ਬਿਓਰੋ। ਬਾਲੀਵੁੱਡ ‘ਚ ਲਗਾਤਾਰ ਪੈਰ ਪਸਾਰ ਰਹੇ ਕੋਰੋਨਾ ਨੇ ਹੁਣ ਉਸ ਸ਼ਖਸ ਨੂੰ ਵੀ ਆਪਣੀ ਚਪੇਟ ‘ਚ ਲੈ ਲਿਆ ਹੈ, ਜੋ ਪਿਛਲੇ ਸਾਲ ਲਾਕਡਾਊਨ ਵੇਲੇ ਸਭ ਤੋਂ ਵੱਢ ਸੜਕਾਂ ‘ਤੇ ਨਜ਼ਰ ਆਉਂਦਾ ਸੀ। ਗੱਲ ਕਰ ਰਹੇ ਹਾਂ ਗਰੀਬਾਂ ਦੇ ਮਸੀਹਾ ਬਣ ਚੁੱਕੇ ਅਦਾਕਾਰ ਸੋਨੂੰ ਸੂਦ ਦੀ। ਸੋਨੂੰ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਉਹਨਾਂ ਨੇ ਖੁਦ ਨੂੰ ਕੁਆਰੰਟੀਨ ਕਰ ਲਿਆ ਹੈ।
ਕੋਰੋਨਾ ਪਾਜ਼ੀਟਿਵ ਪਾਏ ਜਾਣ ਦੀ ਜਾਣਕਾਰੀ ਟਵਿਟਰ ‘ਤੇ ਸਾੰਝਾ ਕਰਦਿਆਂ ਸੋਨੂੰ ਨੇ ਆਪਣਾ ਜਜ਼ਬਾ ਉਸੇ ਤਰ੍ਹਾਂ ਜਾਰੀ ਰੱਖਿਆ। ਸੋਨੂੰ ਨੇ ਕਿਹਾ ਕਿ ਉਹਨਾਂ ਦਾ ਮੂਡ ਤੇ ਸਪਿਰਿਟ ਸੁਪਰ ਪਾਜ਼ੀਟਿਵ ਹੈ। ਨਾਲ ਹੀ ਆਪਣੇ ਟਵੀਟ ‘ਚ ਇਹ ਵੀ ਲਿਖਿਆ ਕਿ ਹੁਣ ਲੋਕਾਂ ਦੀਆਂ ਮੁਸ਼ਕਿਲਾਂ ਠੀਕ ਕਰਨ ਲਈ ਉਹਨਾਂ ਕੋਲ ਵੱਧ ਸਮਾਂ ਹੋਵੇਗਾ।
ਪਿਛਲੇ ਸ਼ਨੀਵਾਰ ਹੀ ਕੈਪਟਨ ਨਾਲ ਕੀਤੀ ਸੀ ਮੁਲਾਕਾਤ
ਦੱਸ ਦਈਏ ਕਿ ਸੋਨੂੰ ਸੂਦ ਨੇ ਪਿਛਲੇ ਸ਼ਨੀਵਾਰ ਹੀ ਚੰਡੀਗੜ੍ਹ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ‘ਤੇ ਪਹੁੰਚ ਕੇ ਉਹਨਾਂ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਸੋਨੂੰ ਨੇ ਸੀਐੱਮ ਨੂੰ ਆਪਣੀ ਕਿਤਾਬ ‘ਮੈਂ ਕੋਈ ਮਸੀਹਾ ਨਹੀਂ ਹਾਂ’ ਵੀ ਭੇਂਟ ਕੀਤੀ, ਜਿਸ ‘ਚ ਉਹਨਾਂ ਦੇ ਮੋਗਾ ਤੋਂ ਮੁੰਬਈ ਤੱਕ ਦੇ ਸਫ਼ਰ ਦਾ ਜ਼ਿਕਰ ਹੈ।
ਪੰਜਾਬ ਦੇ ਵੈਕਸੀਨੇਸ਼ਨ ਕੈਂਪੇਨ ਦੇ ਬ੍ਰਾਂਡ ਅੰਬੈਸਡਰ
ਸੀਐੱਮ ਨਾਲ ਮੁਲਾਕਾਤ ਤੋਂ ਠੀਕ ਇੱਕ ਦਿਨ ਬਾਅਦ ਐਤਵਾਰ ਨੂੰ ਮੁੱਖ ਮੰਤਰੀ ਵੱਲੋਂ ਸੋਨੂੰ ਸੂਦ ਨੂੰ ਵੈਕਸੀਨੇਸ਼ਨ ਕੈਂਪੇਨ ਦਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਗਿਆ। ਸੀਐੱਮ ਨੇ ਕਿਹਾ ਕਿ ਪੰਜਾਬ ‘ਚ ਵੈਕਸੀਨ ਪ੍ਰਤੀ ਲੋਕਾਂ ਨੂੰ ਬੇਹੱਦ ਡਰ ਹੈ। ਅਜਿਹੇ ‘ਚ ਜੇਕਰ ਲੋਕ ਪੰਜਾਬ ਦੇ ਪੁੱਤਰ ਤੋਂ ਟੀਕੇ ਬਾਰੇ ਸੁਣਨਗੇ ਕਿ ਟੀਕਾ ਕਿੰਨਾ ਸੁਰੱਖਿਅਤ ਅਤੇ ਜ਼ਰੂਰੀ ਹੈ, ਤਾਂ ਲੋਕ ਉਸ ‘ਤੇ ਵਿਸ਼ਵਾਸ ਜ਼ਰੂਰ ਕਰਨਗੇ। ਪਿਛਲੇ ਸਾਲ ਲਾਕਡਾਊਨ ਦੌਰਾਨ ਪ੍ਰਵਾਸੀ ਮਜ਼ਦੂਰਾਂ ਨੂੰ ਘਰ ਪਹੁੰਚਾਉਣ ‘ਚ ਸੋਨੂੰ ਨੇ ਜਿਸ ਤਰ੍ਹਾਂ ਸ਼ਾਨਦਾਰ ਭੂਮਿਕਾ ਨਿਭਾਈ, ਉਹ ਵੀ ਇਸ ਮਿਸ਼ਨ ‘ਚ ਮਦਦਗਾਰ ਸਾਬਿਤ ਹੋਵੇਗੀ।