ਬਿਓਰੋ। ਪੰਜਾਬ ਪੁਲਿਸ ਦੇ DSP ਰਹੇ ਹਰਜਿੰਦਰ ਸਿੰਘ ਦੀ ਮੌਤ ਤੋਂ ਬਾਅਦ ਉਹਨਾਂ ਦੀ ਪ੍ਰਾਪਰਟੀ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਇਲਜ਼ਾਮ ਹੈ ਕਿ ਹਰਜਿੰਦਰ ਸਿੰਘ ਦੇ ਭਰਾ ਬਲਜੀਤ ਸਿੰਘ ਨੇ ਮੋਹਾਲੀ ਦੇ ਸੈਕਟਰ-70 ‘ਚ ਉਹਨਾਂ ਦੀ ਕੋਠੀ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੁਲਜ਼ਮ ਭਰਾ ‘ਤੇ ਆਪਣੇ ਭਤੀਜਿਆਂ ਅਤੇ ਬਜ਼ੁਰਗ ਮਾਂ ਨਾਲ ਕੁੱਟਮਾਰ ਦਾ ਵੀ ਇਲਜ਼ਾਮ ਹੈ।
ਪੁਲਿਸ ਨੂੰ ਮਿਲੀ ਸ਼ਿਕਾਇਤ ਦੇ ਮੁਤਾਬਕ, ਮ੍ਰਿਤਕ DSP ਹਰਜਿੰਦਰ ਸਿੰਘ ਦਾ ਭਰਾ ਬਲਜੀਤ ਸਿੰਘ ਜ਼ਬਰਦਸਤੀ ਉਹਨਾਂ ਦੀ ਕੋਠੀ ‘ਚ ਵੜ ਗਿਆ। ਨਾਲ ਹੀ ਕੋਠੀ ‘ਤੇ ਕਬਜ਼ੇ ਦੀ ਕੋਸ਼ਿਸ਼ ਕੀਤੀ। ਬਜ਼ੁਰਗ ਬਲਵਿੰਦਰ ਕੌਰ ਨੇ ਫੋਨ ਕਰਕੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਜਦੋਂ ਪੁਲਿਸ ਮੌਕੇ ‘ਤੇ ਪਹੁੰਤੀ, ਤਾਂ ਉਸ ਵੇਲੇ ਬਲਜੀਤ ਸਿੰਘ ਕੋਠੀ ‘ਚ ਹੀ ਸੀ।
ਪੁਲਿਸ ਨਾਲ ਵੀ ਉਲਝਿਆ ਮੁਲਜਮ
ਦੱਸਿਆ ਜਾਂਦਾ ਹੈ ਕਿ ਮ੍ਰਿਤਕ DSP ਦਾ ਭਰਾ ਪੁਲਿਸ ਦੇ ਨਾਲ ਵੀ ਉਲਝ ਕੇ ਸਿਪਾਹੀ ਰਾਜਵੀਰ ਸਿੰਘ ਨੂੰ ਧੱਕੇ ਮਾਰਨ ਲੱਗਿਆ। ਇਸਦੀ ਸੂਚਨਾ ਮਿਲਦੇ ਹੀ ਮਟੌਰ ਥਾਣੇ ਦੇ ਇੰਚਾਰਜ ਮਨਫੂਲ ਸਿੰਙ ਖੁਦ ਮੌਕੇ ‘ਤੇ ਪਹੁੰਚੇ ਅਤੇ ਮੁਲਜ਼ਮ ਬਲਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਬਲਜੀਤ ਸਿੰਘ ‘ਤੇ ਮਟੌਰ ਥਾਣੇ ‘ਚ ਧਾਰਾ-452 (ਬਿਨ੍ਹਾਂ ਇਜਾਜ਼ਤ ਘਰ ‘ਚ ਵੜ ਕੇ ਹਮਲਾ ਕਰਨਾ), 506 (ਜਾਨ ਤੋਂ ਮਾਰਨ ਦੀ ਧਮਕੀ ਦੇਣਾ), 353 ਅਤੇ 186 (ਸਰਕਾਰੀ ਮੁਲਾਜ਼ਮ ਦੇ ਕੰਮ ‘ਚ ਰੁਕਾਵਟ ਪਾਉਣ) ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਕੋਰੋਨਾ ਨਾਲ ਹੋਈ ਸੀ DSP ਦੀ ਮੌਤ
DSP ਹਰਜਿੰਦਰ ਸਿੰਘ ਲੁਧਿਆਣਾ ‘ਚ ਤੈਨਾਤ ਸਨ। ਉਹਨਾਂ ਦੀ 9 ਜੂਨ ਨੂੰ ਕੋਰੋਨਾ ਦੇ ਚਲਦੇ ਮੌਤ ਹੋ ਗਈ ਸੀ। ਹੁਣ ਸੈਕਟਰ-70 ਸਥਿਤ ਕੋਠੀ ‘ਚ ਉਹਨਾਂ ਦਾ 18 ਸਾਲਾ ਬੇਟਾ ਗੁਰਨੂਰ ਸਿੰਘ, 8 ਸਾਲਾ ਬੇਟਾ ਰੋਹਿਤਵੀਰ ਸਿੰਘ ਅਤੇ ਬਜ਼ੁਰਗ ਮਾਂ ਬਲਵਿੰਦਰ ਕੌਰ ਰਹਿ ਰਹੇ ਹਨ। DSP ਦੀ ਪਤਨੀ ਕਾਫੀ ਸਮੇਂ ਪਹਿਲਾਂ ਤੋਂ ਹੀ ਘਰ ਛੱਡ ਗਈ ਸੀ। ਅਜਿਹੇ ‘ਚ ਬੱਚਿਆਂ ਅਤੇ ਬਜ਼ੁਰਗ ਮਾਂ ਦੀ ਦੇਖਭਾਲ ਉਹਨਾਂ ਦੇ ਰਿਸ਼ਤੇਦਾਰ ਮਨਜੀਤ ਸਿੰਘ ਕਰ ਰਹੇ ਹਨ।
ਬਜ਼ੁਰਗ ਮਾਂ ਨੇ ਮੰਗੀ ਸੁਰੱਖਿਆ
ਮ੍ਰਿਤਕ DSP ਦੀ ਮਾਂ ਨੇ ਕਿਹਾ ਕਿ ਉਹਨਾਂ ਦਾ ਬੇਟਾ ਬਲਜੀਤ ਸਿੰਘ ਕਾਫੀ ਵਕਤ ਤੋਂ ਉਹਨਾਂ ਨੂੰ ਤੰਗ ਕਰ ਰਿਹਾ ਹੈ। ਉਹ ਉਹਨਾਂ ਦੀ ਕੋਠੀ ‘ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਉਹਨਾਂ ਨੇ ਹਰਜਿੰਦਰ ਸਿੰਘ ਦੀ ਪਤਨੀ ਤੋਂ ਵੀ ਪਰਿਵਾਰ ਨੂੰ ਖ਼ਤਰਾ ਦੱਸਿਆ ਹੈ। ਇਹ ਸਭ ਕਾਰਨ ਦਿੰਦੇ ਹੋਏ ਉਹਨਾਂ ਨੇ ਸੁਰੱਖਿਆ ਦੀ ਮੰਗ ਕੀਤੀ ਹੈ।