ਖੇਤੀ ਕਾਨੂੰਨਾਂ ਨੂੰ ਲੈ ਕੇ ਵਿਰੋਧੀ ਲਗਾਤਾਰ ਮੋਦੀ ਸਰਕਾਰ ਨੂੰ ਕਟਹਿਰੇ ‘ਚ ਖੜ੍ਹਾ ਕਰ ਰਹੇ ਹਨ। ਪਰ ਕਾਂਗਰਸ ਸਾਂਸਦ ਪ੍ਰਤਾਪ ਬਾਜਵਾ ਨੇ ਰਾਜ ਸਭਾ ‘ਚ ਅੰਦੋਲਨ ‘ਤੇ ਬੋਲਦਿਆੰ ਸਿੱਧੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਹੀ ਚੈਲੇਂਜ ਕਰ ਦਿੱਤਾ। ਬਾਜਵਾ ਨੇ ਕਿਹਾ, “ਜੇਕਰ ਤੁਸੀਂ ਵਾਕਈ ਕਿਸਾਨਾਂ ਦਾ ਹਿੱਤ ਚਾਹੁੰਦੇ ਹੋ, ਤਾਂ ਮੇਰੇ ਨਾਲ ਬਾਰਡਰ ‘ਤੇ ਚੱਲੋ ਅਤੇ ਕਿਸਾਨਾਂ ਨਾਲ ਸਿੱਧੀ ਗੱਲ ਕਰੋ। ਮੈਂ ਉਥੇ ਤੁਹਾਡੇ ਨਾੰਅ ਦੇ ਜੈਕਾਰੇ ਲਗਾਵਾਂਗਾ।”
ਪ੍ਰਤਾਪ ਬਾਜਵਾ ਨੇ ਪੀਐੱਮ ਮੋਦੀ ਦੇ ਉਸ ਬਿਆਨ ‘ਤੇ ਵੀ ਤੰਜ ਕਸਿਆ, ਜਿਸ ‘ਚ ਪੀਐਮ ਨੇ ਕਿਹਾ ਸੀ ਕਿ ਉਹ ਕਿਸਾਨਾਂ ਤੋਂ ਮਹਿਜ਼ ਇੱਕ ਫੋਨ ਕਾਲ ਦੀ ਦੂਰੀ ‘ਤੇ ਹਨ। ਬਾਜਵਾ ਨੇ ਕਿਹਾ, “ਪ੍ਰਧਾਨ ਮੰਤਰੀ ਜੀ, ਤੁਹਾਡਾ ਨੰਬਰ ਜਾਣਦਾ ਹੀ ਕੌਣ ਹੈ?” ਉਹਨਾਂ ਕਿਹਾ, “ਪ੍ਰਧਾਨ ਮੰਤਰੀ ਕਿਸਾਨਾਂ ਪ੍ਰਤੀ ਦਰਿਆਦਿਲੀ ਵਿਖਾਉਣ। ਉਹਨਾਂ ਕੋਲ ਸਰਦਾਰ ਪਟੇਲ ਬਣਨ ਦਾ ਮੌਕਾ ਹੈ। ਜਿਹੜੇ ਕਿਸਾਨਾਂ ਨੇ ਤੁਹਾਨੂੰ ਵੋਟਾਂ ਪਾ ਕੇ ਦੂਜੀ ਵਾਰ ਪ੍ਰਧਾਨ ਮੰਤਰੀ ਬਣਾਇਆ, ਉਸ ਨਾਲ ਤੁਹਾਡੀ ਦੁਸ਼ਮਣੀ ਕੀ ਹੈ? ”
ਪ੍ਰਤਾਪ ਬਾਜਵਾ ਨੇ ਕਾਨੂੰਨ ਵਾਪਸ ਨਾ ਲਏ ਜਾਣ ‘ਤੇ ਵੀ ਸਰਕਾਰ ਨੂੰ ਘੇਰਿਆ। ਉਹਨਾਂ ਕਿਹਾ, “ਸਰਕਾਰ ਨੇ ਖੇਤੀ ਕਾਨੂੰਨਾਂ ਨੂੰ ਆਪਣੀ ਮੁੱਛ ਦਾ ਸਵਾਲ ਬਣਾ ਲਿਆ ਹੈ। ਅਜਿਹਾ ਨਹੀਂ ਹੈ, ਤਾਂ ਕਾਨੂੰਨ ਵਾਪਸ ਲੈਣ ‘ਚ ਸਰਕਾਰ ਨੂੰ ਗੁਰੇਜ ਕੀ ਹੈ?”
ਕਿਸਾਨਾੰ ਨੂੰ ਖਾਲਿਸਤਾਨੀ ਕਹੇ ਜਾਣ ‘ਤੇ ਵੀ ਪ੍ਰਤਾਪ ਬਾਜਵਾ ਭੜਕੇ। ਉਹਨਾੰ ਸਖਤ ਲਹਿਜ਼ੇ ਵਿੱਚ ਕਿਹਾ, “ਸਾਨੂੰ ਦੇਸ਼ ਭਗਤੀ ਦਾ ਪਾਠ ਨਾ ਪੜ੍ਹਾਇਆ ਜਾਵੇ। ਸਾਡੇ ਬੱਚੇ ਸਰਹੱਦ ਤੋਂ ਤਿਰੰਗੇ ‘ਚ ਲਿਪਟ ਕੇ ਆਪਣੇ ਘਰ ਪਰਤਦੇ ਹਨ।” ਹਾਲਾਂਕਿ ਬਾਜਵਾ ਨੇ ਲਾਲ ਕਿਲ੍ਹ’ਤੇ 26 ਜਨਵਰੀ ਨੂੰ ਹੋਈ ਹਿੰਸਾ ਦੀ ਵੀ ਨਿੰਦਾ ਕੀਤੀ ਅਤੇ ਪੂਰੇ ਮਾਮਲੇ ਦੀ ਜਾੰਚ ਰਿਟਾਇਰਡ ਜੱਜ ਤੋਂ ਕਰਵਾਉਣ ਦੀ ਵੀ ਮੰਗ ਕੀਤੀ।
ਜ਼ਿਕਰੇਖਾਸ ਹੈ ਕਿ ਪ੍ਰਤਾਪ ਬਾਜਵਾ ਨੇ ਆਪਣਾ ਪੂਰਾ ਭਾਸ਼ਣ ਪੰਜਾਬੀ ਵਿੱਚ ਦਿੱਤਾ। ਭਾਸ਼ਣ ਦੇ ਆਖਰ ‘ਚ ਬਾਜਵਾ ਨੇ ਇੱਕ ਕਵਿਤਾ ਦੇ ਜ਼ਰੀਏ ਕਿਸਾਨਾਂ ਦੀ ਹੌੰਸਲਾਅਫ਼ਜ਼ਾਈ ਵੀ ਕੀਤੀ। ਬਾਜਵਾ ਦੀ ਕਵਿਤਾ ਕੁਝ ਇਸ ਤਰ੍ਹਾੰ ਸੀ:-
ਚੀਰ ਦਿੰਦੇ ਨੇ ਪਹਾੜ, ਹੁੰਦਾ ਜਿਹਨਾੰ ਨੂੰ ਜਨੂੰਨ…
ਰਹਿ ਕੇ ਮੰਜ਼ਿਲਾਂ ਤੋਂ ਦੂਰ, ਕਿਥੇ ਮਿਲਦਾ ਹੈ ਸਕੂਨ…
ਹਾਰਦੇ ਨੀ ਹੁੰਦੇ ਮਰਦ ਦਲੇਰ…
ਬੱਸ ਹੌਂਸਲਾ ਬਣਾ ਕੇ ਤੁਸੀਂ ਕਿਸਾਨ ਵੀਰੋ ਰੱਖਿਓ…
ਅਸੀਂ ਜਿੱਤਾਂਗੇ ਜ਼ਰੂਰ…ਜੰਗ ਜਾਰੀ ਰੱਖਿਓ…।
ਅਸੀਂ ਜਿੱਤਾਂਗੇ ਜ਼ਰੂਰ…ਜੰਗ ਜਾਰੀ ਰੱਖਿਓ…।।