ਬਿਓਰੋ। ਪੰਜਾਬੀ ਅਦਾਕਾਰ ਅਤੇ ਲਾਲ ਕਿਲ੍ਹਾ ਹਿੰਸਾ ਦੇ ਮੁਲਜ਼ਮ ਦੀਪ ਸਿੱਧੂ ਦੇ ਇੱਕ ਸਨਸਨੀਖੇਜ਼ ਇਲਜ਼ਾਮ ਨੇ ਨਵਾਂ ਵਿਵਾਦ ਛੇੜ ਦਿੱਤਾ ਹੈ। ਦੀਪ ਦਾ ਇਲਜ਼ਾਮ ਹੈ ਕਿ ਉਹਨਾਂ ਨੂੰ ਕਿਸੇ ਨੂੰ ਧੋਖੇ ਨਾਲ ਨਸ਼ੀਲਾ ਪਦਾਰਥ ਖੁਆ ਦਿੱਤਾ, ਜਿਸ ਕਾਰਨ ਉਹਨਾਂ ਦੀ ਤਬੀਅਤ ਖਰਾਬ ਹੋ ਰਹੀ ਹੈ। ਹਾਲਾਂਕਿ ਦੀਪ ਮੁਤਾਬਕ, ਉਹਨਾਂ ਨੂੰ ਨਹੀਂ ਪਤਾ ਇਸਦੇ ਪਿੱਛੇ ਕੌਣ ਹੈ।
ਦੀਪ ਸਿੱਧੂ ਨੇ ਸੋਸ਼ਲ ਮੀਡੀਆ ‘ਤੇ ਲਿਖਿਆ, “ਕਿਸੇ ਨੇ ਮੈਨੂੰ ਕੁਝ ਸ਼ੱਕੀ ਪਦਾਰਥ ਦੇ ਜ਼ਰੀਏ ਨਸ਼ਾ ਦਿੱਤਾ ਹੈ। ਮੇਰੀ ਤਬੀਅਤ ਠੀਕ ਨਹੀਂ ਹੈ। ਮੈਨੂੰ ਨਹੀਂ ਪਤਾ ਕਿ ਕੌਣ ਕਰ ਰਿਹਾ ਹੈ। ਦੂਜੇ ਪਾਸੇ ਮੈਂ ਸਾਰੀਆਂ ਸਿਆਸੀ ਅਤੇ ਸਮਾਜਿਕ ਰੁਕਾਵਟਾਂ ਦੇ ਖਿਲਾਫ਼ ਇਕੱਲਾ ਖੜ੍ਹਿਆ ਹਾਂ। ਹੁਣ ਮੇਰੀ ਸੁਰੱਖਿਆ ਮੇਰੇ ਪਰਿਵਾਰ ਲਈ ਇੱਕ ਗੰਭੀਰ ਚਿੰਤਾ ਦਾ ਸਬੱਬ ਬਣ ਗਈ ਹੈ। ਮੈਂ ਮੌਜੂਦਾ ਅਸਲੀਅਤ ਵਿਖਾਉਣ ਲਈ ਇਹ ਸਾਂਝਾ ਕਰ ਰਿਹਾ ਹੈ, ਜੋ ਮੈਨੂੰ ਪਹਿਲਾਂ ਖੁਦ ਨੂੰ ਸਮਝ ਨਹੀਂ ਆਇਆ। ਵਾਹਿਗੁਰੂ ਸਾਨੂੰ ਸਾਰਿਆ ਂਨੂੰ ਅਸ਼ੀਰਵਾਦ ਦੇੇਣ।”
ਕਿਸਾਨ ਅੰਦੋਲਨ ਤੋਂ ਚਰਚਾ ‘ਚ ਆਏ ਦੀਪ
ਦੀਪ ਸਿੱਧੂ ਕਈ ਵਾਰ ਪੰਜਾਬੀ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ, ਪਰ ਕਿਸਾਨ ਅੰਦੋਲਨ ‘ਚ ਸ਼ਮੂਲੀਅਤ ਨੂੰ ਲੈ ਕੇ ਉਹ ਖਾਸ ਚਰਚਾ ‘ਚ ਰਹੇ। ਦੀਪ ਸ਼ੁਰੂ ਤੋਂ ਕਿਸਾਨ ਅੰਦੋਲਨ ਨਾਲ ਜੁੜੇ ਹੋਏ ਹਨ। ਹਾਲਾਂਕਿ 26 ਜਨਵਰੀ ਨੂੰ ਟ੍ਰੈਕਟਰ ਪਰੇਡ ਦੇ ਦੌਰਾਨ ਉਹ ਇੱਕ ਵੱਡੇ ਵਿਵਾਦ ‘ਚ ਫਸ ਗਏ। ਦੀਪ ‘ਤੇ ਕਿਸਾਨਾਂ ਨੂੰ ਭੜਕਾ ਕੇ ਲਾਲ ਕਿਲ੍ਹੇ ‘ਤੇ ਲਿਜਾਉਣ ਦਾ ਇਲਜ਼ਾਮ ਲੱਗਿਆ, ਜਿਸ ਤੋਂ ਬਾਅਦ ਉਹ ਲੰਮਾ ਸਮਾਂ ਫਰਾਰ ਰਹੇ। ਬਾਅਦ ‘ਚ ਦਿੱਲੀ ਪੁਲਿਸ ਨੇ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਵੇਲੇ ਉਹ ਜ਼ਮਾਨਤ ‘ਤੇ ਬਾਹਰ ਹਨ।
ਕਿਸਾਨ ਜਥੇਬੰਦੀਆਂ ਨਾਲ ਤਕਰਾਰ
26 ਜਨਵਰੀ ਦੀ ਹਿੰਸਾ ਦੇ ਬਾਅਦ ਤੋਂ ਦੀਪ ਸਿੱਧੂ ਕਿਸਾਨ ਜਥੇਬੰਦੀਆਂ ਦੇ ਨਿਸ਼ਾਨੇ ‘ਤੇ ਹਨ। ਸੰਯੁਕਤ ਕਿਸਾਨ ਮੋਰਚੇ ਨੇ ਬਕਾਇਦਾ ਦੀਪ ਤੋਂ ਕਿਨਾਰਾ ਕਰਕੇ ਉਹਨਾਂ ‘ਤੇ ਅੰਦੋਲਨ ਨੂੰ ਖਰਾਬ ਕਰਨ ਦਾ ਇਲਜ਼ਾਮ ਲਾਇਆ ਸੀ। ਹਾਲਾਂਕਿ ਬਾਅਦ ‘ਚ ਕਈ ਕਿਸਾਨ ਆਗੂ ਦੀਪ ਸਿੱਧੂ ਦੇ ਬਚਾਅ ‘ਚ ਵੀ ਉਤਰੇ, ਪਰ ਦਿੱਲੀ ਮੋਰਚੇ ‘ਚ ਉਹਨਾਂ ਦੀ ਵਾਪਸੀ ਨਹੀਂ ਹੋਈ।
ਯੋਗੇਂਦਰ ਯਾਦਵ ਨਾਲ ਤਨਾਤਨੀ
ਪਿਛਲੇ ਦਿਨੀਂ ਦੀਪ ਸਿੱਧੂ ਨੇ ਕਿਸਾਨ ਆਗੂ ਯੋਗੇਂਦਰ ਯਾਦਵ ‘ਤੇ ਗੰਭੀਰ ਇਲਜ਼ਾਮ ਲਾਏ ਸਨ। ਦੀਪ ਨੇ ਕਿਹਾ ਸੀ ਕਿ ਯੋਗੇਂਦਰ ਯਾਦਵ RSS ਦੇ ਏਜੰਟ ਦੇ ਤੌਰ ‘ਤੇ ਕੰਮ ਕਰ ਕਰ ਰਹੇ ਹਨ ਅਤੇ ਅੰਦੋਲਨ ਨੂੰ ਭਟਕਾਉਣ ਦਾ ਕੰਮ ਕਰ ਰਹੇ ਹਨ।