ਸਵੀਡਨ ਦੀ ਕਲਾਈਮੇਟ ਐਕਟੀਵਿਸਟ ਗ੍ਰੇਟਾ ਥਨਬਰਗ ਲਗਾਤਾਰ ਸੋਸ਼ਲ ਮੀਡੀਆ ‘ਤੇ ਅੰਦੋਲਨਕਾਰੀ ਕਿਸਾਨਾਂ ਨੂੰ ਸਮਰਥਨ ਦੇ ਰਹੀ ਹੈ। ਉਹਨਾਂ ਵੱਲੋਂ ਇੱਕ ਟੂਲਕਿਟ ਡੋਕਿਊਮੈਂਟ ਵੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਲੈ ਕੇ ਦਿੱਲੀ ਪੁਲਿਸ ਨੇ FIR ਦਰਜ ਕੀਤੀ ਹੈ। ਪਰ ਆਖਰ ਇਹ ਟੂਲਕਿਟ ਹੈ ਕੀ, ਇਹ ਰਿਪੋਰਟ ਤੁਹਾਡੇ ਇਸ ਸਵਾਲ ਦਾ ਜਵਾਬ ਦੇਵੇਗੀ। ਨਾਲ ਹੀ ਦਿਲੀ ਪੁਲਿਸ ਦੀ FIR ਨੂੰ ਸਮਝਣ ‘ਚ ਵੀ ਆਸਾਨੀ ਹੋਵੇਗੀ।
ਟੂਲਕਿਟ ਕੀ ਹੈ ?
ਟੂਲਕਿਟ ਇਕ ਅਜਿਹਾ ਡੋਕਿਊਮੈਂਟ ਹੈ, ਜਿਸ ‘ਚ ਦਸਿਆ ਗਿਆ ਹੈ ਕਿ ਅੰਦੋਲਨ ਦੌਰਾਨ ਸਮਰਥਨ ਕਿਵੇਂ ਜੁਟਾਇਆ ਜਾਵੇ, ਕਿਸ ਤਰ੍ਹਾਂ ਦੇ ਹੈਸ਼ਟੇਗ ਦਾ ਇਸਤੇਮਾਲ ਕੀਤਾ ਜਾਵੇ, ਪ੍ਰਦਰਸ਼ਨ ਦੌਰਾਨ ਕੋਈ ਦਿਕਤ ਆਵੇ, ਤਾਂ ਕਿਥੇ ਕਾਨਟੈਕਟ ਕਰਨਾ ਹੈ। ਇਸ ਦੌਰਾਨ ਕੀ ਕਰਨਾ ਹੈ ਤੇ ਕੀ ਕਰਨ ਤੋਂ ਬਚਣਾ ਹੈ। ਇਹ ਸਭ ਟੂਲਕਿਟ ‘ਚ ਦਸਿਆ ਗਿਆ ਹੈ।
ਵਿਵਾਦ ਨਾਲ ਗ੍ਰੇਟਾ ਦਾ ਨਾਂਅ ਕਿਵੇਂ ਜੁੜਿਆ ?
ਕਿਸਾਨਾਂ ਦੇ ਸਮਰਥਨ ‘ਚ ਸਵੀਡਨ ਦੀ ਕਲਾਈਮੈਟ ਐਕਟੀਵਿਸਟ ਗ੍ਰੇਟਾ ਥਨਬਰਗ ਨੇ ਟਵੀਟ ਕੀਤਾ ਸੀ, ਜਿਸ ‘ਚ ਅੰਦੋਲਨ ਕਿਵੋਂ ਕਰਨਾ ਹੈ, ਇਸਦੀ ਜਾਣਕਾਰੀ ਵਾਲੇ ਟੂਲਕਿਟ ਨੂੰ ਸਾਂਝਾ ਕੀਤਾ ਗਿਆ। ਟੂਲਕਿਟ ਵਿੱਚ ਕਿਸਾਨ ਅੰਦੋਲਨ ਨੂੰ ਅੱਗੇ ਵਧਾਉਣ ਲਈ ਕਿਹਾ ਗਿਆ ਹੈ। ਟਵੀਟ ਵਿੱਚ ਕਿਹੜਾ ਹੈਸ਼ਟੈਗ ਲਗਾਉਣਾ ਹੈ, ਕਿਵੇਂ ਬਚਣਾ ਹੈ, ਇਸਦੀ ਜਾਣਕਾਰੀ ਦਿੱਤੀ ਗਈ ਹੈ। ਗ੍ਰੇਟਾ ਨੇ ਪਹਿਲਾਂ ਵਾਲੇ ਟੂਲਕਿਟ ਨੂੰ ਡਿਲੀਟ ਕਰਕੇ ਉਸਨੂੰ ਅਪਡੇਟ ਕਰਕੇ ਮੁੜ ਵੀ ਸ਼ੇਅਰ ਕੀਤਾ।
ਟੂਲਕਿਟ ਬਣਾਉਣ ਵਾਲਿਆਂ ਖਿਲਾਫ਼ FIR
ਟੂਲਕਿਟ ਬਣਾਉਣ ਵਾਲਿਆੰ ਖਿਲਾਫ਼ ਦਿੱਲੀ ਪੁਲਿਸ ਦੀ ਸਾਈਬਲ ਸੈੱਲ ਨੇ ਕੇਸ ਦਰਜ ਕੀਤਾ ਹੈ। IPC ਦੀ ਧਾਰਾ 153ਏ (ਸ਼ਾਂਤੀ ਭੰਗ ਕਰਨਾ) ਅਤੇ 120ਬੀ (ਅਪਰਾਧਿਕ ਸਾਜ਼ਿਸ਼) ਦੇ ਤਹਿਤ ਇਹ ਕੇਸ ਦਰਜ ਹੋਇਆ ਹੈ। ਹਾਲਾਂਕਿ ਦਿੱਲੀ ਪੁਲਿਸ ਦੀ FIR ‘ਚ ਗ੍ਰੇਟਾ ਥਨਬਰਗ ਦਾ ਨਾੰਅ ਸ਼ਾਮਲ ਨਹੀਂ ਕੀਤਾ ਗਿਆ ਹੈ। ਦਿੱਲੀ ਪੁਲਿਸ ਨੇ ਅੰਦੋਲਨ ਨੂੰ ਭੜਕਾਉਣ ਲਈ ਖਾਲਿਸਤਾਨੀ ਸਾਜ਼ਿਸ਼ ਵੱਲ ਇਸ਼ਾਰਾ ਕੀਤਾ ਹੈ। ਨਾਲ ਹੀ ਭਾਰਤ ਖਿਲਾਫ਼ ਨਫਰਤ ਫੈਲਾਉਣ ਵਾਲੇ 300 ਸੋਸ਼ਲ ਮੀਡੀਆ ਅਕਾਊੰਟਸ ਦੀ ਪਛਾਣ ਕੀਤੀ।
ਟੂਲਕਿਟ ਮਸਲੇ ‘ਤੇ ਕੇਂਦਰ ਵੀ ਸਖਤ
ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ, “ਟੂਲਕਿਟ ਦਾ ਮਸਲਾ ਬੇਹੱਦ ਗੰਭੀਰ ਹੈ। ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਕੁਝ ਵਿਦੇਸ਼ੀ ਤਾਕਤਾਂ ਭਾਰਤ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕਰ ਰਹੀਆੰ ਹਨ।”
ਪਹਿਲਾਂ ਵੀ ਹੋ ਚੁੱਕਿਆ ਹੈ ਟੂਲਕਿਟ ਦਾ ਇਸਤੇਮਾਲ
ਪਿਛਲੇ ਸਾਲ ਅਮਰੀਕਾ ‘ਚ ਪੁਲਿਸ ਵੱਲੋਂ ਇਁਕ ਅਸ਼ਵੇਤ ਦਾ ਸੜਕ ‘ਤੇ ਕਤਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ‘ਬਲੈਕ ਲਾਈਫ ਮੈਟਰ’ ਕੈਂਪੇਨ ਸ਼ੁਰੂ ਕੀਤਾ ਗਿਆ। ਇਸ ਕੈਂਪੇਨ ਲਈ ਵੀ ਟੂਲਕਿਟ ਜਾਰੀ ਕੀਤੀ ਗਈ ਸੀ, ਜਿਸ ‘ਚ ਲਿਖਿਆ ਸੀ ਕਿ ਅੰਦੋਲਨ ‘ਚ ਕਿਵੇਂ ਜਾਣਾ ਹੈ, ਕਿਥੇ ਜਾਣਾ ਹੈ, ਕਿਥੇ ਨਹੀਂ ਜਾਣਾ, ਪੁਲਿਸ ਦੇ ਕਾਰਵਾਈ ਕਰਨ ‘ਤੇ ਕੀ ਕਰਨਾ ਹੈ। ਕਿਸ ਤਰ੍ਹਾਂ ਦੇ ਕੱਪੜੇ ਪਾਉਣੇ ਹਨ, ਪੁਲਿਸ ਫੜ ਲਵੇ ਤਾਂ ਕੀ ਕਰਨਾ ਹੈ। ਅਮਰੀਕਾ ਤੋਂ ਇਲਾਵਾ ਹਾਂਗਕਾਂਗ ‘ਚ ਵੀ ਚੀਨ ਖਿਲਾਫ ਅੰਦੋਲਨ ‘ਚ ਟੂਲਕਿਟ ਨੂੰ ਸ਼ੇਅਰ ਕੀਤਾ ਗਿਆ ਸੀ।