ਨਵੀਂ ਦਿੱਲੀ। ਰਾਜਧਾਨੀ ਦਿੱਲੀ ‘ਚ ਲਗਾਤਾਰ ਵੱਧ ਰਹੇ ਕੋਰੋਨਾ ਮਾਮਲਿਆਂ ਵਿਚਾਲੇ ਹਸਪਤਾਲਾਂ ‘ਚ ਬੈੱਡਾਂ ਦੀ ਗਿਣਤੀ ਘਟਦੀ ਜਾ ਰਹੀ ਹੈ। ਲਿਹਾਜ਼ਾ ਕੇਜਰੀਵਾਲ ਸਰਕਾਰ ਕਿਸੇ ਨਾ ਕਿਸੇ ਤਰ੍ਹਾਂ ਬੈੱਡਾਂ ਦੀ ਸਮਰੱਥਾ ਵਧਾਉਣ ‘ਚ ਲੱਗੀ ਹੈ। ਇਸੇ ਕੜੀ ਤਹਿਤ ਹੁਣ ਦਿੱਲੀ ‘ਚ ਸਟੇਡੀਅਮਾਂ ਨੂੰ ਹਸਪਤਾਲਾਂ ‘ਚ ਤਬਦੀਲ ਕੀਤਾ ਜਾ ਰਿਹਾ ਹੈ।
ਦਿੱਲੀ ‘ਚ ਇਸ ਵੇਲੇ ਆਕਸੀਜ਼ਨ ਬੈਂੱਡਜ਼ ਦੀ ਭਾਰੀ ਕਮੀ ਹੈ। ਲਿਹਾਜ਼ਾ ਸਰਕਾਰ ਨੇ ਕਾਮਨਵੈਲਥ ਗੇਮਜ਼ ਵਿਲੇਜ ਅਤੇ ਯਮੁਨਾ ਸਪੋਰਟਸ ਕੰਪਲੈਕਸ ‘ਚ 1300 ਆਕਸੀਜ਼ਨ ਬੈੱਡਜ਼ ਦਾ ਇੰਤਜ਼ਾਮ ਕੀਤਾ ਹੈ।
ਸਰਕਾਰ ਮੁਤਾਬਕ, ਕਾਮਨਵੈਲਥ ਗੇਮਜ਼ ਵਿਲੇਜ ‘ਚ 500 ਆਕਸੀਜ਼ਨ ਬੈੱਡ ਲਗਾਏ ਗਏ ਹਨ, ਜੋ ਕਿ ਅਗਲੇ 3 ਦਿਨਾਂ ਤੱਕ ਆਪਰੇਸ਼ਨਲ ਹੋਣਗੇ।
ਖੁਦ ਮੁੱਖ ਮੰਤਰੀ ਨੇ ਪੂਰੇ ਹਾਲਾਤ ‘ਤੇ ਨਜ਼ਰ ਬਣਾਈ ਹੋਈ ਹੈ। ਸੀਐੱਮ ਕੇਜਰੀਵਾਲ ਹਰ ਕੋਵਿਡ ਸੈਂਟਰ ‘ਚ ਜਾ ਕੇ ਇੰਤਜ਼ਾਮਾਂ ਦਾ ਜਾਇਜ਼ਾ ਲੈਂਦੇ ਅਤੇ ਅਧਿਕਾਰੀਆਂ ਨਾਲ ਮੰਥਨ ਕਰਦੇ ਨਜ਼ਰ ਆ ਰਹੇ ਹਨ।
ਦਿੱਲੀ ਦਾ ਇੱਕ ਸਰਕਾਰੀ ਸਕੂਲ ਵੀ ਹਸਪਤਾਲ ‘ਚ ਤਬਦੀਲ ਕੀਤਾ ਗਿਆ ਹੈ। ਸਰਕਾਰ ਮੁਤਾਬਕ, ਰੋਜ਼ ਐਵਨਿਊ ਸਥਿਤ ਇਸ ਸਕੂਲ ‘ਚ 125 ਦੇ ਕਰੀਬ ਆਕਸੀਜ਼ਨ ਬੈੱਡ ਲਗਾਏ ਗਏ ਹਨ।
ਸਰਕਾਰੀ ਸਕੂਲ ‘ਚ ਕੋਵਿਡ ਕੇਅਰ ਸੈਂਟਰ ਦੀ ਸੁਵਿਧਾ ਦੇਣ ਤੋਂ ਬਾਅਦ ਸੀਐੱਮ ਕੇਜਰੀਵਾਲ ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਸਕੂਲ ‘ਚ ਜਾ ਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਦਿੱਲੀ ‘ਚ ਪੈਰ ਪਸਾਰ ਰਿਹਾ ਕੋਰੋਨਾ
ਦਿੱਲੀ ‘ਚ ਕੋਰੋਨਾ ਦੇ ਤਾਜ਼ਾ ਅੰਕੜਿਆਂ ਦੀ ਗੱਲ ਕਰੀਏ, ਤਾਂ ਇਥੇ ਪਿਛਲੇ 24 ਘੰਟਿਆਂ ਅੰਦਰ 25,462 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਕਿ ਪਿਛਲੇ ਸਾਲ ਪੀਕ ਦੌਰਾਨ ਸਾਹਮਣੇ ਆਏ ਮਾਮਲਿਆਂ ਨਾਲ ਕਰੀਬ 3 ਗੁਣਾ ਵੱਧ ਹਨ। ਜ਼ਾਹਿਰ ਹੈ ਹਾਲਾਤ ਿਚੰਤਾ ਵਧਾਉਣ ਵਾਲੇ ਹਨ। ਰਾਜਧਾਨੀ ‘ਚ ਪਿਛਲੇ 24 ਘੰਟਿਆਂ ਦੌਰਾਨ 161 ਲੋਕ ਕੋਰੋਨਾ ਦੇ ਚਲਦੇ ਆਪਣੀਆਂ ਜਾਨਾਂ ਵੀ ਗਵਾ ਚੁੱਕੇ ਹਨ।