤਿਹਜੰਗ ਬਾਜਵਾ ਨੇ ਵੀ ਮੁਲਾਕਾਤ ਕੀਤੀ। ਫਤਿਹਜੰਗ ਬਾਜਵਾ, ਕਾਂਗਰਸ ਸਾਂਸਦ ਪ੍ਰਤਾਪ ਬਾਜਵਾ ਦੇ ਭਰਾ ਹਨ, ਜਿਹਨਾਂ ਨੇ ਲਗਾਤਾਰ ਕੈਪਟਨ ਦੇ ਖਿਲਾਫ਼ ਮੋਰਚਾ ਖੋਲ੍ਹਿਆ ਹੋਇਆ ਹੈ। ਇੱਕ ਹਫ਼ਤੇ ਅੰਦਰ ਫਤਿਹਜੰਗ ਬਾਜਵਾ ਨੇ ਦੂਜੀ ਵਾਰ ਸੀਐੱਮ ਨਾਲ ਮੁਲਾਕਾਤ ਕੀਤੀ ਹੈ। ਖਡੂਰ ਸਾਹਿਬ ਤੋਂ ਕਾਂਗਰਸ ਸਾਂਸਦ ਜਸਵੀਰ ਡਿੰਪਾ ਵੀ ਉਹਨਾਂ ਦੇ ਨਾਲ ਮੌਜੂਦ ਰਹੇ।
ਮੰਤਰੀਆਂ ਤੋਂ ਲਿਆ ਫੀਡਬੈਕ
ਨਵਜੋਤ ਸਿੱਧੂ ਦੇ ਹੋਮ ਟਾਊਨ ਅੰਮ੍ਰਿਤਸਰ ਤੋਂ ਆਉਣ ਵਾਲੇ ਕੈਬਨਿਟ ਮੰਤਰੀ ਓਪੀ ਸੋਨੀ ਨੇ ਵੀ ਕੈਪਟਨ ਨਾਲ ਮੁਲਾਕਾਤ ਕੀਤੀ। ਮੰਨਿਆ ਜਾ ਰਿਹਾ ਹੈ ਕਿ ਦੋਵਾਂ ਵਿਚਾਲੇ ਅੰਮ੍ਰਿਤਸਰ ਦੇ ਸਿਆਸੀ ਹਾਲਾਤ ‘ਤੇ ਚਰਚਾ ਹੋਈ ਹੈ। ਬੈਠਕ ‘ਚ ਜਲਾਲਾਬਾਦ ਤੋਂ ਕਾਂਗਰਸ ਵਿਧਾਇਕ ਰਮਿੰਦਰ ਆਵਲਾ ਵੀ ਨਜ਼ਰ ਆਏ।
ਹੁਸ਼ਿਆਰਪੁਰ ਤੋਂ ਆਉਣ ਵਾਲੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਵੀ ਸੀਐੱਮ ਨਾਲ ਮੁਲਾਕਾਤ ਕੀਤੀ। ਦੋਵਾਂ ਵਿਚਾਲੇ ਸਰਕਾਰ ਦੇ ਕੰਮਕਾਜ ਅਤੇ ਸਿਆਸੀ ਹਾਲਾਤ ‘ਤੇ ਗੱਲ ਹੋਈ।
ਸਾਂਸਦ ਮੁਹੰਮਦ ਸਦੀਕ ਨਾਲ ਮੁਲਾਕਾਤ
ਕੈਪਟਨ ਨਾਲ ਮੁਲਾਕਾਤ ਕਰਨ ਵਾਲਿਆਂ ‘ਚ ਫ਼ਰੀਦਕੋਟ ਤੋਂ ਕਾਂਗਰਸ ਸਾਂਸਦ ਮੁਹੰਮਦ ਸਦੀਕ ਵੀ ਸ਼ਾਮਲ ਹਨ। ਸਦੀਕ ਨੇ ਆਪਣੇ ਸੰਸਦੀ ਹਲਕੇ ਨੂੰ ਲੈ ਕੇ ਕੈਪਟਨ ਨਾਲ ਮੁਲਾਕਾਤ ਕੀਤੀ। ਦੱਸ ਦਈਏ ਕਿ ਪਿਛਲੇ ਦਿਨੀਂ ਮੁਹੰਮਦ ਸਦੀਕ ਨੇ ਖੁੱਲ੍ਹੇ ਤੌਰ ‘ਤੇ ਕਾਂਗਰਸ ਵਿਧਾਇਕ ਕਿੱਕੀ ਢਿੱਲੋਂ ਦੇ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਸੀ।
ਵਿਧਾਇਕਾਂ ਨਾਲ ਚੋਣ ਰਣਨੀਤੀ ‘ਤੇ ਮੰਥਨ
ਕੈਪਟਨ ਨੇ ਇੱਕ ਤੋਂ ਬਾਅਦ ਇੱਕ ਕਈ ਵਿਧਾਇਕਾਂ ਨਾਲ ਮੁਲਾਕਾਤ ਕੀਤੀ। ਉਹਨਾਂ ਨੇ ਵਿਧਾਇਕਾਂ ਤੋਂ ਨਾ ਸਿਰਫ ਹਲਕੇ ਦਾ ਹਾਲ ਜਾਣਿਆ, ਬਲਕਿ ਚੋਣਾਂ ਬਾਰੇ ਵੀ ਮੰਥਨ ਕੀਤਾ ਗਿਆ।
ਇੱਕ ਤੀਰ ਨਾਲ ਕਈ ਨਿਸ਼ਾਨਿਆਂ ਦੀ ਕੋਸ਼ਿਸ਼ !
ਸੀਐੱਮ ਕੈਪਟਨ ਵਿਧਾਇਕਾਂ ਨਾਲ ਲਗਾਤਾਰ ਮੁਲਾਕਾਤਾਂ ਕਰ ਰਹੇ ਹਨ। ਇਸਦੇ ਜ਼ਰੀਏ ਜਿਥੇ ਕੈਪਟਨ ਆਪਣੇ ਖੇਮੇ ਨੂੰ ਮਜਬੂਤ ਕਰਨਾ ਚਾਹੁੰਦੇ ਹਨ, ਉਥੇ ਹੀ ਆਪਣੇ ਉਹਨਾਂ ਵਿਰੋਧੀਆਂ ਨੂੰ ਵੀ ਸਿਆਸੀ ਪਿਚ ‘ਤੇ ਚਿੱਤ ਕਰਨ ਦੀ ਤਿਆਰੀ ‘ਚ ਹਨ, ਜੋ ਦਿੱਲੀ ਦਰਬਾਰ ‘ਚ ਇਹ ਕਹਿ ਕੇ ਕੈਪਟਨ ਦੀ ਅਗਵਾਈ ‘ਤੇ ਸਵਾਲ ਚੁੱਕ ਰਹੇ ਹਨ ਕਿ ਸੀਐੱਮ ਕਈ ਮਹੀਨਿਆਂ ਤੱਕ ਵਿਧਾਇਕਾਂ ਨਾਲ ਮੁਲਾਕਾਤ ਨਹੀਂ ਕਰਦੇ।
20 ਜੂਨ ਨੂੰ ਫ਼ੈਸਲੇ ਦਾ ਦਿਨ !
ਪੰਜਾਬ ਕਾਂਗਰਸ ਦਾ ਪੂਰਾ ਝਗੜਾ ਹਾਈਕਮਂਾਨ ਦੇ ਦਰਬਾਰ ‘ਚ ਹੈ। ਸੂਤਰਾਂ ਦੇ ਮੁਤਾਬਕ, ਸੋਨੀਆ ਗਾਂਧੀ ਨੇ ਕੈਪਟਨ ਸਣੇ ਪੰਜਾਬ ਕਾਂਗਰਸ ਦੇ ਤਮਾਮ ਵੱਡੇ ਆਗੂਆਂ ਨੂੰ 20 ਜੂਨ ਨੂੰ ਦਿੱਲੀ ਸੱਦਿਆ ਹੈ, ਜਿਸ ‘ਚ ਕੋਈ ਵੱਡਾ ਫ਼ੈਸਲਾ ਹੋ ਸਕਦਾ ਹੈ। ਲਿਹਾਜ਼ਾ ਦਿੱਲੀ ਦੌਰੇ ਤੋਂ ਪਹਿਲਾਂ ਕੈਪਟਨ ਪੂਰੇ ਐਕਸ਼ਨ ਮੋਡ ‘ਚ ਹਨ।