ਚੰਡੀਗੜ੍ਹ। ਕਾਂਗਰਸ ਸਾਂਸਦ ਰਵਨੀਤ ਬਿੱਟੂ ਆਪਣੇ ਪਵਿੱਤਰ ਸੀਟਾਂ ਵਾਲੇ ਬਿਆਨ ‘ਤੇ ਬੁਰੇ ਫਸ ਗਏ ਹਨ। BSP ਦੇ ਨਾਲ-ਨਾਲ ਅਕਾਲੀ ਦਲ, ਬੀਜੇਪੀ ਅਤੇ ਆਮ ਆਦਮੀ ਪਾਰਟੀ ਸਾਰਿਆਂ ਨੇ ਬਿੱਟੂ ਦੇ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਇਸ ਵਿਚਾਲੇ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਨੇ ਵੀ ਬਿੱਟੂ ਦੇ ਬਿਆਨ ਦਾ ਸਖਤ ਨੋਟਿਸ ਲਿਆ ਹੈ ਅਤੇ ਉਹਨਾਂ ਨੂੰ ਤਲਬ ਕਰ ਦਿੱਤਾ ਹੈ। ਕਮਿਸ਼ਨ ਨੇ ਬਿੱਟੂ ਨੂੰ ਸੰਮਨ ਭੇਜ ਕੇ 22 ਜੂਨ ਨੂੰ ਪੇਸ਼ ਹੋਣ ਲਈ ਕਿਹਾ ਹੈ।
ਦਰਅਸਲ, ਵਿਧਾਇਕ ਪਵਨ ਕੁਮਾਰ ਟੀਨੂੰ ਦੀ ਅਗਵਾਈ ‘ਚ ਸ਼੍ਰੋਮਣੀ ਅਕਾਲੀ ਦਲ ਦੇ ਵਫਦ ਨੇ ਮੰਗਲਵਾਰ ਨੂੰ ਬਿੱਟੂ ਦੇ ਖਿਲਾਫ਼ ਕਮਿਸ਼ਨ ‘ਚ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਉਹਨਾਂ ‘ਤੇ ਜਾਤੀਗਤ ਟਿੱਪਣੀ ਕਰਕੇ ਦਲਿਤਾਂ ਦਾ ਅਪਮਾਨ ਕਰਨ ਦਾ ਇਲਜ਼ਾਮ ਲਾਇਆ ਸੀ।
ਕੌਮੀ SC ਕਮਿਸ਼ਨ ਪਹੁੰਚੀ BJP
ਓਧਰ ਬੀਜੇਪੀ ਇਸ ਮਾਮਲੇ ‘ਚ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਕੋਲ ਪਹੁੰਚ ਗਈ ਹੈ। ਬੀਜੇਪੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ‘ਚ ਪਾਰਟੀ ਦੇ ਇੱਕ ਵਫਦ ਨੇ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨਾਲ ਮੁਲਾਕਾਤ ਕਰਕੇ ਮੰਗ-ਪੱਤਰ ਸੌੰਪਿਆ। ਬੀਜੇਪੀ ਦੇ ਸਾਂਸਦ ਦੇ ਬਿਆਨ ‘ਤੇ ਸਖਤ ਇਤਰਾਜ਼ ਜਤਾਉਂਦੇ ਹੋਏ ਕਮਿਸ਼ਨ ਤੋਂ ਕਾਰਵਾਈ ਦੀ ਮੰਗ ਕੀਤੀ।
ਰਵਨੀਤ ਬਿੱਟੂ ਨੇ ਕੀ ਕਿਹਾ ਸੀ?
ਕਾਂਗਰਸ ਸਾਂਸਦ ਰਵਨੀਤ ਬਿੱਟੂ ਨੇ ਅਕਾਲੀ ਦਲ ਵੱਲੋਂ ਚਮਕੌਰ ਸਾਹਿਬ ਅਤੇ ਅਨੰਦਪੁਰ ਸਾਹਿਬ ਸੀਟਾਂ BSP ਨੂੰ ਦੇਣ ‘ਤੇ ਸਵਾਲ ਖੜ੍ਹੇ ਕੀਤੇ ਸਨ। ਬਿੱਟੂ ਨੇ ਕਿਹਾ ਸੀ ਕਿ ਅਕਾਲੀ ਦਲ ਨੇ ਸਿੱਖਾਂ ਦੀਆਂ ਪਵਿੱਤਰ ਸੀਟਾਂ BSP ਨੂੰ ਦਿੱਤੀਆਂ ਹਨ, ਜੋ ਠੀਕ ਨਹੀਂ ਹੈ। ਹਾਲਾਂਕਿ ਬਿਆਨ ‘ਤੇ ਚਹੁੰ-ਤਰਫਾ ਘਿਰਨ ਤੋਂ ਬਾਅਦ ਬਿੱਟੂ ਨੇ ਸਫਾਈ ਦਿੱਤੀ ਅਤੇ ਕਿਹਾ ਕਿ ਉਹਨਾਂ ਦੇ ਬਿਆਨ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਉਹ ਦਲਿਤਾਂ ਦਾ ਹਮੇਸ਼ਾ ਸਨਮਾਨ ਕਰਦੇ ਆਏ ਹਨ ਅਤੇ ਉਹਨਾਂ ਦੇ ਅਪਮਾਨ ਦੇ ਬਾਰੇ ਸੋਚ ਵੀ ਨਹੀਂ ਸਕਦੇ।