Home Election ਪੰਜਾਬ ਤੋੰ ਬਾਅਦ 'ਆਪ' ਦੀ ਹਿਮਾਚਲ 'ਤੇ ਨਜ਼ਰ...ਭਗਵੰਤ ਮਾਨ ਨੇ ਹਿਮਾਚਲ ਵਾਸੀਆਂ...

ਪੰਜਾਬ ਤੋੰ ਬਾਅਦ ‘ਆਪ’ ਦੀ ਹਿਮਾਚਲ ‘ਤੇ ਨਜ਼ਰ…ਭਗਵੰਤ ਮਾਨ ਨੇ ਹਿਮਾਚਲ ਵਾਸੀਆਂ ਤੋੰ ਮੰਗਿਆ ਇੱਕ ਮੌਕਾ

ਸ਼ਿਮਲਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿਚ ਹੁਣ ਬਦਲਾਅ ਦਾ ਸਮਾਂ ਆ ਗਿਆ ਹੈ ਅਤੇ ਪਹਾੜੀ ਸੂਬੇ ਦੇ ਵਸਨੀਕਾਂ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਵਾਂਗ ਲੋਕ ਪੱਖੀ ਅਤੇ ਨਤੀਜਾ ਮੁਖੀ ਸਰਕਾਰ ਚੁਣਨ ਦੀ ਅਪੀਲ ਕੀਤੀ ਹੈ।

ਹਿਮਾਚਲ ਵਾਸੀਆਂ ਨੂੰ ਸਿੱਖਿਆ ਦੀ ਪਹਿਲੀ ਗਾਰੰਟੀ ਦੇਣ ਮੌਕੇ ਮੁੱਖ ਮੰਤਰੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਹੁਣ ਉਹ ਸਮਾਂ ਆ ਗਿਆ ਹੈ, ਜਦੋਂ ਹਿਮਾਚਲ ਵਾਸੀਆਂ ਨੂੰ ਆਮ ਲੋਕਾਂ ਲਈ ਸਖ਼ਤ ਮਿਹਨਤ ਕਰ ਰਹੀ ‘ਆਪ’ ਦੀ ‘ਕਾਰਗੁਜ਼ਾਰੀ’ ਅਤੇ ਦੇਸ਼ ਨੂੰ ਬਰਬਾਦ ਕਰਨ ਵਾਲੀਆਂ ਰਵਾਇਤੀ ਪਾਰਟੀਆਂ ਦੇ ਫੋਕੇ ਵਾਅਦਿਆਂ ਵਿੱਚੋਂ ਇਕ ਦੀ ਚੋਣ ਕਰਨੀ ਚਾਹੀਦੀ ਹੈ।

ਹਿਮਾਚਲ ਦੀ ਸਥਿਤੀ ਪੰਜਾਬ ਨਾਲੋਂ ਵੱਖਰੀ ਨਹੀਂ- CM

ਮਾਨ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਦੀ ਸਥਿਤੀ ਵੀ ਮਾਰਚ, 2022 ਤੋਂ ਪਹਿਲਾਂ ਦੇ ਪੰਜਾਬ ਨਾਲੋਂ ਵੱਖਰੀ ਨਹੀਂ ਹੈ, ਕਿਉਂਕਿ ਪੰਜਾਬ ਵਾਂਗ ਇੱਥੇ ਵੀ ਸਿਰਫ ਰਵਾਇਤੀ ਪਾਰਟੀਆਂ ਵਿਚਕਾਰ ਹੀ ਮੁਕਾਬਲਾ ਹੁੰਦਾ ਸੀ। ਉਨ੍ਹਾਂ ਨੇ ਅਫਸੋਸ ਜ਼ਾਹਰ ਕੀਤਾ ਕਿ ਇਨ੍ਹਾਂ ਪਾਰਟੀਆਂ ਨੇ ਨਖਿੱਧ ਕਾਰਗੁਜ਼ਾਰੀ ਦਾ ਪ੍ਰਗਟਾਵਾ ਕਰਨ ਦੇ ਨਾਲ-ਨਾਲ ਟੈਕਸ ਭਰਨ ਵਾਲਿਆਂ ਦੇ ਪੈਸੇ ਨੂੰ ਲੁੱਟ ਕੇ ਲੋਕਾਂ ਨੂੰ ਧੋਖਾ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਚੇ ਰਵਾਇਤੀ ਪਾਰਟੀਆਂ ਦੇ ਦਿੱਗਜ਼ ਆਗੂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਅਤੇ ਨਵਜੋਤ ਸਿੰਘ ਸਿੱਧੂ ਨੂੰ ਵੀ ਆਪਣੇ ਹਲਕਿਆਂ ਤੋਂ ਹਾਰ ਦਾ ਮੂੰਹ ਦੇਖਣਾ ਪਿਆ ਸੀ। ਭਗਵੰਤ ਮਾਨ ਨੇ ਉਮੀਦ ਪ੍ਰਗਟਾਈ ਕਿ ਚੋਣਾਂ ਤੋਂ ਬਾਅਦ ਹਿਮਾਚਲ ਵਿੱਚ ਵੀ ਅਜਿਹਾ ਹੀ ਦ੍ਰਿਸ਼ ਉਭਰੇਗਾ ਅਤੇ ਸੂਬੇ ਵਿੱਚ ‘ਆਪ’ ਦੀ ਸਰਕਾਰ ਬਣੇਗੀ।

PM ਮੋਦੀ ‘ਤੇ ਬੋਲਿਆ ਤਿੱਖਾ ਹਮਲਾ

ਪ੍ਰਧਾਨ ਮੰਤਰੀ ਨਰੇੰਦਰ ਮੋਦੀ ਉਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਨੇ ‘ਜੁਮਲੇਬਾਜ਼ੀ ਦਾ ਉਸਤਾਦ’ ਦੱਸਿਆ। ਮੁੱਖ ਮੰਤਰੀ ਨੇ ਉਨ੍ਹਾਂ ਦੀ ਸਰਕਾਰ ਦੀਆਂ ਭਲਾਈ ਸਕੀਮਾਂ ਨੂੰ ਮੁਫਤਖੋਰੀ ਦੱਸ ਕੇ ਭੰਡਣ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਆਪਣੇ ਮਿੱਤਰਾਂ ਨੂੰ ਕਈ ਲੱਖ ਕਰੋੜ ਰੁਪਏ ਦੇ ਫਾਇਦੇ ਦਿੱਤੇ ਹਨ। ਉਨ੍ਹਾਂ ਨੇ ਲੋਕਾਂ ਨੂੰ ਚੇਤੇ ਕਰਵਾਇਆ ਕਿ ਨਰੇੰਦਰ ਮੋਦੀ ਵੱਲੋਂ ਹਰੇਕ ਨਾਗਰਿਕ ਦੇ ਖਾਤੇ ਵਿੱਚ 15 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਉਲਟਾ ਲੋਕਾਂ ਨੂੰ ਬਿਨਾਂ ਕਿਸੇ ਯੋਜਨਾ ਦੇ ਲਾਗੂ ਕੀਤੀ ਨੋਟਬੰਦੀ ਕਾਰਨ ਬਹੁਤ ਨੁਕਸਾਨ ਸਹਿਣਾ ਪਿਆ।

ਮਾਨ ਨੇ ਗਿਣਾਏ ਪੰਜਾਬ ਸਰਕਾਰ ਦੇ ਕੰਮ

ਪੰਜਾਬ ਵਿੱਚ ਆਮ ਆਦਮੀ ਦੀ ਸਰਕਾਰ ਵੱਲੋਂ ਕੀਤੀਆਂ ਪਹਿਲਕਦਮੀਆਂ ਗਿਣਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀ ਤਰੱਕੀ ਅਤੇ ਲੋਕਾਂ ਦੀ ਖੁਸ਼ਹਾਲੀ ਲਈ ਸੂਬਾ ਸਰਕਾਰ ਵੱਲੋਂ ਕਈ ਵੱਡੇ ਫੈਸਲੇ ਲਏ ਹਨ। ਉਨ੍ਹਾਂ ਕਿਹਾ ਕਿ ਸੂਬੇ ‘ਚ 50,000 ਏਕੜ ਕੀਮਤੀ ਸਰਕਾਰੀ ਜ਼ਮੀਨ ‘ਤੇ ਰਸੂਖਵਾਨ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਵਿੱਚੋਂ 9000 ਏਕੜ ਜ਼ਮੀਨ ਤੋਂ ਕਬਜ਼ਾ ਛੁਡਵਾਇਆ ਜਾ ਚੁੱਕਾ ਹੈ ਅਤੇ ਬਾਕੀ ਨੂੰ ਜਲਦੀ ਹੀ ਨਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾ ਦਿੱਤਾ ਜਾਵੇਗਾ।

ਆਮ ਆਦਮੀ ਕਲੀਨਿਕ ਦਾ ਵੀ ਜ਼ਿਕਰ

ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਦੀ ਸਰਕਾਰ ਨੇ ਪੰਜਾਬ ਵਿੱਚ 100 ਆਮ ਆਦਮੀ ਕਲੀਨਿਕ ਖੋਲ੍ਹੇ ਹਨ। ਭਗਵੰਤ ਮਾਨ ਨੇ ਦੱਸਿਆ ਕਿ ਇਨ੍ਹਾਂ ਕਲੀਨਿਕਾਂ ਵਿੱਚ ਲੋਕਾਂ ਨੂੰ 100 ਦੇ ਕਰੀਬ ਕਲੀਨਿਕਲ ਟੈਸਟਾਂ ਵਾਲੇ 41 ਪੈਕੇਜ ਮੁਫਤ ਦਿੱਤੇ ਜਾ ਰਹੇ ਹਨ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਇਹ ਕਲੀਨਿਕ ਪੰਜਾਬ ਵਿੱਚ ਸਿਹਤ ਸੰਭਾਲ ਪ੍ਰਣਾਲੀ ਵਿੱਚ ਸੁਧਾਰ ਕਰਨ ਲਈ ਮੀਲ ਪੱਥਰ ਸਾਬਤ ਹੋਣਗੇ। ਉਨ੍ਹਾਂ ਕਿਹਾ ਕਿ 90 ਫੀਸਦੀ ਮਰੀਜ਼ਾਂ ਦਾ ਇਲਾਜ ਇਨ੍ਹਾਂ ਕਲੀਨਿਕਾਂ ਤੋਂ ਹੀ ਹੋਵੇਗਾ ਜਿਸ ਨਾਲ ਹਸਪਤਾਲਾਂ ਦਾ ਬੋਝ ਘਟੇਗਾ।

5 ਸਾਲਾੰ ‘ਚ 16 ਮੈਡੀਕਲ ਕਾਲਜ- CM

ਮੁੱਖ ਮੰਤਰੀ ਨੇ ਕਿਹਾ ਕਿ ਅਗਲੇ ਪੰਜ ਸਾਲਾਂ ਵਿੱਚ ਸੂਬੇ ਵਿੱਚ 16 ਨਵੇਂ ਮੈਡੀਕਲ ਕਾਲਜ ਉਸਾਰੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਨਾਲ ਸੂਬੇ ਵਿੱਚ ਮੈਡੀਕਲ ਕਾਲਜਾਂ ਦੀ ਕੁੱਲ ਗਿਣਤੀ ਵਧ ਕੇ 25 ਹੋ ਜਾਵੇਗੀ, ਜਿਸ ਨਾਲ ਸੂਬਾ ਮੈਡੀਕਲ ਸਿੱਖਿਆ ਦੇ ਗੜ੍ਹ ਵਜੋਂ ਉੱਭਰੇਗਾ। ਉਨ੍ਹਾਂ ਆਸ ਪ੍ਰਗਟਾਈ ਕਿ ਮੈਡੀਕਲ ਸਿੱਖਿਆ ਹਾਸਲ ਕਰਨ ਦੇ ਇੱਛੁਕ ਵਿਦਿਆਰਥੀਆਂ ਨੂੰ ਹੁਣ ਯੂਕਰੇਨ ਵਰਗੇ ਮੁਲਕਾਂ ਵਿੱਚ ਜਾਣ ਦੀ ਲੋੜ ਨਹੀਂ ਰਹੇਗੀ ਅਤੇ ਅਜਿਹੇ ਵਿਦਿਆਰਥੀਆਂ ਨੂੰ ਹੁਣ ਇਨ੍ਹਾਂ ਮੈਡੀਕਲ ਕਾਲਜਾਂ ਵਿੱਚ ਮਿਆਰੀ ਮੈਡੀਕਲ ਸਿੱਖਿਆ ਮੁਹੱਈਆ ਹੋਵੇਗੀ।

ਮੁਫ਼ਤ ਬਿਜਲੀ ਬਿੱਲਾੰ ਦਾ ਵਾਅਦਾ ਪੂਰਾ ਕੀਤਾ- CM

ਮੁੱਖ ਮੰਤਰੀ ਨੇ  ਦੱਸਿਆ ਕਿ ਸਾਡੀ ਸਰਕਾਰ ਨੇ ਇਕ ਮਿਸਾਲੀ ਪਹਿਲਕਦਮੀ ਤਹਿਤ ਸਮਾਜ ਦੇ ਹਰੇਕ ਵਰਗ ਨੂੰ ਪ੍ਰਤੀ ਬਿੱਲ 600 ਯੂਨਿਟ ਬਿਜਲੀ ਦੇ ਮੁਫ਼ਤ ਮੁਹੱਈਆ ਕੀਤੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਸਤੰਬਰ ਮਹੀਨੇ ਵਿੱਚ ਕੁੱਲ 74 ਲੱਖ ਵਿੱਚੋਂ 51 ਲੱਖ ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆਵੇਗਾ। ਭਗਵੰਤ ਮਾਨ ਨੇ ਕਿਹਾ ਕਿ ਜਨਵਰੀ ਵਿੱਚ 98 ਲੱਖ ਘਰਾਂ ਨੂੰ ਬਿਜਲੀ ਬਿੱਲ ਜ਼ੀਰੋ ਆਵੇਗਾ, ਜੋ ਸੂਬੇ ਦੇ ਕੁੱਲ ਘਰਾਂ ਦਾ ਤਕਰੀਬਨ 90 ਫੀਸਦੀ ਬਣਦਾ ਹੈ।

ਪੈਨਸ਼ਨ ਬੰਦ ਕਰਕੇ ਖਜ਼ਾਨੇ ਨੂੰ ਫਾਇਦਾ ਪਹੁੰਚਾਇਆ- CM

ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਇਕ ਵਿਧਾਇਕ, ਇਕ ਪੈਨਸ਼ਨ ਸਕੀਮ ਸ਼ੁਰੂ ਕੀਤੀ ਹੈ, ਜਿਸ ਨਾਲ ਵਿਧਾਇਕਾਂ ਨੂੰ ਕਈ-ਕਈ ਪੈਨਸ਼ਨਾਂ ਰਾਹੀਂ ਲੋਕਾਂ ਦੇ ਪੈਸੇ ਦੀ ਹੁੰਦੀ ਖੁੱਲ੍ਹੀ ਲੁੱਟ ਖ਼ਤਮ ਹੋਵੇਗੀ। ਉਨ੍ਹਾਂ ਅਫ਼ਸੋਸ ਪ੍ਰਗਟ ਕੀਤਾ ਕਿ ਪਿਛਲੇ 75 ਸਾਲਾਂ ਵਿੱਚ ਚੁਣੇ ਹੋਏ ਨੁਮਾਇੰਦਿਆਂ ਨੇ ਸੂਬੇ ਦੇ ਖ਼ਜ਼ਾਨੇ ਵਿੱਚੋਂ ਮੋਟੀਆਂ ਤਨਖ਼ਾਹਾਂ ਤੇ ਪੈਨਸ਼ਨਾਂ ਲਈਆਂ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਆਗੂਆਂ ਦੀਆਂ ਸਹੂਲਤਾਂ ਦਾ ਸਮੁੱਚਾ ਬੋਝ ਕਰਦਾਤਾਵਾਂ ਉਤੇ ਪੈਂਦਾ ਸੀ ਕਿਉਂਕਿ ਉਨ੍ਹਾਂ ਦਾ ਪੈਸਾ ਲੋਕਾਂ ਦੀ ਭਲਾਈ ਲਈ ਵਰਤਣ ਦੀ ਬਜਾਏ ਇਨ੍ਹਾਂ ਆਗੂਆਂ ਨੂੰ ਕਈ-ਕਈ ਪੈਨਸ਼ਨਾਂ ਦੇਣ ਉਤੇ ਅਜਾਈਂ ਗਵਾਇਆ ਗਿਆ।

RELATED ARTICLES

LEAVE A REPLY

Please enter your comment!
Please enter your name here

Most Popular

Recent Comments