Home Politics ਕਥਿਤ ਵੈਕਸੀਨ ਅਤੇ ਫਤਿਹ ਕਿੱਟ ਘੁਟਾਲਿਆਂ 'ਤੇ CM ਕੈਪਟਨ ਨੇ ਤੋੜੀ ਚੁੱਪੀ,...

ਕਥਿਤ ਵੈਕਸੀਨ ਅਤੇ ਫਤਿਹ ਕਿੱਟ ਘੁਟਾਲਿਆਂ ‘ਤੇ CM ਕੈਪਟਨ ਨੇ ਤੋੜੀ ਚੁੱਪੀ, ਪੜ੍ਹੋ ਕੀ ਕਿਹਾ

ਚੰਡੀਗੜ੍ਹ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਰੋਧੀ ਪਾਰਟੀਆਂ ਵੱਲੋਂ ਕੁਝ ਪ੍ਰਾਈਵੇਟ ਹਸਪਤਾਲਾਂ ਨੂੰ ਵੈਕਸੀਨ ਸਪਲਾਈ ਕਰਨ ਅਤੇ ਫਤਹਿ ਕਿੱਟਾਂ ਦੀ ਖਰੀਦ ਕਰਨ ਦੇ ਸਬੰਧ ਵਿਚ ਲਾਏ ਗਏ ਦੋਸ਼ਾਂ ਨੂੰ ਸਿਆਸੀ ਤੌਰ ‘ਤੇ ਪ੍ਰੇਰਿਤ ਦੱਸਦੇ ਹੋਏ ਰੱਦ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮਹਾਂਮਾਰੀ ਤੋਂ ਮੁਨਾਫਾ ਕਮਾਉਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ, ਜਦਕਿ ਸਰਕਾਰ ਤਾਂ ਲੋਕਾਂ ਦੀਆਂ ਕੀਮਤੀ ਜਿੰਦਗੀਆਂ ਬਚਾਉਣ ਲਈ ਸਖ਼ਤ ਲੜਾਈ ਲੜ ਰਹੀ ਹੈ।

ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਇਹਨਾਂ ਮੁੱਦਿਆਂ ‘ਤੇ ਕੀਤੇ ਜਾ ਰਹੇ ਧਰਨੇ ਪ੍ਰਦਰਸ਼ਨਾਂ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਦੋਵੇਂ ਪਾਰਟੀਆਂ ਦੀ ਨਜ਼ਰ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ‘ਤੇ ਹੈ, ਜਿਸ ਕਰਕੇ ਇਨ੍ਹਾਂ ਵੱਲੋਂ ਆਪਣੇ ਚੋਣ ਏਜੰਡੇ ਨੂੰ ਅੱਗੇ ਵਧਾਉਣ ਲਈ ਬੇਵਜ੍ਹਾ ਹੋ-ਹੱਲਾ ਮਚਾਇਆ ਜਾ ਰਿਹਾ ਹੈ।

‘ਕਿਸੇ ਵੀ ਗਲਤ ਕੰਮ ‘ਚ ਸਰਕਾਰ ਦੀ ਸ਼ਮੂਲੀਅਤ ਨਹੀਂ’

ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਵੀ ਗਲਤ ਕੰਮ ਵਿੱਚ ਸੂਬਾ ਸਰਕਾਰ ਦੀ ਸ਼ਮੂਲੀਅਤ ਨਹੀ ਹੈ ਅਤੇ ਜੰਗ ਵਰਗੀ ਹੰਗਾਮੀ ਸਥਿਤੀ ਮੌਕੇ ਫੌਰੀ ਅਤੇ ਅਸਧਾਰਨ ਫੈਸਲੇ ਲੈਣੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਕਥਿਤ ਘੁਟਾਲਿਆਂ ਬਾਰੇ ਮੀਡੀਆ ਰਿਪੋਰਟਾਂ ਸਨਸਨੀਖੇਜ਼ ਤੋਂ ਵੱਧ ਕੁਝ ਵੀ ਨਹੀਂ। ਉਨ੍ਹਾਂ ਕਿਹਾ ਕਿ ਸਾਰੇ ਫੈਸਲੇ ਲੋਕਾਂ ਦੇ ਹਿੱਤ ਵਿਚ ਲਏ ਗਏ ਹਨ ਅਤੇ ਬਕਾਇਦਾ ਪ੍ਰਕਿਰਿਆਵਾਂ ਦੀ ਪਾਲਣਾ ਕੀਤੀ ਗਈ।

ਮੈਂ ਆਪਣੇ ਅਧਿਕਾਰੀਆਂ ਨਾਲ ਖੜ੍ਹਾ ਹਾਂ- CM

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਮਾਮਲਿਆਂ ਉਤੇ ਉਹ ਆਪਣੇ ਅਧਿਕਾਰੀਆਂ ਨਾਲ 100 ਫੀਸਦੀ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਸਾਰੇ ਸਹੀ ਕਦਮ ਚੁੱਕੇ ਗਏ ਅਤੇ ਵਿਰੋਧੀਆਂ ਦਾ ਰੌਲਾ-ਗੌਲਾ ਉਨ੍ਹਾਂ ਦੀ ਸਰਕਾਰ ਦੇ ਨੇਕ ਇਰਾਦੇ ਨੂੰ ਕਮਜੋਰ ਨਹੀਂ ਕਰ ਸਕਦਾ ਕਿਉਂ ਜੋ ਸੂਬਾ ਸਰਕਾਰ ਲੋਕਾਂ ਦੀਆਂ ਜਾਨਾਂ ਦੀ ਰਾਖੀ ਉਤੇ ਕੇਂਦਰਿਤ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਡਾਕਟਰ ਅਤੇ ਅਫਸਰਸ਼ਾਹੀ ਬਹੁਤ ਹੀ ਔਖੇ ਦੌਰ ਵਿਚ ਜੰਗ ਲੜਨ ‘ਚ ਸ਼ਾਨਦਾਰ ਕਾਰਗੁਜਾਰੀ ਨਿਭਾਅ ਰਹੇ ਹਨ। ਉਨ੍ਹਾਂ ਨੇ ਐਲਾਨ ਕੀਤਾ ਕਿ ਪੰਜਾਬ ਇਸ ਵਾਇਰਸ ਨੂੰ ਹਰਾਏਗਾ।

‘ਖੁਦ ਘੁਟਾਲੇ ਕੀਤੇ, ਇਸ ਲਈ ਸੁਖਬੀਰ ਨੂੰ ਘੁਟਾਲੇ ਹੀ ਦਿਸਦੇ ਹਨ’

ਮੁੱਖ ਮੰਤਰੀ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੋਵਿਡ ਦੇ ਸੁਰੱਖਿਆ ਉਪਾਵਾਂ ਅਤੇ ਬੰਦਿਸ਼ਾਂ ਦੀ ਉਲੰਘਣਾ ਕਰਕੇ ਸੂਬਾ ਸਰਕਾਰ ਵਿਰੁੱਧ ਵੱਡੇ ਪੱਧਰ ਉਤੇ ਕੀਤੇ ਜਾ ਰਹੇ ਇਕੱਠਾਂ ਦਾ ਗੰਭੀਰ ਨੋਟਿਸ ਲਿਆ। ਉਨ੍ਹਾਂ ਕਿਹਾ ਕਿ ਸੱਤਾ ਲਈ ਬੁਖਲਾਹਟ ਵਿਚ ਆ ਕੇ ਸੁਖਬੀਰ ਬਾਦਲ ਅਤੇ ਉਸ ਦੀ ਪਾਰਟੀ ਦੇ ਵਰਕਰ ਅਜਿਹ ਇਕੱਠਾਂ ਰਾਹੀਂ ਲੋਕਾਂ ਦੀਆਂ ਜਿੰਦਗੀਆਂ ਖ਼ਤਰੇ ਵਿਚ ਪਾ ਰਹੇ ਹਨ।

 

ਸਾਰੇ ਦੋਸ਼ਾਂ ਨੂੰ ਬੇਹੂਦਾ ਅਤੇ ਨਿਰਅਧਾਰ ਦੱਸਦੇ ਹੋਏ ਖਾਰਜ ਕਰਦਿਆਂ ਮੁੱਖ ਮੰਤਰੀ ਨੇ ਸੁਖਬੀਰ ਤੇ ਉਸ ਦੀ ਜੁੰਡਲੀ ਨੂੰ ਹਰੇਕ ਥਾਂ ਘੁਟਾਲੇ ਦਿਸਦੇ ਹਨ ਕਿਉਂ ਜੋ ਉਹ ਆਪਣੀ ਸਰਕਾਰ ਹੁੰਦੇ ਹੋਏ ਹਰੇਕ ਤਰ੍ਹਾਂ ਦੇ ਘੁਟਾਲਿਆਂ ਨਾਲ ਘਿਰੀ ਹੋਈ ਸੀ ਅਤੇ ਇਨ੍ਹਾਂ ਨੇ ਲੋਕਾਂ ਦੀ ਸਖ਼ਤ ਮਿਹਨਤ ਨਾਲ ਕਮਾਏ ਪੈਸੇ ਨਾਲ ਜੇਬਾਂ ਭਰੀਆਂ।

ਕਥਿਤ ਵੈਕਸੀਨ ਘੁਟਾਲੇ ‘ਤੇ CM ਦਾ ਸਪੱਸ਼ਟੀਕਰਨ

ਕੈਪਟਨ ਅਮਰਿੰਦਰ ਨੇ ਕਿਹਾ ਕਿ ਕੁਝ ਨਿੱਜੀ ਹਸਪਤਾਲਾਂ ਨੂੰ 40,000 ਵਾਧੂ ਖੁਰਾਕਾਂ ਮੁਹੱਈਆ ਕਰਵਾਉਣਾ ਇੱਕ-ਸਮੇਂ ਦਾ ਉਪਾਅ ਸੀ, ਤਾਂ ਜੋ 18-45 ਉਮਰ-ਵਰਗ ਵਿਚ ਗ਼ੈਰ-ਤਰਜੀਹੀ ਸਮੂਹਾਂ ਨੂੰ ਵੀ ਟੀਕਾਕਰਨ ਕਰਵਾਉਣ ਦੇ ਕੁਝ ਵਿਕਲਪ ਦਿੱਤੇ ਜਾ ਸਕਣ। ਉਨ੍ਹਾਂ ਕਿਹਾ ਕਿ ਹਸਪਤਾਲਾਂ ਨੂੰ ਉਸੇ ਕੀਮਤ ‘ਤੇ ਟੀਕੇ ਦਿੱਤੇ ਗਏ, ਜਿਸ ਕੀਮਤ ‘ਤੇ ਉਨ੍ਹਾਂ ਨੇ ਨਿਰਮਾਤਾਵਾਂ ਤੋਂ ਖਰੀਦਣੇ ਸਨ। ਉਨ੍ਹਾਂ ਕਿਹਾ ਕਿ ਇਹ ਫੈਸਲਾ ਲਿਆ ਇਸ ਕਰਕੇ ਲਿਆ ਗਿਆ ਸੀ, ਕਿਉਂਕਿ ਸ਼ੁਰੂ ਵਿਚ ਪੰਜਾਬ ਵਿਚ ਸਿਰਫ 2 ਪ੍ਰਾਈਵੇਟ ਹਸਪਤਾਲ ਹੀ ਸਨ ਜੋ ਕੇਂਦਰ ਸਰਕਾਰ ਵੱਲੋਂ ਰਾਖਵੇਂ 25 ਫੀਸਦੀ ਕੋਟੇ ‘ਚੋਂ ਟੀਕੇ ਖਰੀਦਣ ਵਿਚ ਕਾਮਯਾਬ ਰਹੇ ਸਨ। ਉਨ੍ਹਾਂ ਕਿਹਾ ਕਿ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਅਤੇ ਹੋਰਾਂ ਨੂੰ ਤੁਰੰਤ ਟੀਕਾਕਰਨ ਦੀ ਜਰੂਰਤ ਸੀ ਅਤੇ ਉਹ ਭੁਗਤਾਨ ਕਰਨ ਲਈ ਤਿਆਰ ਸਨ, ਇਸ ਲਈ ਰਾਜ ਸਰਕਾਰ ਨੇ ਹੰਗਾਮੀ ਉਪਾਅ ਵਜੋਂ ਇਹ ਟੀਕੇ ਨਿੱਜੀ ਹਸਪਤਾਲਾਂ ਵਿੱਚ ਉਪਲੱਬਧ ਕਰਾਉਣ ਦਾ ਫੈਸਲਾ ਕੀਤਾ ਸੀ।

ਹਾਲਾਂਕਿ ਸਰਕਾਰ ਦੇ ਫੈਸਲੇ ਨੂੰ ਸਹੀ ਭਾਵਨਾ ਨਾਲ ਨਹੀਂ ਵੇਖਿਆ ਜਾ ਰਿਹਾ ਸੀ, ਇਸ ਲਈ ਇਸਨੂੰ ਵਾਪਸ ਲੈ ਲਿਆ ਗਿਆ। ਉਨ੍ਹਾਂ ਕਿਹਾ ਕਿ ਕਿਸੇ ਵੀ ਬੇਨਿਯਮੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਕਿਉਂਕਿ ਸਾਰਾ ਪੈਸਾ ਸਿਹਤ ਵਿਭਾਗ ਦੇ ਟੀਕਾਕਰਨ ਫੰਡ ਵਿਚ ਗਿਆ ਅਤੇ ਸਰਕਾਰ ਵੱਲੋਂ ਮੁਫ਼ਤ ਵਿੱਚ ਲਗਾਏ ਜਾਣ ਵਾਲੇ ਟੀਕਿਆਂ ਦੀ ਖ਼ਰੀਦ ਲਈ ਵਰਤਿਆ ਜਾਣਾ ਸੀ।

‘ਫਤਹਿ ਕਿੱਟਾਂ ‘ਚ ਘੁਟਾਲਾ ਵੀ ਗਲਤ ਇਲਜ਼ਾਮ’

ਫਤਹਿ ਕਿੱਟਾਂ ਦੇ ਮੁੱਦੇ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਸ਼ਲਾਘਾਯੋਗ ਹੈ ਕਿ ਸਿਹਤ ਵਿਭਾਗ ਜੋ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਲਈ ਦਿਨ ਰਾਤ ਕੰਮ ਕਰ ਰਿਹਾ ਹੈ, ਨੇ ਲਹਿਰ ਦੇ ਸਿਖਰ ਦੌਰਾਨ ਵੀ ਸਮੇਂ ਸਿਰ ਸਪਲਾਈ ਨੂੰ ਯਕੀਨੀ ਬਣਾਇਆ। ਉਨ੍ਹਾਂ ਕਿਹਾ ਕਿ ਇਨ੍ਹਾਂ ਕਿੱਟਾਂ ਵਿਚ ਪਲੱਸ ਆਕਸੀਮੀਟਰ ਵੀ ਉਪਲਬਧ ਕਰਵਾਏ ਗਏ ਹਾਲਾਂਕਿ ਅੰਤਰਰਾਸ਼ਟਰੀ ਬਾਜ਼ਾਰਾਂ ਵਿਚੋਂ ਕੋਈ ਸਪਲਾਈ ਨਾ ਮਿਲਣ ਕਾਰਨ ਇਸਦੀ ਘਾਟ ਸੀ। ਉਨ੍ਹਾਂ ਕਿਹਾ ਕਿ ਅਸਲ ਵਿਚ ਪੰਜਾਬ ਹੋਰਨਾਂ ਸੂਬਿਆਂ ਨਾਲੋਂ ਘੱਟ ਮੁੱਲ ‘ਤੇ ਇਸਨੂੰ ਖਰੀਦਣ ਵਿਚ ਕਾਮਯਾਬ ਰਿਹਾ।

ਕੈਪਟਨ ਅਮਰਿੰਦਰ ਨੇ ਕਿਹਾ “ਮੇਰੀ ਸਰਕਾਰ ਨੇ ਹਮੇਸ਼ਾ ਮਨੁੱਖੀ ਜਾਨਾਂ ਨੂੰ ਤਰਜੀਹ ਦਿੰਦੀ ਹੈ ਅਤੇ ਮਹਾਮਾਰੀ ਦੇ ਸਮੇਂ ਦੌਰਾਨ ਰਾਜਨੀਤੀ ਖੇਡਣਾ ਅਤੇ ਗਲਤ ਜਾਣਕਾਰੀ ਫੈਲਾਉਣਾ ਬੇਹੱਦ ਮੰਦਭਾਗਾ ਹੈ।”

RELATED ARTICLES

LEAVE A REPLY

Please enter your comment!
Please enter your name here

Most Popular

Recent Comments