ਦਿੱਲੀ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ‘ਚ ਹੁਣ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੀ ਆਪਣੇ ਉਮੀਦਵਾਰ ਉਤਾਰੇਗਾ। ਦਿੱਲੀ ਹਾਈਕੋਰਟ ਦੀ ਡਬਲ ਬੈਂਚ ਵੱਲੋਂ ਅਕਾਲੀ ਦਲ ਨੂੰ ਵੱਡੀ ਰਾਹਤ ਦਿੰਦਿਆਂ ਬਾਲਟੀ ਚੋਣ ਨਿਸ਼ਾਨ ਅਲਾਟ ਕਰਨ ਦਾ ਹੁਕਮ ਸੁਣਾਇਆ ਹੈ। ਹਾਈ ਕੋਰਟ ਦੇ ਜਸਟਿਸ ਵਿਪਨ ਸਾਂਗੀ ਅਤੇ ਜਸਟਿਸ ਰੇਖਾ ਪੱਲੀ ਦੇ ਬੈਂਚ ਨੇ ਇਹ ਹੁਕਮ ਦਿੱਤਾ ਹੈ।
ਦਿੱਲੀ ਹਾਈਕੋਰਟ ਦੇ ਇਸ ਫ਼ੈਸਲੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਰਾਹਤ ਮਿਲੀ ਹੈ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਇਸ ਫ਼ੈਸਲੇ ਨੂੰ ਗੰਦੀ ਸਿਆਸਤ ਉੱਪਰ ਸੱਚ ਦੀ ਜਿੱਤ ਕਰਾਰ ਦਿੱਤਾ ਹੈ। ਉਹਨਾਂ ਟਵੀਟ ਕੀਤਾ, “ਭਾਰਤ ਸਰਕਾਰ ਅਤੇ ਆਮ ਆਦਮੀ ਪਾਰਟੀ ਵੱਲੋਂ ਅਕਾਲੀ ਦਲ ਨੂੰ DSGMC ਚੋਣਾਂ ਲੜਨ ਤੋਂ ਰੋਕਣ ਅਤੇ ਲੋਕਤਾਂਤਰਿਕ ਪ੍ਰਕਿਰਿਆ ਨਾਲ ਛੇੜਛਾੜ ਦੀਆਂ ਸਾਰੀਆਂ ਕੋਸ਼ਿਸ਼ਾਂ ਗੁਰੂ ਸਾਹਿਬ ਦੇ ਅਸ਼ੀਰਵਾਦ ਸਦਕਾ ਨਾਕਾਮ ਹੋਈਆਂ। ਸਾਰੀਆਂ ਰੁਕਾਵਟਾਂ ਦੇ ਬਾਵਜੂਦ, ਪਾਰਟੀ ਕੋਰਟ ਦੇ ਆਦੇਸ਼ ‘ਤੇ ‘ਬਾਲਟੀ’ ਚੋਣ ਨਿਸ਼ਾਨ ਜਿੱਤਣ ‘ਚ ਸਫ਼ਲ ਰਹੀ। ਗੰਦੀ ਸਿਆਸਤ ‘ਤੇ ਸੱਚਾਈ ਦੀ ਜਿੱਤ ਹੋਈ।”
DSGMC ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇਸ ਫ਼ੈਸਲੇ ਨੂੰ ਗੁਰੂ ਦੇ ਸੱਚੇ ਤਖਤ ਦੀ ਜਿੱਤ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਇਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਮੀਰੀ-ਪੀਰੀ ਦੇ ਸਿਧਾਂਤ ਦੀ ਜਿੱਤ ਹੈ। ਉਹਨਾਂ ਕਿਹਾ ਕਿ ਅਸੀਂ ਵਾਰ-ਵਾਰ ਇਹ ਸਪਸ਼ਟ ਕਰ ਦਿੱਤਾ ਸੀ ਕਿ ਜੇਕਰ ਚੋਣਾਂ ਲੜਾਂਗੇ ਤਾਂ ਸਿਰਫ ਗੁਰੂ ਦੇ ਲੰਗਰ ਵਾਲੀ ਬਾਲਟੀ ਦੇ ਚੋਣ ਨਿਸ਼ਾਨ ’ਤੇ ਲੜਾਂਗੇ।
ਮਨਜਿੰਦਰ ਸਿਰਸਾ ਨੇ ਕਿਹਾ, “ਅਸੀਂ ਅਦਾਲਤ ਵਿਚ ਉਦੋਂ ਹੈਰਾਨ ਹੀ ਰਹਿ ਗਏ, ਜਦੋਂ ਸਰਕਾਰੀ ਵਕੀਲ ਵਾਰ-ਵਾਰ ਰੌਲਾ ਪਾ ਰਿਹਾ ਸੀ ਕਿ ਮੀਰੀ-ਪੀਰੀ ਦਾ ਸਿਧਾਂਤ ਖਤਮ ਕੀਤਾ ਜਾਵੇ। ਇਸ ਤੋਂ ਵੱਡੀ ਹੈਰਾਨੀ ਕਿ ਅਦਾਲਤ ‘ਚ ਸਾਡੇ ਵਿਰੋਧੀ ਸਿੱਖ ਵਕੀਲ ਵਾਰ-ਵਾਰ ਕਹਿ ਰਹੇ ਸਨ ਕਿ ਹਾਂ ਮੀਰੀ-ਪੀਰੀ ਦਾ ਸਿਧਾਂਤ ਖਤਮ ਹੋਣਾ ਚਾਹੀਦਾ ਹੈ ਤੇ ਸਿਰਫ਼ ਧਾਰਮਿਕ ਮਾਮਲਾ ਹੋਣਾ ਚਾਹੀਦਾ ਹੈ। ਮੀਰੀ ਪੀਰੀ ਦਾ ਸਿਧਾਂਤ ਨਹੀਂ ਹੋਣਾ ਚਾਹੀਦਾ, ਇਹ ਗੱਲ ਸਰਨਾ ਪਾਰਟੀ ਨੇ ਲਿਖ ਕੇ ਦਿੱਤੀ ਹੈ।”
ਓਧਰ ਸੀਨੀਅਰ ਵਕੀਲ ਐੱਚ.ਐੱਸ. ਫੂਲਕਾ ਮੁਤਾਬਕ, ਦਿੱਲੀ ਸਰਕਾਰ ਵੱਲੋਂ ਫ਼ੈਸਲਾ ਚੋਣਾਂ ਦੇ ਬਿਲਕੁੱਲ ਨੇੜੇ ਆ ਕੇ ਲਿਆ ਗਿਆ, ਜਿਸਦੇ ਚਲਦੇ ਹਾਈਕੋਰਟ ਨੇ ਫਿਲਹਾਲ ਅਕਾਲੀ ਦਲ ਨੂੰ ਚੋਣ ਲੜਨ ਦੀ ਇਜਾਜ਼ਤ ਦਿੱਤੀ ਹੈ। ਪਰ ਇਹ ਫ਼ੈਸਲਾ ਸਿਰਫ ਇਹਨਾਂ ਚੋਣਾਂ ਲਈ ਹੈ, ਅਗਲੀਆਂ ਚੋਣਾਂ ਲਈ ਹਾਈਕੋਰਟ ਵੱਲੋਂ ਦੋਬਾਰਾ ਸੁਣਵਾਈ ਕਰ ਫ਼ੈਸਲਾ ਸੁਣਾਇਆ ਜਾਵੇਗਾ।
ਦੱਸ ਦਈਏ ਕਿ ਬੁੱਧਵਾਰ ਸਵੇਰੇ ਚੋਣ ਡਾਇਰੈਕਟੋਰੇਟ ਵੱਲੋਂ ਜਾਰੀ ਨੋਟੀਫਿਕੇਸ਼ਨ ‘ਚ ਅਕਾਲੀ ਦਲ ਨੂੰ ਚੋਣ ਲੜਨ ਲਈ ਮਾਨਤਾ ਨਹੀਂ ਦਿੱਤੀ ਗਈ ਸੀ। ਨੋਟੀਫਿਕੇਸ਼ਨ ‘ਚ ਸਿਰਫ਼ 6 ਧਾਰਮਿਕ ਪਾਰਟੀਆਂ ਦੇ ਹੀ ਨਾੰਅ ਸ਼ਾਮਲ ਸਨ। ਦਿੱਲੀ ਕਮੇਟੀ ਦੀਆਂ ਚੋਣਾਂ 25 ਅਪ੍ਰੈਲ ਨੂੰ ਹੋਣੀਆਂ ਹਨ, ਜਿਸਦੇ ਨਤੀਜੇ 28 ਅਪ੍ਰੈਲ ਨੂੰ ਐਲਾਨੇ ਜਾਣਗੇ।