ਬਿਓਰੋ। ਤੁਸੀਂ ਅਕਸਰ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਹੋਵੇਗਾ ਕਿ ਜਦੋਂ ਸਾਹਮਣੇ ਖ਼ਤਰਾ ਦਿਖੇ, ਤਾਂ ਪਹਿਲਾਂ ਆਪਣੀ ਮਦਦ ਕਰੋ ਅਤੇ ਫਿਰ ਦੂਜਿਆਂ ਦੀ। ਅਮਰੀਕਾ ਦਾ ਇਹ ਗੁਰਸਿੱਖ ਨੌਜਵਾਨ ਵੀ ਚਾਹੁੰਦਾ, ਤਾਂ ਅਜਿਹਾ ਕਰ ਸਕਦਾ ਸੀ। ਇਹ ਉਸ ਲਈ ਬਹੁਤ ਸੌਖਾ ਵੀ ਸੀ। ਪਰ ਉਸਨੇ ਸੌਖੇ ਦੀ ਬਜਾਏ ਔਖਾ ਰਾਹ ਚੁਣਿਆ ਅਤੇ ਆਪਣੀ ਜ਼ਿੰਦਗੀ ਤੋਂ ਉੱਪਰ ਆਪਣੇ ਸਾਥੀਆਂ ਦੀ ਜ਼ਿੰਦਗੀ ਨੂੰ ਰੱਖਿਆ, ਪਰ ਅਫਸੋਸ ਸਾਥੀਆਂ ਦੀਆਂ ਜਾਨਾਂ ਬਚਾਉਣ ਦੀ ਕੋਸ਼ਿਸ਼ ‘ਚ ਉਹ ਖੁਦ ਮੌਤ ਦੇ ਮੂੰਹ ‘ਚ ਜਾ ਡਿੱਗਿਆ।
ਇਹ ਕਹਾਣੀ ਕੈਲੀਫੋਰਨੀਆ ਦੇ ਗੁਰਸਿੱਖ ਨੌਜਵਾਨ ਤਪਤੇਜਦੀਪ ਸਿੰਘ ਦੀ ਹੈ, ਜੋ ਬੁੱਧਵਾਰ ਨੂੰ ਕੈਲੀਫੋਰਨੀਆ ਦੇ ਇੱਕ ਰੇਲਵੇ ਟ੍ਰਾਂਜਿਟ ਯਾਰਡ ਵਿੱਚ ਹੋਈ ਗੋਲੀਬਾਰੀ ‘ਚ ਮਾਰੇ ਗਏ 9 ਲੋਕਾਂ ਵਿੱਚੋਂ ਇੱਕ ਹੈ।
ਤਪਤੇਜ ਇਥੇ ਕਰੀਬ 9 ਸਾਲਾਂ ਤੋਂ ਲਾਈਟ ਰੇਲਵੇ ਡਰਾਈਵਰ ਵਜੋਂ ਕੰਮ ਕਰਦਾ ਸੀ। ਤਪਤੇਜ ਦੀ ਮੌਤ ਸਦਮਾ ਤਾਂ ਜ਼ਰੂਰ ਦੇ ਗਈ, ਪਰ ਜਦੋਂ ਉਹਨਾਂ ਦੀ ਮੌਤ ਦੀ ਅਸਲ ਕਹਾਣੀ ਸਾਹਮਣੇ ਆਈ, ਤਾਂ ਉਸਨੂੰ ਸੁਣ ਕੇ ਹਰ ਪੰਜਾਬੀ ਅਤੇ ਹਰ ਸਿੱਖ ਮਾਣ ਵੀ ਮਹਿਸੂਸ ਕਰ ਰਿਹਾ ਹੈ।
ਦਰਅਸਲ, ਜਾਣਕਾਰੀ ਮੁਤਾਬਕ ਗੋਲੀਬਾਰੀ ਦੀ ਘਟਨਾ ਵੇਲੇ ਤਪਤੇਜ ਉਸ ਬਿਲਡਿੰਗ ‘ਚ ਵੀ ਨਹੀਂ ਸੀ, ਜਿਥੇ ਗੋਲੀਆਂ ਚਲਾਈਆਂ ਜਾ ਰਹੀਆਂ ਸਨ। ਤਪਤੇਜ ਉਸ ਵੇਲੇ ਦੂਜੀ ਬਿਲਡਿੰਗ ‘ਚ ਮੌਜੂਦ ਸੀ। ਪਰ ਉਸਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਆਪਣੇ ਸਾਥੀਆਂ ਨੂੰ ਬਚਾਉਣ ਲਈ ਪੂਰੀ ਜੀ-ਜਾਨ ਲਗਾ ਦਿੱਤੀ। ਪ੍ਰਤੱਖਦਰਸ਼ੀ ਦੱਸਦੇ ਹਨ ਕਿ ਤਪਤੇਜ ਉਸ ਵੇਲੇ ਆਪਣੇ ਸਾਥੀਆਂ ਨੂੰ ਗੋਲੀਆਂ ਤੋਂ ਬਚਾਉਣ ਲਈ ਉਹਨਾਂ ਦੀ ਲੁਕਣ ‘ਚ ਮਦਦ ਕਰ ਰਿਹਾ ਸੀ ਕਿ ਅਚਾਨਕ ਪੌੜੀਆਂ ‘ਚ ਉਹ ਹਮਲਾਵਰ ਦੀ ਗੋਲੀ ਦਾ ਸ਼ਿਕਾਰ ਹੋ ਗਿਆ।
ਜਾਣਕਾਰੀ ਮੁਤਾਬਕ, ਤਪਤੇਜਦੀਪ 2005 ‘ਚ ਭਾਰਤ ਤੋਂ ਅਮਰੀਕਾ ਸ਼ਿਫਟ ਹੋਇਆ ਸੀ। 3 ਸਾਲ ਪਹਿਲਾਂ ਹੀ ਉਸਦਾ ਵਿਆਹ ਹੋਇਆ ਸੀ ਅਤੇ ਉਸਦੇ 2 ਬੱਚੇ ਹਨ। ਜਿਸ VTA ਕੰਟਰੋਲ ਸੈ਼ਟਰ ‘ਚ ਉਹ ਕੰਮ ਕਰਦਾ ਸੀ, ਉਹ ਇੱਕ ਹਬ ਹੈ ਜੋ ਮੇਨਟੇਨੈਂਸ ਯਾਰਡ ਦੇ ਨਾਲ-ਨਾਲ ਕਈ ਰੇਲ ਗੱਡੀਆਂ ਨੂੰ ਸਟੋਰ ਕਰਦਾ ਹੈ, ਅਤੇ ਇਸਦਾ ਇੱੱਕ ਅੰਦਰੂਨੀ ਅਤੇ ਬਾਹਰੀ ਖੇਤਰ ਹੈ।