ਜੰਮੂ। ਸ਼ਨੀਵਾਰ ਰਾਤ ਨੂੰ ਜੰਮੂ ਏਅਰਫੋਰਸ ਸਟੇਸ਼ਨ ਦੇ ਟੈਕਨੀਕਲ ਏਰੀਆ ਨੇੜੇ 2 ਧਮਾਕੇ ਹੋਏ, ਜਿਸ ‘ਚ ਏਅਰਫੋਰਸ ਦੇ 2 ਜਵਾਨਾਂ ਨੂੰ ਹਲਕੀਆਂ ਸੱਟਾਂ ਵੱਜੀਆਂ ਹਨ। 5 ਮਿੰਟਾਂ ਦੇ ਅੰਤਰਾਲ ‘ਤੇ ਹੋਏ ਇਹਨਾਂ 2 ਧਮਾਕਿਆਂ ‘ਚੋਂ ਪਹਿਲਾ ਬਿਲਡਿੰਗ ਦੀ ਛੱਤ ਅਤੇ ਦੂਜਾ ਖੁੱਲ੍ਹੇ ਮੈਦਾਨ ‘ਚ ਹੋਇਆ। ਜਾਣਕਾਰੀ ਮੁਤਾਬਕ, ਤਕਨੀਕੀ ਏਰੀਆ ‘ਚ ਖੜ੍ਹੇ ਜਹਾਜ ਦਹਿਸ਼ਤਗਰਦਾਂ ਦੇ ਨਿਸ਼ਾਨੇ ‘ਤੇ ਸਨ।
ਪਹਿਲੀ ਵਾਰ ਡਰੋਨ ਨਾਲ ਧਮਾਕਾ
ਇਹ ਪਹਿਲਾ ਅਜਿਹਾ ਮੌਕਾ ਹੈ, ਜਦੋਂ ਕਿਸੇ ਦਹਿਸ਼ਤਗਰਦੀ ਹਮਲੇ ‘ਚ ਡਰੋਨ ਦਾ ਇਸਤੇਮਾਲ ਕੀਤਾ ਗਿਆ ਹੈ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਡਰੋਨ ‘ਚ IED ਫਿਟ ਕਰਕੇ ਇਸ ਨੂੰ ਰਿਮੋਟ ਨਾਲ ਆਪਰੇਟ ਕਰਕੇ ਹਮਲੇ ਕੀਤੇ ਗਏ। ਪਹਿਲਾ ਧਮਾਕਾ ਰਾਤ 1 ਵੱਜ ਕੇ 37 ਮਿੰਟ ਅਤੇ ਦੂਜਾ 1 ਵੱਜ ਕੇ 42 ਮਿੰਟਾਂ ‘ਤੇ ਹੋਇਆ। ਏਅਰਫੋਰਸ ਦਾ ਕਹਿਣਾ ਹੈ ਕਿ ਧਮਾਕੇ ਘੱਟ ਤੀਬਰਤਾ ਵਾਲੇ ਸਨ।
NIA ਨੇ ਸ਼ੁਰੂ ਕੀਤੀ ਮਾਮਲੇ ਦੀ ਜਾਂਚ
ਜੰਮੂ ‘ਚ ਹੋਏ ਇਸ ਦਹਿਸ਼ਤਗਰਦੀ ਹਮਲੇ ਦੇ ਮਾਮਲੇ ‘ਚ UAPA ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਏਅਰਫੋਰਸ ਦੇ ਨਾਲ-ਨਾਲ NIA ਨੇ ਵੀ ਇਸ ਹਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 2 ਸ਼ੱਕੀਆਂ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਏਅਰਫੋਰਸ ਦੇ ਸੀਨੀਅਰ ਅਧਿਕਾਰੀ ਵੀ ਜੰਮੂ ਪਹੁੰਚ ਗਏ ਹਨ। ਹਮਲੇ ਤੋਂ ਬਾਅਦ ਆਰਮੀ ਅਤੇ ਪੁਲਿਸ ਵੱਲੋਂ ਮਿਲ ਕੇ ਏਅਰਫੋਰਸ ਸਟੇਸ਼ਨ ਦੇ ਅੰਦਰ ਅਤੇ ਆਲੇ-ਦੁਆਲੇ ਸਰਚ ਅਪਰੇਸ਼ਨ ਵੀ ਚਲਾਇਆ ਗਿਆ।
ਸਰਹੱਦ ਤੋਂ 10 ਕਿਲੋਮੀਟਰ ਦੂਰ ਹੈ ਏਅਰਪੋਰਟ
ਜੰਮੂ ਦਾ ਏਅਰਪੋਰਟ ਅਤੇ ਏਅਰਫੋਰਸ ਸਟੇਸ਼ਨ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਕਰੀਬ 10 ਕਿਲੋਮੀਟਰ ਦੂਰ ਹੈ। ਇਸਦੇ ਸਭ ਤੋਂ ਨਜ਼ਦੀਕ ਮਕਵਾਲ ਬਾਰਡਰ ਪੈਂਦਾ ਹੈ, ਪਰ ਅਧਿਕਾਰੀਆਂ ਮੁਤਾਬਕ, ਸਰਹੱਦ ਤੋਂ ਇੰਨੀ ਦੂਰ ਤੱਕ ਡਰੋਨ ਦਾ ਆਉਣਾ ਸੰਭਵ ਨਹੀਂ। ਸੰਭਵ ਹੈ ਕਿ ਇਸ ਨੂੰ ਏਅਰਫੋਰਸ ਸਟੇਸ਼ਨ ਦੇ ਨੇੜਿਓਂ ਹੀ ਆਪਰੇਟ ਕੀਤਾ ਗਿਆ ਹੋਵੇ।
ਜੰਮੂ ਦੇ ਬੇਲੀਚਰਾਨਾ ਤੋਂ ਡਰੋਨ ਉਡਾਉਣ ਦਾ ਸ਼ੱਕ
ਸੂਤਰਾਂ ਮੁਤਾਬਕ ਏਅਰਫੋਰਸ ਸਟੇਸ਼ਨ ‘ਤੇ ਹਮਲਾ ਕਰਨ ‘ਚ ਇਸਤੇਮਾਲ ਡਰੋਨ ਸ਼ਹਿਰ ਦੇ ਬੇਲੀਚਰਾਨਾ ਤੋਂ ਆਪਰੇਟ ਕੀਤੇ ਗਏ। ਇਸ ਇਲਾਕੇ ‘ਚ ਕਈ ਥਾਵਾਂ ‘ਤੇ ਦਬਿਸ਼ ਦੇ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ, ਕਿਉਂਕਿ ਡਰੋਨ ਦੇ ਬਾਰਡਰ ਤੋਂ ਆਉਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ ਇੱਕ ਪਾਸਿਓਂ ਬਾਰਡਰ 10 ਅਤੇ ਦੂਜੇ ਪਾਸਿਓਂ 16 ਕਿਲੋਮੀਟਰ ਦੂਰ ਹੈ। ਲਿਹਾਜ਼ਾ ਡਰੋਨ ਦਾ ਇਸਤੇਮਾਲ ਏਅਰਫੋਰਸ ਨੇੜਿਓਂ ਹੀ ਕੀਤਾ ਗਿਆ ਹੈ। ਏਅਰਫੋਰਸ ਨੇੜੇ ਸਭ ਤੋਂ ਸ਼ੱਕੀ ਇਲਾਕਾ ਬੇਲੀਚਰਾਨਾ ਹੀ ਹੈ, ਜਿਸਦੇ ਨਾਲ ਤਵੀ ਨਦੀ ਵੀ ਲੱਗਦੀ ਹੈ।
ਸਾਰੇ ਏਅਰਫੋਰਸ ਸਟੇਸ਼ਨਾਂ ਦੀ ਸੁਰੱਖਿਆ ‘ਚ ਇਜ਼ਾਫਾ
ਜੰਮੂ ‘ਚ ਏਅਰਫੋਰਸ ਸਟੇਸ਼ਨ ‘ਤੇ ਹੋਏ ਹਮਲੇ ਤੋਂ ਬਾਅਦ ਊਧਮਪੁਰ ਸਣੇ ਦੇਸ਼ ਭਰ ਦੇ ਸਾਰੇ ਏਅਰਫੋਰਸ ਸਟੇਸ਼ਨਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।