ਚੰਡੀਗੜ੍ਹ। ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਮੰਗਲਵਾਰ ਨੂੰ ਪਹਿਲੀ ਵਾਰ ਸੀਐੱਮ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਲਈ ਪਹੁੰਚੇ। ਦੋਵਾਂ ਦੀ ਮੁਲਾਕਾਤ ਤੋਂ ਜੋ ਤਸਵੀਰ ਸਾਹਮਣੇ ਆਈ, ਉਹ ਬੇਹੱਦ ਖਾਸ ਹੈ। ਇਸ ਤਸਵੀਰ ‘ਚ ਸਿੱਧੂ ਕੈਪਟਨ ਨੂੰ ਬੇਹੱਦ ਗਰਮਜੋਸ਼ੀ ਨਾਲ ਮਿਲਦੇ ਨਜ਼ਰ ਆ ਰਹੇ ਹਨ।
ਇਸ ਮੁਲਾਕਾਤ ‘ਚ ਸਿੱਧੂ ਦੇ ਨਾਲ ਪੰਜਾਬ ਕਾਂਗਰਸ ਦੇ 4 ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ, ਸੰਗਤ ਸਿੰਘ ਗਿਲਜੀਆਂ, ਪਵਨ ਗੋਇਲ ਅਤੇ ਸੁਖਵਿੰਦਰ ਸਿੰਘ ਡੈਨੀ ਵੀ ਮੌਜੂਦ ਸਨ।
ਬੈਠਕ ‘ਚ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਵੀ ਮੌਜੂਦ ਸਨ। ਬ੍ਰਹਮ ਮਹਿੰਦਰਾ ਇਕਲੌਤੇ ਮੰਤਰੀ ਹਨ, ਜਿਹਨਾਂ ਨੇ ਕੈਪਟਨ ਵੱਲੋਂ ਰੱਖੀ ਗਈ ਮੁਆਫ਼ੀ ਦੀ ਸ਼ਰਤ ਦਾ ਸਮਰਥਨ ਕਰਦੇ ਹੋਏ ਕਿਹਾ ਸੀ ਕਿ ਉਹ ਸਿੱਧੂ ਨਾਲ ਨਿੱਜੀ ਤੌਰ ‘ਤੇ ਉਦੋਂ ਤੱਕ ਨਹੀਂ ਮਿਲਣਗੇ, ਜਦੋਂ ਤੱਕ ਸਿੱਧੂ ਕੈਪਟਨ ਤੋਂ ਮੁਆਫ਼ੀ ਨਹੀਂ ਮੰਗ ਲੈਂਦੇ।
ਪੰਜਾਬ ਸਕੱਤਰੇਤ ‘ਚ ਕਰੀਬ ਡੇਢ ਘੰਟੇ ਚੱਲੀ ਇਸ ਬੈਠਕ ‘ਚ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਵੀ ਮੌਜੂਦ ਰਹੇ। ਮਨਪ੍ਰੀਤ ਬਾਦਲ ਨੇ ਪਿਛਲੇ ਦਿਨੀਂ ਸਿੱਧੂ ਦੀ ਜੰਮ ਕੇ ਤਾਰੀਫ਼ ਕੀਤੀ ਸੀ ਅਤੇ ਕਿਹਾ ਸੀ ਕਿ ਸਿੱਧੂ ਦੇ ਆਉਣ ਨਾਲ ਪੰਜਾਬ ਕਾਂਗਰਸ ‘ਚ ਨਵਾਂ ਜੋਸ਼ ਆਇਆ ਹੈ।
ਤਾਂ ਕੀ ਸੀਐੱਮ ਨੇ ਸਿੱਧੂ ਨੂੰ ਮੁਆਫ਼ ਕਰ ਦਿੱਤਾ?
ਪਿਛਲੇ 5 ਦਿਨਾਂ ‘ਚ ਸਿੱਧੂ ਦੇ ਨਾਲ ਕੈਪਟਨ ਦੀ ਇਹ ਦੂਜੀ ਮੁਲਾਕਾਤ ਹੈ। ਇਸ ਤੋਂ ਪਹਿਲਾਂ ਕੈਪਟਨ ਅਤੇ ਸਿੱਧੂ ਆਹਮੋ-ਸਾਹਮਣੇ ਉਦੋਂ ਆਏ ਸਨ, ਜਦੋਂ ਸੁੱਕਰਵਾਰ ਨੂੰ ਸਿੱਧੂ ਨੇ ਪ੍ਰਧਾਨਗੀ ਦਾ ਅਹੁਦਾ ਸੰਭਾਲਿਆ ਸੀ। ਇਸ ਤੋਂ ਪਹਿਲਾਂ ਕੈਪਟਨ ਨੇ ਕਿਹਾ ਸੀ ਕਿ ਉਹ ਸਿੱਧੂ ਨਾਲ ਉਦੋਂ ਤੱਕ ਨਹੀਂ ਮਿਲਣਗੇ, ਜਦੋਂ ਤੱਕ ਸਰਕਾਰ ਦੇ ਖਿਲਾਫ਼ ਕੀਤੇ ਆਪਣੇ ਟਵੀਟਸ ਲਈ ਮੁਆਫ਼ੀ ਨਹੀਂ ਮੰਗ ਲੈਂਦੇ। ਪਰ ਜਿਸ ਤਰੀਕੇ ਨਾਲ ਮੇਲ-ਮਿਲਾਪ ਹੋ ਰਿਹਾ ਹੈ, ਉਸ ਤੋਂ ਬਾਅਦ ਸਵਾਲ ਉਠਣਾ ਲਾਜ਼ਮੀ ਹੈ ਕਿ…ਕੀ ਕੈਪਟਨ ਨੇ ਸਿੱਧੂ ਨੂੰ ਮੁਆਫ਼ ਕਰ ਦਿੱਤਾ ਹੈ? ਜਾਂ ਇਹ ਮੁਲਾਕਾਤਾਂ ਸਿਰਫ਼ ਮਜਬੂਰੀ ਹਨ ਅਤੇ ਅਸਲ ‘ਚ ਦੂਰੀਆਂ ਹਾਲੇ ਵੀ ਬਰਕਰਾਰ ਹਨ।
ਤਾਜਪੋਸ਼ੀ ਸਮਾਗਮ ‘ਚ ਸਿੱਧੂ ਨੇ ਵਿਖਾਏ ਸਨ ਤੇਵਰ

ਸ਼ੁਕਰਵਾਰ ਨੂੰ ਪੰਜਾਬ ਕਾਂਗਰਸ ਭਵਨ ‘ਚ ਹੋਏ ਤਾਜਪੋਸ਼ੀ ਸਮਾਗਮ ‘ਚ ਕੈਪਟਨ ਅਤੇ ਸਿਧੂ ਕਰੀਬ ਡੇਢ ਘੰਟੇ ਤਕ ਇਕ ਹੀ ਮੰਚ ‘ਤੇ ਇੱਕ-ਦੂਜੇ ਦ ਬਿਲਕੁੱਲ ਨਾਲ ਬੈਠੇ ਸਨ। ਪਰ ਸਿੱਧੂ ਨੇ ਕੈਪਟਨ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ। ਦੋਵਾਂ ਵਿਚਾਲੇ ਨਾ ਤਾਂ ਕੋਈ ਗੱਲਬਾਤ ਹੋਈ ਤੇ ਨਾ ਹੀ ਨਜ਼ਰਾਂ ਮਿਲੀਆਂ। ਸਿੱਧੂ ਨੇ ਤਾਂ ਮੰਚ ਤੋਂ ਹੀ ਖੁੱਲ੍ਹ ਕੇ ਕੈਪਟਨ ਸਰਕਾਰ ਨੂੰ ਵਾਅਦਿਆਂ ਦੀ ਯਾਦ ਵੀ ਦਵਾ ਦਿੱਤੀ ਸੀ।