ਚੰਡੀਗੜ੍ਹ। ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਕਾਂਗਰਸ ‘ਚ ਵੱਡੀ ਹਲਚਲ ਵੇਖੀ ਜਾ ਰਹੀ ਹੈ। ਸਿੱਧੂ ਮੰਗਲਵਾਰ ਦੁਪਹਿਰ ਬਾਅਦ ਅਚਾਨਕ ਚੰਡੀਗੜ੍ਹ ਸਥਿਤ ਸਕੱਤਰੇਤ ਵਿਖੇ ਪਹੁੰਚੇ। ਇਥੇ ਉਹਨਾਂ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਹੋਈ। ਕਰੀਬ ਡੇਢ ਘੰਟੇ ਚੱਲੀ ਇਸ ਬੈਠਕ ‘ਚ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਚਿੱਠੀ ਸੌਂਪੀ, ਜਿਸ ‘ਚ 5 ਅਹਿਮ ਮੁੱਦਿਆਂ ‘ਤੇ ਤੁਰੰਤ ਕੰਮ ਕਰਨ ਦੀ ਮੰਗ ਕੀਤੀ ਗਈ ਹੈ।
ਨਵਜੋਤ ਸਿੱਧੂ ਵੱਲੋਂ ਕੈਪਟਨ ਸਾਹਮਣੇ ਰੱਖੀਆਂ ਗਈਆਂ 5 ਮੰਗਾਂ ਇਸ ਤਰ੍ਹਾਂ ਹਨ:-
1. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਕੋਟਕਪੂਰਾ ਤੇ ਬਹਿਬਲ ਕਲਾਂ ਵਿਖੇ ਹੋਈ ਪੁਲਿਸ ਗੋਲੀਬਾਰੀ ਦੇ ਮੁੱਖ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾ ਦਵਾਈ ਜਾਵੇ..
2. ਸਪੈਸ਼ਲ ਟਾਸਕ ਫੋਰਸ (STF) ਦੀ ਰਿਪੋਰਟ ਵਿੱਚ ਦਰਜ ਨਸ਼ਾ ਤਸਕਰੀ ਪਿੱਛੇ ਵੱਡੇ ਮਗਰਮੱਛਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਮਿਸਾਲੀ ਸਜ਼ਾ ਦਿੱਤੀ ਜਾਵੇ।
3. ਪੰਜਾਬ ਸਰਕਾਰ ਤਿੰਨ ਖੇਤੀ ਕਾਨੂੰਨਾਂ ਦੀਆਂ ਕੁੱਝ ਧਾਰਾਵਾਂ ਵਿਚ ਸਿਰਫ਼ ਸੋਧਾਂ ਦੀ ਹੀ ਸਿਫ਼ਾਰਸ ਨਾ ਕਰੇ, ਬਲਕਿ ਇਹ ਐਲਾਨਦਿਆਂ ਕਿ ਇਹ ਕਿਸੇ ਵੀ ਕੀਮਤ ਉੱਪਰ ਪੰਜਾਬ ਵਿਚ ਲਾਗੂ ਨਹੀਂ ਹੋਣਗੇ, ਉਹ ਕਾਲੇ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਨਕਾਰੇ। ਜਿਵੇਂ ਅਸੀਂ ਸਤਲੁਜ-ਯਮੁਨਾ ਲਿੰਕ (SYL) ਦੇ ਕੇਸ ਵਿੱਚ ਕੀਤਾ ਸੀ, ਵਿਧਾਨ ਸਭਾ ਵੱਲੋਂ ਇਸ ਤਰ੍ਹਾਂ ਦੇ ਹੀ ਦਲੇਰੀ ਵਾਲੇ ਹੱਲ ਦੀ ਅੱਜ ਬੇਹੱਦ ਲੋੜ ਹੈ ਅਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਇਸ ਲਈ ਵਿਧਾਇਕ ਤਿਆਰ ਹਨ।
4. 2017 ਦੀਆਂ ਚੋਣਾਂ ਮੌਕੇ ਨੁਕਸਦਾਰ ਬਿਜਲੀ ਖਰੀਦ ਸਮਝੌਤਿਆਂ (PPAs) ਨੂੰ ਰੱਦ ਕਰਨ ਦੇ ਤੁਹਾਡੇ ਕੀਤੇ ਵਾਅਦਿਆਂ ਨੂੰ ਵੀ ਸਾਡੀ ਸਰਕਾਰ ਨੂੰ ਤੁਰੰਤ ਪੂਰਾ ਕਰਨਾ ਚਾਹੀਦਾ ਹੈ, ਤਾਂ ਜੋ ਪੰਜਾਬ ਦੇ ਖਜ਼ਾਨੇ ਨੂੰ ਹੋਰ ਖੋਰਾ ਨਾ ਲੱਗੇ।
5. ਪੰਜਾਬ ‘ਚ ਪ੍ਰਦਰਸ਼ਨ ਕਰ ਰਹੇ ਅਧਿਆਪਕ, ਡਾਕਟਰ, ਨਰਸਾਂ, ਲਾਇਨਮੈਨ, ਸਫ਼ਾਈ ਕਰਮਚਾਰੀਆਂ- ਸਾਰਿਆਂ ਦੀ ਸੁਣਵਾਈ ਕਰਕੇ ਮਾਮਲੇ ਦਾ ਹੱਲ ਕੀਤਾ ਜਾਵੇ।
ਨਿਰਣਾਇਕ ਫ਼ੈਸਲੇ ਤੋਂ ਬਿਨ੍ਹਾਂ ਮਹਾਨ ਪ੍ਰਾਪਤੀ ਨਹੀਂ- ਸਿੱਧੂ
ਕੈਪਟਨ ਦੇ ਨਾਲ ਹੋਈ ਬੈਠਕ ਦਾ ਏਜੰਡਾ ਸਿੱਧੂ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਸ਼ੇਅਰ ਕੀਤਾ ਹੈ। ਉਹਨਾਂ ਨੇ ਟਵਿਟਰ ਅਤੇ ਫੇਸਬੁੱਕ ‘ਤੇ ਕੈਪਟਨ ਨੂੰ ਦਿੱਤਾ 5 ਮੰਗਾਂ ਵਾਲਾ ਪੱਤਰ ਜਾਰੀ ਕਰਦੇ ਹੋਏ ਲਿਖਿਆ ਕਿ ਨਿਰਣਾਇਕ ਫ਼ੈਸਲੇ ਲਏ ਬਿਨ੍ਹਾਂ ਕਦੇ ਵੀ ਕੋਈ ਮਹਾਨ ਪ੍ਰਾਪਤੀ ਹਾਸਲ ਨਹੀਂ ਹੁੰਦੀ। ਸਿੱਧੂ ਨੇ ਲਿਖਿਆ ਕਿ ਪੰਜਾਬ ਨੂੰ ਫ਼ੈਸਲੇ ਲੈਣ ‘ਚ ਦਲੇਰ, ਦ੍ਰਿੜ੍ਹ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲੀ ਲੀਡਰਸ਼ਿਪ ਦੀ ਲੋੜ ਹੈ, ਜੋ ਹਰ ਪੰਜਾਬੀ ਦੀਆਂ ਜਾਇਜ਼ ਮੰਗਾਂ ਨੂੰ ਪੂਰਾ ਕਰਨ ਲਈ ਵਚਨਬੱਧ ਹੋਵੇ।
Met CM Punjab to demand immediate action on longstanding issues concerning the People of Punjab … Echoing sentiment of lakhs of Congress Workers from across Punjab !! pic.twitter.com/BPGV91uQWh
— Navjot Singh Sidhu (@sherryontopp) July 27, 2021
ਸਿੱਧੂ ਨੇ ਕਿਹਾ ਕਿ ਹਰ ਪੰਜਾਬੀ ਨੂੰ ਇਨਸਾਫ਼ ਦੇ ਨਕਸ਼ੇ ਯਾਨੀ ਹਾਈਕਮਾਂਡ ਦੇ ਦਿੱਤੇ 18 ਨੁਕਾਤੀ ਏਜੰਡੇ ‘ਤੇ ਪੰਜਾਬ ਕਾਂਗਰਸ ਵਰਕਰ ਇੱਕਮਤ ਹਨ। ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਣ ਲਈ ਕਾਂਗਰਸ ਵਰਕਰਾਂ ਦੇ ਨਾਲ ਵਾਰ-ਵਾਰ ਵਿਚਾਰ-ਵਟਾਂਦਰਾ ਅਤੇ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਅਸੀਂ ਤੁਹਾਨੂੰ ਏਜੰਡੇ ਦੇ 18 ਵਿੱਚੋਂ 5 ਮੁੱਦੇ ਦੇ ਰਹੇ ਹਾਂ, ਜਿਹਨਾਂ ‘ਤੇ ਸਰਕਾਰ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ।
ਸਾਰੇ ਮੁੱਦਿਆਂ ‘ਤੇ ਪਹਿਲਾਂ ਹੀ ਕੰਮ ਹੋ ਰਿਹਾ- ਕੈਪਟਨ
ਨਵਜੋਤ ਸਿੱਧੂ ਨਾਲ ਹੋਈ ਬੈਠਕ ‘ਤੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਿਹੜੇ ਮੁੱਦੇ ਪਾਰਟੀ ਆਗੂਆਂ ਨੇ ਉਹਨਾਂ ਨੂੰ ਦੱਸੇ ਹਨ, ਸਰਕਾਰ ਵੱਲੋਂ ਪਹਿਲਾਂ ਹੀ ਉਹਨਾਂ ‘ਤੇ ਕੰਮ ਕੀਤਾ ਜਾ ਰਿਹਾ ਹੈ। ਇਹ ਮੁੱਦੇ ਸਰਕਾਰ ਦੇ ਰੈਜ਼ੋਲਿਊਸ਼ਨ ਦੇ ਅਡਵਾਂਸ ਸਟੇਜ ‘ਤੇ ਹਨ। ਕੈਪਟਨ ਨੇ ਕਿਹਾ ਕਿ 2017 ਵਿੱਚ ਕੀਤੇ ਜ਼ਿਆਦਾਤਰ ਵਾਅਦੇ ਉਹਨਾਂ ਦੀ ਸਰਕਾਰ ਨੇ ਪੂਰੇ ਕਰ ਲਏ ਹਨ। ਉਹਨਾਂ ਨੇ ਪੰਜਾਬ ਕਾਂਗਰਸ ਲੀਡਰਸ਼ਿਪ ਨੂੰ ਕਿਹਾ ਕਿ ਬਾਕੀ ਮੁੱਦੇ ਵੀ ਜਲਦੀ ਹੱਲ ਕਰ ਲਏ ਜਾਣਗੇ।
ਸਾਰਿਆਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ- ਕੈਪਟਨ
ਸਿੱਧੂ ਦੇ ਨਾਲ ਬੈਠਕ ਨੂੰ ਸੁਹਿਰਦ ਦੱਸਦੇ ਹੋਏ ਕੈਪਟਨ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਸਾਰੇ ਚੋਣ ਵਾਅਦਿਆਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਕੈਪਟਨ ਨੇ ਸਿੱਧੂ ਅਤੇ ਚਾਰੇ ਕਾਰਜਕਾਰੀ ਪ੍ਰਧਾਨਾਂ ਨੂੰ ਕਿਹਾ, “ਤੁਹਾਡੀ ਜਿੱਤ ਮੇਰੀ ਜਿੱਤ ਹੈ ਤੇ ਸਾਡੀ ਸਾਰਿਆਂ ਦੀ ਜਿੱਤ ਪਾਰਟੀ ਦੀ ਜਿੱਤ ਹੈ। ਸਾਨੂੰ ਪੰਜਾਬ ਅਤੇ ਪੰਜਾਬੀਆਂ ਲਈ ਇਕੱਠੇ ਮਿਲ ਕੇ ਕੰਮ ਕਰਨ ਦੀ ਲੋੜ ਹੈ।”
ਸਰਕਾਰ ਦੇ ਕੰਮ ਜਨਤਾ ਤੱਕ ਪਹੁੰਚਾਉਣੇ ਪੈਣਗੇ- ਕੈਪਟਨ
ਕੈਪਟਨ ਨੇ ਕਿਹਾ ਕਿ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੂੰ ਸਰਕਾਰ ਵੱਲੋਂ ਲੋਕਾਂ ਦੇ ਹੱਕ ‘ਚ ਲਏ ਗਏ ਫ਼ੈਸਲਿਆਂ ਅਤੇ ਕਾਰਵਾਈ ਨੂੰ ਜ਼ਮੀਨੀ ਪੱਧਰ ‘ਤੇ ਲਿਜਾਣ ਦੀ ਲੋੜ ਹੈ। ਉਹ ਲੋਕਾਂ ਨੂੰ ਜਾਗਰੂਕ ਕਰਨ ਕਿ ਕਾਂਗਰਸ ਸਰਕਾਰ ਨੇ ਪਿਛਲੇ ਕਰੀਬ ਸਾਢੇ 4 ਸਾਲਾਂ ‘ਚ ਲੋਕਾਂ ਲਈ ਕਿੰਨਾ ਬਿਹਤਰ ਕੰਮ ਕੀਤਾ ਹੈ। ਕੈਪਟਨ ਨੇ ਸੂਬਾ ਕਾਂਗਰਸ ਦੇ ਆਗੂਆਂ ਨੂੰ ਕਿਹਾ ਕਿ ਸਰਕਾਰ ਅਤੇ ਪਾਰਟੀ ‘ਚ ਬਿਹਤਰ ਤਾਲਮੇਲ ਲਈ ਉਹ ਨਿਯਮਿਤ ਤੌਰ ‘ਤੇ ਉਹਨਾਂ ਨੂੰ ਮਿਲਦੇ ਰਹਿਣ।