ਚੰਡੀਗੜ੍ਹ। ਖੇਤੀ ਕਾਨੂੰਨਾਂ ਦੇ ਖਿਲਾਫ਼ ਚੱਲ ਰਹੇ ਕਿਸਾਨਾਂ ਦੇ ਅੰਦੋਲਨ ‘ਚ ਹਿੰਸਕ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਤਾਜ਼ਾ ਮਾਮਲਾ ਰਾਜਧਾਨੀ ਚੰਡੀਗੜ੍ਹ ਦਾ ਹੈ, ਜਿਥੇ ਬੀਜੇਪੀ ਆਗੂਆਂ ਦੇ ਕਾਫਿਲੇ ‘ਤੇ ਗੁੱਸਾਏ ਪ੍ਰਦਰਸ਼ਨਕਾਰੀਆਂ ਨੇ ਹਮਲਾ ਕਰ ਦਿੱਤਾ।
ਦਰਅਸਲ, ਸੈਕਟਰ-48 ‘ਚ ਆਯੋਜਿਤ ਇੱਕ ਧੰਨਵਾਦੀ ਸਮਾਗਮ ਤੋਂ ਵਾਪਸ ਪਰਤ ਰਹੇ ਚੰਡੀਗੜ੍ਹ ਦੇ ਮੇਅਰ ਰਵੀਕਾਂਤ ਸ਼ਰਮਾ, ਚੰਡੀਗੜ੍ਹ ਦੇ ਸਾਬਕਾ ਬੀਜੇਪੀ ਪ੍ਰਧਾਨ ਸੰਜੇ ਟੰਡਨ ਅਤੇ ਮੰਡਲ ਪ੍ਰਧਾਨ ਅਭੀ ਭਸੀਨ ਦੇ ਕਾਫਿਲੇ ਨੂੰ ਕੁਝ ਲੋਕਾਂ ਨੇ ਘੇਰ ਲਿਆ ਅਤੇ ਵੇਖਦੇ ਹੀ ਵੇਖਦੇ ਲਾਠੀ-ਡੰਡਿਆਂ ਅਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਾਫੀ ਦੇਰ ਤੱਕ ਮੇਅਰ ਸਮੇਤ ਦੂਜੇ ਬੀਜੇਪੀ ਆਗੂਆਂ ਦੇ ਕਾਫਿਲੇ ਨੂੰ ਘੇਰ ਕੇ ਰੱਖਿਆ। ਮੌਕੇ ‘ਤੇ ਮੌਜੂਦ ਪ੍ਰਦਰਸ਼ਨਕਾਰੀਆਂ ਨੇ ਕਰੜੀ ਮੁਸ਼ੱਕਤ ਤੋਂ ਬਾਅਦ ਮੇਅਰ ਸਮੇਤ ਹੋਰ ਆਗੂਆਂ ਨੂੰ ਬਾਹਰ ਕੱਢਿਆ।
ਇਸ ਘਟਨਾ ‘ਚ ਮੇਅਰ ਦੀ ਗੱਡੀ ਸਭ ਤੋਂ ਵੱਧ ਨੁਕਸਾਨੀ ਗਈ ਹੈ, ਜਦਕਿ ਸੰਜੇ ਟੰਡਨ ਦੀ ਗੱਡੀ ਦੇ ਸ਼ੀਸ਼ੇ ਟੁੱਟ ਗਏ। ਗਣੀਮਤ ਰਹੀ ਕਿ ਕਿਸੇ ਨੂੰ ਗੰਭੀਰ ਸੱਟ ਨਹੀਂ ਵੱਜੀ ਹੈ। ਫਿਲਹਾਲ ਪੁਲਿਸ ਨੇ ਹਮਲੇ ਦੇ ਇਲਜ਼ਾਮ ਹੇਠ ਕਈ ਕਿਸਾਨਾਂ ਨੂੰ ਹਿਰਾਸਤ ‘ਚ ਲੈ ਲਿਆ ਹੈ।
ਕਿਸਾਨਾਂ ਨੇ ਵੀਡੀਓ ਵਾਇਰਲ ਕਰਕੇ ਦਿੱਤੀ ਸੀ ਧਮਕੀ
ਇੱਕ ਦਿਨ ਪਹਿਲਾਂ ਕਿਸਾਨਾਂ ਨੇ ਧੰਨਵਾਦੀ ਸਮਾਰੋਹ ਦੀ ਜਾਣਕਾਰੀ ਹੋਣ ‘ਤੇ ਸੋਸ਼ਲ ਮੀਡੀਆ ਜ਼ਰੀਏ ਇੱਕ ਵੀਡੀਓ ਵਾਇਰਲ ਕੀਤੀ ਸੀ, ਜਿਸ ‘ਚ ਉਹਨਾਂ ਨੇ ਸਪੱਸ਼ਟ ਸ਼ਬਦਾਂ ‘ਚ ਕਿਹਾ ਸੀ ਕਿ ਜੇਕਰ ਬੀਜੇਪੀ ਆਗੂਆਂ ਲਈ ਇਸ ਤਰ੍ਹਾਂ ਦਾ ਕੋਈ ਸਮਾਗਮ ਆਯੋਜਿਤ ਕੀਤਾ ਜਾਂਦਾ ਹੈ, ਤਾਂ ਉਹ ਸਮਾਗਮ ਨੂੰ ਬੰਦ ਕਰਵਾ ਦੇਣਗੇ। ਇਸਦੇ ਮੱਦੇਨਜ਼ਰ ਸੁਰੱਖਿਆ ਵਿਵਸਥਾ ਨੂੰ ਲੈ ਕੇ ਸਵੇਰੇ ਹੀ ਪੁਲਿਸ ਮੁਲਾਜ਼ਮਾਂ ਨੂੰ ਤੈਨਾਤ ਕਰ ਦਿੱਤਾ ਗਿਆ ਸੀ।