ਚੰਡੀਗੜ੍ਹ। ਪੰਜਾਬ ‘ਚ ਕੋਰੋਨਾ ਮਾਮਲਿਆਂ ਦੇ ਅੰਕੜੇ ਆਏ ਦਿਨ ਵਧਦੇ ਜਾ ਰਹੇ ਹਨ। ਸਰਕਾਰ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਦੇ ਬਾਵਜੂਦ ਕੋਰੋਨਾ ਦੀ ਰਫ਼ਤਾਰ ਰੁਕਣ ਦਾ ਨਾੰਅ ਨਹੀਂ ਲੈ ਰਹੀ ਅਤੇ ਲਗਾਤਾਰ ਰੂਹ ਕੰਬਾਊ ਮਾਮਲੇ ਆਉਂਦੇ ਜਾ ਰਹੇ ਹਨ। ਪਿਛਲੇ 24 ਘੰਟਿਆਂ ਅੰਦਰ ਸੂਬੇ ‘ਚ 4957 ਨਵੇਂ ਮਾਮਲੇ ਰਿਪੋਰਟ ਕੀਤੇ ਗਏ ਹਨ, ਜਦਕਿ 68 ਲੋਕਾਂ ਦੀ ਜਾਨ ਚਲੀ ਗਈ ਹੈ।
ਮੋਹਾਲੀ, ਅੰਮ੍ਰਿਤਸਰ ਤੇ ਲੁਧਿਆਣਾ ‘ਚ ਟੁੱਟੇ ਸਾਰੇ ਰਿਕਾਰਡ
ਪੰਜਾਬ ਦੇ ਇਹ ਤਿੰਨੇ ਵੱਡੇ ਸ਼ਹਿਰਾਂ ‘ਚ ਕੋਰੋਨਾ ਦੇ ਹੁਣ ਤੱਕ ਦੇ ਸਾਰੇ ਰਿਕਾਰਡ ਟੁੱਟਦੇ ਜਾ ਰਹੇ ਹਨ। ਤਾਜ਼ਾ ਮਾਮਲਿਆਂ ਦੀ ਗੱਲ ਕਰੀਏ, ਤਾਂ ਮੋਹਾਲੀ ‘ਚ 880, ਅੰਮ੍ਰਿਤਸਰ ‘ਚ 742 ਅਤੇ ਲੁਧਿਆਣਾ ‘ਚ 686 ਨਵੇਂ ਮਾਮਲੇ ਰਿਪੋਰਟ ਕੀਤੇ ਗਏ ਹਨ। ਇਹਨਾਂ ਜ਼ਿਲ੍ਹਿਆਂ ‘ਚ ਮੌਤਾਂ ਦੇ ਅੰਕੜੇ ਵੀ ਬਾਕੀ ਜ਼ਿਲ੍ਹਿਆਂ ਨਾਲੋਂ ਕਿਤੇ ਵੱਧ ਹਨ। ਅੰਮ੍ਰਿਤਸਰ ‘ਚ ਪਿਛਲੇ 24 ਘੰਟਿਆਂ ਅੰਦਰ ਕੋਰੋਨਾ ਨਾਲ 11 ਲੋਕਾਂ ਦੀ ਮੌਤ ਹੋ ਗਈ, ਜਦਕਿ ਮੋਹਾਲੀ ਅਤੇ ਲੁਧਿਆਣਾ ‘ਚ 5-5 ਲੋਕਾਂ ਦੀ ਮੌਤ ਦੀ ਖ਼ਬਰ ਹੈ।
ਜਲੰਧਰ, ਪਟਿਆਲਾ, ਬਠਿੰਡਾ, ਹੁਸ਼ਿਆਰਪੁਰ ‘ਚ ਵੀ ਹਾਲ ਬੇਹਾਲ
ਓਧਰ ਜਲੰਧਰ, ਪਟਿਆਲਾ ਤੇ ਹੁਸ਼ਿਆਰਪੁਰ ‘ਚ ਵੀ ਕੋਰੋਨਾ ਨੇ ਕਹਿਰ ਮਚਾਇਆ ਹੋਇਆ ਹੈ। ਜਲੰਧਰ ‘ਚ ਕੋਰੋਨਾ ਨੇ 445 ਲੋਕਾਂ ਨੂੰ ਆਪਣੀ ਚਪੇਟ ‘ਚ ਲੈ ਲਿਆ, ਜਦਕਿ ਪਟਿਆਲਾ ‘ਚ 379, ਬਠਿੰਡਾ ‘ਚ 293 ਅਤੇ ਹੁਸ਼ਿਆਰਪੁਰ ‘ਚ 268 ਲੋਕ ਸੰਕ੍ਰਮਿਤ ਪਾਏ ਗਏ ਹਨ।
ਇਹਨਾਂ ਜ਼ਿਲ੍ਹਿਆਂ ‘ਚ ਮੌਤਾਂ ਦੇ ਅੰਕੜਿਆਂ ਦੀ ਗੱਲ ਕਰੀਏ, ਤਾਂ ਪਟਿਆਲਾ ‘ਚ 7, ਜਲੰਧਰ ‘ਚ 4, ਹੁਸ਼ਿਆਰਪੁਰ ‘ਚ 2 ਅਤੇ ਬਠਿੰਡਾ ‘ਚ 1 ਮੌਤ ਦੀ ਖ਼ਬਰ ਹੈ।
6 ਹੋਰ ਜ਼ਿਲ੍ਹਿਆਂ ‘ਚ 100 ਤੋਂ ਵੱਧ ਕੇਸ
ਸੂਬੇ ਦੇ 6 ਹੋਰ ਜ਼ਿਲ੍ਹੇ ਹੌਟਸਪੌਟ ਕੈਟੇਗਰੀ ‘ਚ ਗਿਣੇ ਜਾਂਦੇ ਹਨ। ਇਹਨਾਂ ਜ਼ਿਲ੍ਹਿਆਂ ‘ਚ ਲਗਾਤਾਰ 100 ਤੋਂ ਵੱਧ ਕੇਸ ਸਾਹਮਣੇ ਆ ਰਹੇ ਹਨ। ਪਿਛਲੇ 24 ਘੰਟਿਆਂ ਅੰਦਰ ਫ਼ਾਜ਼ਿਲਕਾ ‘ਚ 173, ਮੁਕਤਸਰ ‘ਚ 170 ਅਤੇ ਪਠਾਨਕੋਟ ‘ਚ 128 ਨਵੇਂ ਮਾਮਲੇ ਰਿਪੋਰਟ ਹੋਏ ਹਨ। ਇਸ ਤੋਂ ਇਲਾਵਾ ਮਾਨਸਾ ‘ਚ 117, ਰੋਪੜ ‘ਚ 107 ਅਤੇ ਗੁਰਦਾਸਪੁਰ ‘ਚ 104 ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ।
ਮੌਤਾਂ ਦੇ ਅੰਕੜਿਆਂ ਮੁਤਾਬਕ, ਪਿਛਲੇ 24 ਘੰਟਿਆਂ ਅੰਦਰ ਗੁਰਦਾਸਪੁਰ ‘ਚ 9, ਰੋਪੜ ‘ਚ 6, ਫ਼ਾਜ਼ਿਲਕਾ ‘ਚ 3 ਅਤੇ ਪਠਾਨਕੋਟ ‘ਚ 1 ਮੌਤ ਦੀ ਖ਼ਬਰ ਹੈ।