ਬਿਓਰੋ। ਰੇਤ ਮਾਫ਼ੀਆ ਖਿਲਾਫ਼ ਕੈਪਟਨ ਸਰਕਾਰ ਵੱਲੋਂ ਗਠਿਤ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵੱਡੀ ਕਾਰਵਾਈ ਕਰਦਿਆਂ ਮਾਈਨਿੰਗ ਗਤੀਵਿਧੀਆਂ ‘ਚ ਸ਼ਾਮਲ ਇੱਕ ਸ਼ਖਸ ਨੂੰ ਗ੍ਰਿਫ਼ਤਾਰ ਕੀਤਾ ਹੈ। ਖੰਨਾ ਪੁਲਿਸ ਦੀ ਮਦਦ ਨਾਲ ਸਮਰਾਲਾ ਤੋਂ ਇਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਮੁਲਜ਼ਮ ਦੀ ਪਛਾਣ ਗੁਰਿੰਦਰ ਿਸੰਘ ਉਰਫ਼ ਗਿੰਦਾ ਵਜੋਂ ਹੋਈ ਹੈ, ਜੋਕਿ ਸਮਰਾਲਾ ਦਾ ਹੀ ਵਸਨੀਕ ਹੈ। ਪੁਲਿਸ ਨੇ ਉਸ ਕੋਲੋਂ 32 ਬੋਰ ਦੀਆਂ 2 ਪਿਸਟਲ ਅਤੇ 315 ਬੋਰ ਦੀਆਂ 2 ਪਿਸਟਲ ਸਣੇ ਇੱਕ ਸਵਿਫ਼ਟ ਕਾਰ ਬਰਾਮਦ ਕੀਤੀ ਹੈ।
ਇਨਫੋਰਸਮੈਂਟ ਡਾਇਰੈਕਟਰ ਆਰ.ਐੱਨ. ਢੋਕੇ ਮੁਤਾਬਕ, ਗੁਰਿੰਦਰ ਆਪਣੇ ਸਾਥੀਆਂ ਸਮੇਤ ਰਾਹੋਂ ਖੇਤਰ ਵਿੱਚ ਚੱਲ ਰਹੇ ਗਿਰੋਹ ਦਾ ਮੁੱਖ ਧੁਰਾ ਹੈ। ਗੁਰਿੰਦਰ ਨੇ ਪੁੱਛਗਿੱਛ ਦੌਰਾਨ ਕਬੂਲਿਆ ਬੈ ਕਿ ਉਹ ਕਈ ਲੋਕਾਂ ਨਾਲ ਮਿਲ ਕੇ ਸਤਲੁਜ ਦਰਿਆ ਕਿਨਾਰੇ ਰਾਹੋਂ ਦੇ ਏਰੀਆ ‘ਚ ਨਜਾਇਜ਼ ਮਾਈਨਿੰਗ ਦਾ ਧੰਦਾ ਕਰਦਾ ਹੈ।
‘ਵਾਂਟੇਡ ਕ੍ਰਿਮਿਨਲ ਹੈ ਗਿੰਦਾ’
ਜਾਣਕਾਰੀ ਮੁਤਾਬਕ, ਗੁਰਿੰਦਰ ਸਿੰਘ ਇੱਕ ਨਾਮਵਰ ਅਤੇ ਪੇਸ਼ੇਵਰ ਅਪਰਾਧੀ ਹੈ ਅਤੇ ਪੰਜਾਬ ਅਤੇ ਗੁਜਰਾਤ ਵਿੱਚ ਕਤਲ ਅਤੇ ਲੁੱਟਾਂ ਖੋਹਾਂ ਦੇ ਕਈ ਮਾਮਲਿਆਂ ਵਿੱਚ ਲੋੜੀਂਦਾ ਹੈ। ਗੁਰਿੰਦਰ ਗੁਜਰਾਤ ਦੇ ਹਾਈ-ਪ੍ਰੋਫਾਈਲ ਕਤਲ ਕੇਸ ਵਿੱਚ ਲੋੜੀਂਦਾ ਹੈ। ਇਸ ਮਾਮਲੇ ਵਿੱਚ ਉਸਨੇ 2 ਹੋਰਨਾਂ ਨਾਲ ਮਿਲ ਕੇ ਆਸ਼ੀਸ਼ ਮਹਾਰਾਜ ਦਾ ਕਤਲ ਕੀਤਾ ਸੀ, ਜਿਸ ਨਾਲ ਸਥਾਨਕ ਢਾਬਾ ਮਾਲਕਾਂ ਦਾ ਜਾਇਦਾਦ ਸਬੰਧੀ ਵਿਵਾਦ ਸੀ। ਗਿੰਦਾ ਇਸ ਕਤਲ ਕੇਸ ਵਿਚ ਭਗੌੜਾ ਹੈ ਅਤੇ ਉਸ ਤੋਂ ਬਾਅਦ ਵੱਖ-ਵੱਖ ਥਾਵਾਂ ‘ਤੇ ਛੁਪ ਕੇ ਗ੍ਰਿਫ਼ਤਾਰੀ ਤੋਂ ਬੱਚਦਾ ਰਿਹਾ ਸੀ।
‘ਕਈ ਹੋਰ ਅਪਰਾਧਕ ਗਤੀਵਿਧੀਆਂ ‘ਚ ਸ਼ਾਮਲ’
ED ਨੇ ਦੱਸਿਆ ਕਿ, ਗੁਰਿੰਦਰ ਨੇ ਲਾਡੋਵਾਲ ਟੌਲ ਪਲਾਜਾ, ਲੁਧਿਆਣਾ ਨੇੜੇਓਂ ਬੰਦੂਕ ਦੀ ਨੋਕ ‘ਤੇ ਇਕ ਅਰਟੀਗਾ ਕਾਰ ਖੋਹੀ ਸੀ। ਉਸਨੇ ਆਪਣੇ ਸਾਥੀ ਗੈਂਗਸਟਰ ਗੁਰਜਿੰਦਰ ਸਿੰਘ ਸੋਨੂੰ ਸਮੇਤ ਗੜਸੰਕਰ ਨੇੜੇ ਆਮ ਲੋਕਾਂ ਵਿੱਚ ਦਹਿਸਤ ਪੈਦਾ ਕਰਨ ਲਈ ਗੋਲੀਆਂ ਵੀ ਚਲਾਈਆਂ ਸਨ। ਇਹ ਵੀ ਪਤਾ ਲੱਗਾ ਹੈ ਕਿ ਉਸਨੇ ਨਕਦੀ ਲਈ ਊਨਾ ਦੇ ਇੱਕ NRI ਪਰਿਵਾਰ ਨੂੰ ਬੰਦੂਕ ਦੀ ਨੋਕ ‘ਤੇ ਲੁੱਟਣ ਦੀ ਯੋਜਨਾ ਬਣਾਈ ਸੀ।
ਗੁਰਿੰਦਰ ਗਿੰਦਾ ਕੋਲੋਂ ਇਲਾਕੇ ਦੇ ਹੋਰਨਾਂ ਅਪਰਾਧੀਆਂ ਅਤੇ ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਦੇ ਨਾਜਾਇਜ ਹਥਿਆਰਾਂ ਦੇ ਸਪਲਾਇਰਾਂ ਨਾਲ ਉਸ ਦੇ ਸਬੰਧਾਂ ਲਈ ਪੁੱਛਗਿੱਛ ਕੀਤੀ ਜਾ ਰਹੀ ਹੈ।