December 8, 2022
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਫਾਈਨਲ ਨਤੀਜੇ ਆ ਚੁੱਕੇ ਹਨ। ਸੱਤਾ ਧਿਰ ਭਾਰਤੀ ਜਨਤਾ ਪਾਰਟੀ ਨੂੰ ਇਥੇ ਵੱਡਾ ਝਟਕਾ ਲੱਗਿਆ ਹੈ। ਕਾਂਗਰਸ ਨੇ ਆਖਰਕਾਰ ਬੀਜੇਪੀ ਦੇ ਹੱਥਾਂ ਤੋਂ ਸੱਤਾ ਖੋਹ ਲਈ। ਕਾਂਗਰਸ ਨੇ 40 ਸੀਟਾਂ ‘ਤੇ ਜਿੱਤ ਹਾਸਲ ਕੀਤੀ ਹੈ, ਜੋ ਬਹੁਮਤ ਦੇ ਅੰਕੜੇ 35 ਤੋਂ ਵੱਧ ਹੈ। ਬੀਜੇਪੀ ਨੇ 25 ਅਤੇ ਤਿੰਨ ਸੀਟਾਂ ‘ਤੇ ਅਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ।
ਕਾਂਗਰਸ ‘ਚ ਨਵੇਂ CM ਬਾਰੇ ਮੰਥਨ ਸ਼ੁਰੂ
ਕਾਂਗਰਸ ਨੇ ਚੋਣ ਬੇਸ਼ੱਕ ਜਿੱਤ ਲਈ ਹੈ, ਪਰ ਪਾਰਟੀ ਲਈ ਅਜੇ ਰਾਹ ਅਸਾਨ ਨਹੀਂ ਹੈ। ਨਵੇਂ ਸੀਐੱਮ ਦਾ ਫ਼ੈਸਲਾ ਪਾਰਟੀ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਦਰਅਸਲ, ਹਿਮਾਚਲ ਵਿੱਚ ਕਾਂਗਰਸ ਦੇ ਧੜੇਬੰਦੀ ਕਿਸੇ ਤੋਂ ਲੁਕੀ ਨਹੀਂ ਹੈ। ਸੀਐੱਮ ਦੀ ਰੇਸ ‘ਚ ਕਈ ਲੀਡਰਾਂ ਦਾ ਨਾਂਅ ਸ਼ਾਮਲ ਹੈ। ਪ੍ਰਤਿਭਾ ਸਿੰਘ ਅਤੇ ਸੁਖਵਿੰਦਰ ਿਸੰਘ ਸੁੱਖੂ ਦੇ ਨਾਂਅ ਦੀ ਸਭ ਤੋਂ ਵੱਧ ਚਰਚਾ ਹੈ। ਦੋਵਾਂ ਵਿਚਕਾਰ ਦੂਰੀਆਂ ਕਿਸੇ ਚੋਂ ਲੁਕੀਆਂ ਨਹੀਂ ਹੋਈਆਂ। ਲਿਹਾਜ਼ਾ ਕਿਸੇ ਇੱਕ ਦੇ ਨਾਂਅ ‘ਤੇ ਸਹਿਮਤੀ ਬਣਾ ਸਕਣਾ ਪਾਰਟੀ ਲਈ ਵੱਡਾ ਸਿਰਦਰਦ ਹੈ।
ਕੀ ਹਾਰ ਤੋਂ ਬਾਅਦ ਵੀ ਸਰਕਾਰ ਬਣਾ ਸਕਦੀ ਹੈ BJP..?
ਗੋਆ, ਅਸਾਮ, ਅਰੁਣਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਪੁਡੂਚੇਰੀ, ਕਰਨਾਟਕ ਅਤੇ ਮਹਾਂਰਾਸ਼ਟਰ ਸਮੇਤ ਕਈ ਸੂਬਿਆਂ ਵਿੱਚ ਅਜਿਹਾ ਹੋ ਚੁੱਕਿਆ ਹੈ ਕਿ ਚੋਣਾਂ ਹਾਰਨ ਤੋਂ ਬਾਅਦ ਵੀ ਭਾਰਤੀ ਜਨਤਾ ਪਾਰਟੀ ਨੇ ਸਰਕਾਰ ਬਣਾਉਣ ਵਿੱਚ ਕਾਮਯਾਬੀ ਹਾਸਲ ਕਰ ਲਈ। ਇਹੀ ਕਾਰਨ ਹੈ ਕਿ ਹਿਮਾਚਲ ਪ੍ਰਦੇਸ਼ ਨੂੰ ਲੈ ਕੇ ਵੀ ਇਸ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ।
ਹਿਮਾਚਲ ਵਿੱਚ ਬੀਜੇਪੀ ਨੇ 25 ਸੀਟਾਂ ਜਿੱਤੀਆਂ ਹਨ ਅਤੇ ਅਤੇ ਇਥੇ ਬਹੁਮਤ ਦਾ ਅੰਕੜਾ 35 ਹੈ। ਅਜਿਹੇ ਵਿੱਚ ਸਰਕਾਰ ਬਣਾਉਣ ਲਈ ਬੀਜੇਪੀ ਨੂੰ 10 ਵਿਧਾਇਕਾਂ ਦੀ ਲੋੜ ਪਏਗੀ। ਤਿੰਨ ਅਜ਼ਾਦ ਉਮੀਦਵਾਰ ਵੀ ਜੇਕਰ ਬੀਜੇਪੀ ਦੇ ਸਮਰਥਨ ‘ਚ ਆ ਜਾਣ, ਤਾਂ ਵੀ ਬੀਜੇਪੀ ਬਹੁਮਤ ਦਾ ਅੰਕੜੇ ਤੱਕ ਨਹੀਂ ਪਹੁੰਚ ਸਕੇਗੀ। ਹਾਲਾਂਕਿ ਜੇਕਰ ਕਾਂਗਰਸ ਦੇ ਵਿਧਾਇਕ ਟੁੱਟ ਕੇ ਬੀਜੇਪੀ ਵਿੱਚ ਸ਼ਾਮਲ ਹੋ ਜਾਣ, ਤਾਂ ਅੱਗੇ ਚੱਲ ਕੇ ਜ਼ਰੂਰ ਵੱਡਾ ਉਲਟਫੇਰ ਹੋ ਸਕਦਾ ਹੈ। ਅਜਿਹੇ ਵਿੱਚ ਬੀਜੇਪੀ ਦੀ ਸਰਕਾਰ ਬਣ ਸਕਦੀ ਹੈ। ਲਿਹਾਜ਼ਾ ਕਾਂਗਰਸ ਦੇ ਸਾਹਮਣੇ ਆਪਣੇ ਵਿਧਾਇਕਾਂ ਨੂੰ ਸੰਭਾਲ ਕੇ ਰੱਖਣਾ ਵੀ ਚੁਣੌਤੀ ਹੋਵੇਗੀ।