ਬਿਓਰੋ। ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਕਾਰ ਜਾਰੀ ਰੇੜਕੇ ਵਿਚਾਲੇ ਹੁਣ ਇੱਕ ਵਾਰ ਫਿਰ ਗੱਲਬਾਤ ਦਾ ਸਿਲਸਿਲਾ ਤੋਰਨ ਦੀ ਮੰਗ ਉਠੀ ਹੈ। ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਕਿਸਾਨਾਂ ਨਾਲ ਖੇਤੀ ਕਾਨੂੰਨਾਂ ਦੇ ਮਸਲੇ ‘ਤੇ ਗੱਲਬਾਤ ਕਰ ਸਮੱਸਿਆ ਦਾ ਹੱਲ ਕੱਢਿਆ ਜਾਵੇ।
ਚਿੱਠੀ ‘ਚ ਦੁਸ਼ਯੰਤ ਚੌਟਾਲਾ ਨੇ ਲਿਖਿਆ, “ਇਹ ਬੇਹੱਦ ਚਿੰਤਾ ਦਾ ਵਿਸ਼ਾ ਹੈ ਕਿ ਸਾਡੇ ਦੇਸ਼ ਦਾ ਅੰਨਦਾਤਾ 100 ਦਿਨਾਂ ਤੋਂ ਵੀ ਵੱਧ ਸਮੇਂ ਤੋਂ ਸੜਕਾਂ ‘ਤੇ ਬੈਠਿਆ ਹੈ। ਪਹਿਲਾਂ ਦੀਆਂ ਮੀਟਿੰਗਾਂ ਦੌਰਾਨ ਕਿਸਾਨਾਂ ਦੇ ਮਸਲੇ ਦਾ ਕੁਝ ਹੱਲ ਨਿਕਲਣ ਦੀ ਉਮੀਦ ਬੱਝੀ ਸੀ। ਲਿਹਾਜ਼ਾ ਮੀਟਿੰਗਾਂ ਦਾ ਸਿਲਸਿਲਾ ਮੁੜ ਅੱਗੇ ਤੋਰਨ ਦੀ ਲੋੜ ਹੈ, ਜਿਸਦੇ ਲਈ 3-4 ਸੀਨੀਅਰ ਕੇਂਦਰੀ ਮੰਤਰੀਆਂ ਨੂੰ ਜ਼ਿੰਮਾ ਦਿੱਤਾ ਜਾ ਸਕਦਾ ਹੈ।
ਸਾਢੇ 4 ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਡੇਰਾ
ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਨੇ 26 ਨਵੰਬਰ ਤੋਂ ਡੇਰਾ ਸਮਰਥਕਾਂ ਨੇ ਡੇਰਾ ਲਗਾਇਆ ਹੋਇਆ ਹੈ। ਕਿਸਾਨ ਆਗੂ ਦੇਸ਼ ਦੇ ਦੂਜੇ ਹਿੱਸਿਆਂ ‘ਚ ਜਾ ਕੇ ਵੀ ਇਹਨਾਂ ਕਾਨੂੰਨਾਂ ਦੇ ਖਿਲਾਫ਼ ਕਿਸਾਨਾਂ ਨੂੰ ਲਾਮਬੱਧ ਕਰ ਰਹੇ ਹਨ। ਵਿਰੋਧ ਕਰ ਰਹੇ ਕਿਸਾਨ ਕੇਂਦਰ ਦੇ ਤਿੰਨ ਵਿਵਾਦਤ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਫ਼ਸਲਾਂ ‘ਤੇ MSP ਦੀ ਕਾਨੂੰਨੀ ਗਾਰੰਟੀ ਦੇਣ ਦੀ ਮੰਗ ਕਰ ਰਹੇ ਹਨ।
3 ਮਹੀਨਿਆਂ ਤੋਂ ਗੱਲਬਾਤ ਬੰਦ
ਸਰਕਾਰ ਅਤੇ ਕਿਸਾਨਾਂ ਵਿਚਾਲੇ ਗੱਲਬਾਤ ਪਿਛਲੇ ਕਰੀਬ 3 ਮਹੀਨਿਆਂ ਤੋਂ ਬੰਦ ਪਈ ਹੈ। ਆਖਰੀ ਬੈਠਕ 22 ਜਨਵਰੀ ਨੂੰ ਹੋਈ ਸੀ। ਇਸ ਤੋਂ ਇੱਕ ਦਿਨ ਪਹਿਲਾਂ 20 ਜਨਵਰੀ ਨੂੰ ਹੋਈ ਬੈਠਕ ‘ਚ ਸਰਕਾਰ ਨੇ ਕਿਸਾਨ ਜਥੇਬੰਦੀਆਂ ਨੂੰ ਖੇਤੀ ਕਾਨੂੰਨਾਂ ਨੂੰ ਡੇਢ ਤੋਂ 2 ਸਾਲ ਲਈ ਹੋਲਡ ‘ਤੇ ਰੱਖਣ ਅਤੇ ਇੱਕ ਸਾਂਝੀ ਕਮੇਟੀ ਬਣਾਉਣ ਦੀ ਪੇਸ਼ਕਸ਼ ਕੀਤੀ ਸੀ। ਪਰ ਕਿਸਾਨਾਂ ਨੇ ਸਰਕਾਰ ਦੇ ਆਫ਼ਰ ਨੂੰ ਖਾਰਜ ਕਰ ਦਿੱਤਾ, ਜਿਸ ਤੋਂ ਬਾਅਦ ਹਾਲੇ ਤੱਕ ਕਿਸਾਨਾਂ ਅਤੇ ਕੇਂਦਰ ਵਿਚਾਲੇ ਰੇੜਕਾ ਬਰਕਰਾਰ ਹੈ।