ਅੰਮ੍ਰਿਤਸਰ। ਸਿੱਖ ਕੌਮ ਲਈ ਉਸ ਵਕਤ 1984 ਸਿੱਖ ਵਿਰੋਧੀ ਦੰਗਿਆੰ ਦੇ ਜ਼ਖਮ ਅੱਲ੍ਹੇ ਹੋਣ ਲੱਗੇ, ਜਦੋੰ ਦੰਗਿਆੰ ਦੇ ਮੁਲਜ਼ਮ ਕਾੰਗਰਸੀ ਆਗੂ ਜਗਦੀਸ਼ ਟਾਈਟਲਰ ਦੀ ਟੀ-ਸ਼ਰਟ ਪਹਿਨ ਕੇ ਇੱਕ ਸ਼ਖਸ ਨਾ ਸਿਰਫ਼ ਦਰਬਾਰ ਸਾਹਿਬ ਪਹੁੰਚਿਆ, ਬਲਕਿ ਉਸ ਦੀਆੰ ਤਸਵੀਰਾੰ ਖਿੱਚ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਵੀ ਕਰ ਦਿੱਤਾ। ਟਾਈਟਲਰ ਦੀ ਟੀ-ਸ਼ਰਟ ਪਹਿਨ ਕੇ ਦਰਬਾਰ ਸਾਹਿਬ ਪਹੁੰਚਿਆ ਇਹ ਸ਼ਖਸ ਕਰਮਜੀਤ ਗਿੱਲ ਹੈ, ਜੋ ਖੁਦ ਨੂੰ ਕਾੰਗਰਸ ਦਾ ਆਗੂ ਦੱਸਦਾ ਹੈ।
SGPC ਨੇ ਜਤਾਇਆ ਸਖਤ ਇਤਰਾਜ਼
ਸੋਸ਼ਲ ਮੀਡੀਆ ‘ਤੇ ਤਸਵੀਰਾੰ ਵਾਇਰਲ ਹੋਣ ਤੋੰ ਬਾਅਦ ਇਹ ਮਾਮਲਾ ਭਖਣ ਲੱਗਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਸਦੀ ਕਰੜੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਨੇ ਇਹ ਹਰਕਤ ਕੀਤੀ ਹੈ, ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਕਮੇਟੀ ਪ੍ਰਧਾਨ ਦੇ ਆਦੇਸ਼ ‘ਤੇ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਜਾ ਚੁੱਕੀ ਹੈ। ਧਾਮੀ ਨੇ ਕਿਹਾ ਕਿ ਜਗਦੀਸ਼ ਟਾਈਟਲਰ ਦਿੱਲੀ ਸਿੱਖ ਕਤਲੇਆਮ ਦਾ ਮੁੱਖ ਦੋਸ਼ੀ ਹੈ, ਜਿਸ ਨੂੰ ਸਿੱਖ ਕੌਮ ਕਦੇ ਵੀ ਮੁਆਫ਼ ਨਹੀਂ ਕਰ ਸਕਦੀ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਗਦੀਸ਼ ਟਾਈਟਲਰ ਦੀ ਤਸਵੀਰ ਵਾਲੀ ਟੀ-ਸ਼ਰਟ ਪਾ ਕੇ ਆਉਣ ਦਾ ਮਾਮਲਾ:
ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਕੀਤੀ ਨਿੰਦਾ, ਪੁਲਿਸ ਕਾਰਵਾਈ ਲਈ ਦਿੱਤੇ ਆਦੇਸ਼#ਸ਼੍ਰੋਮਣੀਕਮੇਟੀਪ੍ਰੈੱਸਨੋਟ https://t.co/ftd12zdx1t pic.twitter.com/mITcx27X10— Shiromani Gurdwara Parbandhak Committee (SGPC) (@SGPCAmritsar) August 17, 2022
ਕਮੇਟੀ ਮੁਤਾਬਕ, CCTV ਕੈਮਰੇ ਦੀ ਰਿਕਾਡਿੰਗ ਅਨੁਸਾਰ ਇਹ ਵਿਅਕਤੀ ਆਟਾ ਮੰਡੀ ਬਾਹੀ ਤੋਂ ਪਰਕਰਮਾਂ ਵਿਚ ਦਾਖਲ ਹੋਇਆ ਅਤੇ ਫੋਟੋ ਖਿਚਵਾਉਣ ਮਗਰੋਂ ਬਿਨਾ ਮੱਥਾ ਟੇਕਿਆਂ ਵਾਪਸ ਚਲਾ ਗਿਆ। ਕਮੇਟੀ ਨੇ ਕਿਹਾ ਕਿ ਇਸ ਤੋਂ ਸਪੱਸ਼ਟ ਹੈ ਕਿ ਇਹ ਵਿਅਕਤੀ ਜਾਣਬੁਝ ਕੇ ਕੋਝੀ ਹਰਕਤ ਕਰਨ ਲਈ ਹੀ ਆਇਆ ਸੀ, ਨਾ ਕਿ ਗੁਰੂ ਸਾਹਿਬ ਨੂੰ ਸ਼ਰਧਾ ਭੇਟ ਕਰਨ।
ਧਾਮੀ ਨੇ ਕਿਹਾ, “ਅਜਿਹੇ ਵਿਅਕਤੀ ਦੀ ਤਸਵੀਰ ਲੱਗੀ ਟੀ-ਸ਼ਰਟ ਪਾ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਉਣਾ ਸਿੱਖਾਂ ਨੂੰ ਚਿੜ੍ਹਾਉਣ ਵਾਲੀ ਕਾਰਵਾਈ ਹੈ।” ਉਹਨਾੰ ਕਿਹਾ ਕਿ ਕਰਮਜੀਤ ਗਿੱਲ ਕਾੰਗਰਸ ਦਾ ਲੀਡਰ ਹੈ ਅਤੇ ਸੋਚੀ-ਸਮਝੀ ਸਾਜ਼ਿਸ਼ ਦੇ ਤਹਿਤ ਇਹ ਸ਼ਰਾਰਤ ਕੀਤੀ ਗਈ ਹੈ।ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਜਮਾਤ ਸ਼ੁਰੂ ਤੋਂ ਹੀ ਸਿੱਖ ਵਿਰੋਧੀ ਰਹੀ ਹੈ ਅਤੇ ਇਸ ਵੱਲੋਂ 1984 ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਹਮਲਾ ਅਤੇ ਦਿੱਲੀ ਸਿੱਖ ਕਤਲੇਆਮ ਨਾ ਭੁੱਲਣਯੋਗ ਹੈ। ਅੱਜ ਫਿਰ ਸਿੱਖ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਦੀ ਤਸਵੀਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਦਰਸ਼ਤ ਕਰਕੇ ਕਾਂਗਰਸ ਦੇ ਆਗੂ ਨੇ ਸਿੱਖ ਭਾਵਨਾਵਾਂ ਨੂੰ ਦੁਖਾਇਆ ਹੈ।
ਐਡਵੋਕੇਟ ਧਾਮੀ ਨੇ ਆਖਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੱਖਾਂ ਦਾ ਪ੍ਰਮੁੱਖ ਧਾਰਮਿਕ ਅਸਥਾਨ ਹੋਣ ਦੇ ਨਾਲ-ਨਾਲ ਪੂਰੀ ਦੁਨੀਆਂ ਦੇ ਲੋਕਾਂ ਲਈ ਆਸਥਾ ਦਾ ਕੇਂਦਰ ਵੀ ਹੈ। ਇਥੇ ਹਰ ਹਰ ਵਿਅਕਤੀ ਮਾਨਸਿਕ ਸ਼ਾਂਤੀ ਅਤੇ ਅਧਿਆਤਮਿਕ ਸ਼ਕਤੀ ਪ੍ਰਾਪਤ ਕਰਨ ਲਈ ਨਤਮਸਤਕ ਹੁੰਦਾ ਹੈ। ਉਨ੍ਹਾਂ ਆਖਿਆ ਕਿ ਇਸ ਪਾਵਨ ਅਸਥਾਨ ’ਤੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਹਰਕਤ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।
ਆਮ ਆਦਮੀ ਪਾਰਟੀ ਨੇ ਵੀ ਸਾਧਿਆ ਨਿਸ਼ਾਨਾ
ਇਸ ਘਟਨਾ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਵੀ ਕਾੰਗਰਸ ‘ਤੇ ਨਿਸ਼ਾਨਾ ਸਾਧਿਆ ਹੈ। ਆਪ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਰਮਜੀਤ ਗਿੱਲ ਦੇ ਇਸ ਕਾਰੇ ਨੂੰ ਸ਼ਰਮਨਾਕ ਦੱਸਿਆ ਹੈ। ਉਹਨਾੰ ਕਿਹਾ ਕਿ ਹਰ ਵੇਲੇ ਆਪ ‘ਤੇ ਹਮਲਾ ਬੋਲਣ ਵਾਲੇ ਸੁਖਪਾਲ ਖਹਿਰਾ ਅਤੇ ਪਰਗਟ ਸਿੰਘ ਹੁਣ ਚੁੱਪ ਕਿਉੰ ਹਨ। ਉਹਨਾੰ ਕਿਹਾ ਕਿ ਇਹ ਸਰਾਸਰ ਸਿੱਖਾੰ ਦੇ ਜ਼ਖਮਾੰ ‘ਤੇ ਲੂਣ ਛਿੜਕਣ ਬਰਾਬਰ ਹੈ।
Another low & a shameful act by Chairman SC cell Congress, who is boisterously flaunting a pic of the perpetrator of Genocide in 1984,attempting to exasperate the old wounds of Sikhs.Not surprisingly @SukhpalKhaira,@PargatSOfficial are stuck dumb when its imperative to speak. https://t.co/qiatxU3mjM
— Malvinder Singh Kang (@KangMalvinder) August 17, 2022
ਪਹਿਲਾੰ ਵੀ ਵਿਵਾਦਾੰ ‘ਚ ਰਿਹਾ ਕਰਮਜੀਤ ਗਿੱਲ
ਕਰਮਜੀਤ ਗਿੱਲ ਅੰਮ੍ਰਿਤਸਰ ਦਾ ਵਸਨੀਕ ਹੈ ਅਤੇ ਜਗਦੀਸ਼ ਟਾਈਟਲਰ ਦਾ ਸਮਰਥਕ ਹੈ। ਉਹ ਪਹਿਲਾੰ ਵੀ ਕਈ ਵਾਰ ਵਿਵਾਦਾੰ ਵਿੱਚ ਰਹਿ ਚੁੱਕਿਆ ਹੈ। ਉਸ ਵੱਲੋੰ ਟਾਈਟਲਰ ਦਾ ਜਨਮ ਦਿਨ ਮਨਾਉਣ ਨੂੰ ਲੈ ਕੇ ਵੀ ਵਿਵਾਦ ਖੜ੍ਹਾ ਹੋ ਚੁੱਕਿਆ ਹੈ। ਗਿੱਲ ਇੱਕ ਵਾਰ ਅੰਮ੍ਰਿਤਸਰ ਸ਼ਹਿਰ ਵਿੱਚ ਟਾਈਟਲਰ ਦੇ ਪੋਸਟਰ ਵੀ ਲਗਵਾ ਚੁੱਕੇ ਹਨ। ਸੋਸ਼ਲ ਮੀਡੀਆ ‘ਤੇ ਉਹਨਾੰ ਦੀਆੰ ਟਾਈਟਲਰ ਨਾਲ ਕਈ ਤਸਵੀਰਾੰ ਵੀ ਮੌਜੂਦ ਹਨ।