ਨਵੀਂ ਦਿੱਲੀ। ਕੋਰੋਨਾ ਨਾਲ ਲੜਾਈ ਲਈ ਹੁਣ DRDO ਦੀ ਐਂਟੀ ਕੋਰੋਨਾ ਡਰੱਗ 2DG ਵੀ ਤਿਆਰ ਹੈ। ਸੋਮਵਾਰ ਨੂੰ ਇਸ ਨੂੰ ਐਮਰਜੈਂਸੀ ਇਸਤੇਮਾਲ ਲਈ ਲਾਂਚ ਕਰ ਦਿੱਤਾ ਗਿਆ। ਹੁਣ ਇਹ ਮਰੀਜ਼ਾਂ ਨੂੰ ਦਿੱਤੀ ਜਾ ਸਕਦੀ ਹੈ। ਇਸ ਦਵਾਈ ਨੂੰ ਸਭ ਤੋਂ ਪਹਿਲਾਂ ਦਿੱਲੀ ਦੇ DRDO ਕੋਵਿਡ ਹਸਪਤਾਲ ‘ਚ ਭਰਤੀ ਮਰੀਜ਼ਾਂ ਨੂੰ ਦਿੱਤੀ ਜਾਵੇਗੀ। ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਇਸ ਨੂੰ ਲਾਂਚ ਕੀਤਾ।
ਜੂਨ ‘ਚ ਸਭ ਜਗ੍ਹਾ ਉਪਲਬੱਧ ਹੋਵੇਗੀ
ਫਿਲਹਾਲ ਇਸ ਦਵਾਈ ਦੇ ਸਿਰਫ਼ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਦਿੱਤੀ ਗਈ ਹੈ। ਜਦੋਂ ਤੱਕ ਇਸ ਦਵਾਈ ਨੂੰ ਆਮ ਤੌਰ ‘ਤੇ ਇਸਤੇਮਾਲ ਦੀ ਮਨਜ਼ੂਰੀ ਮਿਲਦੀ ਹੈ, ਉਦੋਂ ਤੱਕ ਇਸਦਾ ਬਜ਼ਾਰ ‘ਚ ਆਉਣਾ ਸੰਭਵ ਨਹੀਂ। ਐਂਟੀ ਕੋਵਿਡ ਦਵਾਈ ‘ਤੇ DRDO ਪ੍ਰਮੁੱਖ ਜੀ. ਸਤੀਸ਼ ਰੈਡੀ ਦੇ ਮੁਤਾਬਕ, “ਫਿਲਹਾਲ ਹਫ਼ਤੇ ‘ਚ ਕਰੀਬ 10,000 ਦੇ ਕਰੀਬ-ਕਰੀਬ ਇਸਦਾ ਉਤਪਾਦਨ ਹੋਵੇਗਾ। ਸ਼ੁਰੂਆਤ ‘ਚ AIIMS, AFMS ਅਤੇ DRDO ਹਸਪਤਾਲਾਂ ‘ਚ ਇਸ ਨੂੰ ਉਪਲਬੱਧ ਕਰਵਾਇਆ ਜਾ ਰਿਹਾ ਹੈ। ਜੂਨ ਦੇ ਪਹਿਲੇ ਹਫ਼ਤੇ ਤੋਂ ਸਾਰੀਆਂ ਥਾਵਾਂ ‘ਤੇ 2DG ਦਵਾਈ ਉਪਲਬੱਧ ਕਰਵਾਉਣ ਦੀ ਕੋਸ਼ਿਸ਼ ਹੋਵੇਗੀ।”
ਹਫ਼ਤੇ ਭਰ ‘ਚ ਮਰੀਜ਼ ਦੇ ਠੀਕ ਹੋਣ ਦਾ ਦਾਅਵਾ
DRDO ਦੀ 2DG ਦਵਾਈ ਪਾਊਡਰ ਦੇ ਰੂਪ ‘ਚ ਤਿਆਰ ਕੀਤੀ ਗਈ ਹੈ। ਦਾਅਵਾ ਹੈ ਕਿ ਇਸ ਦਵਾਈ ਨਾਲ ਸਰੀਰ ਦਾ ਇਮਿਊਨ ਸਿਸਟਮ ਕੰਮ ਕਰੇਗਾ ਅਤੇ ਮਰੀਜ਼ ਜਲਦੀ ਠੀਕ ਹੋਵੇਗਾ। ਇਹ ਦਵਾਈ ਮਰੀਜ਼ ਦੇ ਵਜ਼ਨ ਅਤੇ ਡਾਕਟਰ ਦੀ ਪ੍ਰਿਸਕ੍ਰਿਪਸ਼ਨ ਦੇ ਅਧਾਰ ‘ਤੇ ਘੱਟੋ-ਘੱਟ 5-7 ਦਿਨਾਂ ਤੱਕ ਸਵੇਰੇ-ਸ਼ਾਮ ਲੈਣੀ ਪਏਗੀ।
ਡਾ. ਰੈਡੀਜ਼ ਲੈਬੋਰਟਰੀ ਨਾਲ ਮਿਲ ਕੇ ਕੀਤੀ ਤਿਆਰ
ਇਸ ਦਵਾਈ ਨੂੰ DRDO ਦੇ ਇੰਸਟੀਚਿਊਟ ਆਫ ਨਿਊਕਲਿਅਰ ਮੈਡੀਸਨ ਐਂਡ ਅਲਾਈਡ ਸਾਈਂਸੇਸ(INMAS) ਨੇ ਡਾ. ਰੈਡੀਜ਼ ਲੈਬੋਰਟਰੀ ਨਾਲ ਮਿਲ ਕੇ ਤਿਆਰ ਕੀਤਾ ਹੈ। ਦੇਸ਼ ਦੇ 27 ਹਸਪਤਾਲਾਂ ‘ਚ ਇਸਦਾ ਟਰਾਇਲ ਹੋਇਆ ਹੈ। ਕਲੀਨੀਕਲ ਰਿਸਰਚ ਦੇ ਦੌਰਾਨ 2DG ਦਵਾਈ ਦੇ 5.85 ਗ੍ਰਾਮ ਦੇ ਪਾਊਚ ਤਿਆਰ ਕੀਤੇ ਗਏ। ਇਸਦੇ ਇੱਕ-ਇੱਕ ਪਾਊਚ ਸਵੇਰੇ-ਸ਼ਾਮ ਪਾਣੀ ‘ਚ ਘੋਲ ਕੇ ਮਰੀਜ਼ਾਂ ਨੂੰ ਦਿੱਤੇ ਗਏ, ਜਿਸਦੇ ਚੰਗੇ ਨਤੀਜੇ ਸਾਹਮਣੇ ਆਏ। ਜਿਹਨਾਂ ਮਰੀਜ਼ਾਂ ਨੂੰ ਇਹ ਦਵਾਈ ਦਿੱਤੀ ਗਈ ਸੀ, ਉਹਨਾਂ ‘ਚ ਤੇਜ਼ੀ ਨਾਲ ਰਿਕਵਰੀ ਵੇਖੀ ਗਈ। ਇਸੇ ਅਧਾਰ ‘ਤੇ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਨੇ ਇਸ ਦਵਾਈ ਦੇ ਐਮਰਜੈਂਸੀ ਇਸਤੇਮਾਲ ਨੂੰ ਮਨਜ਼ੂਰੀ ਦੇ ਦਿੱਤੀ।