ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨ ਸ਼ਨੀਵਾਰ ਨੂੰ ਚੱਕਾ ਜਾਮ ਕਰਨ ਜਾ ਰਹੇ ਹਨ। ਕਿਸਾਨਾਂ ਦੇ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਨੈਸ਼ਨਲ ਤੇ ਸਟੇਟ ਹਾਈਵੇ ਜਾਮ ਕਰਨ ਦਾ ਐਲਾਨ ਕੀਤਾ ਹੈ। ਸੰਯੁਕਤ ਕਿਸਾਨ ਮੋਰਚਾ ਵੱਲੋਂ ਜਾਰੀ ਬਿਆਨ ਦੇ ਮੁਤਾਬਿਕ ਦਿੱਲੀ-NCR ‘ਚ ਕੋਈ ਚੱਕਾ ਜਾਮ ਨਹੀਂ ਕੀਤਾ ਜਾਵੇਗਾ, ਕਿਉੰਕਿ ਅੰਦੋਲਨ ਦੇ ਚਲਦੇ ਇਹ ਪਹਿਲਾਂ ਹੀ ਚੱਕਾ ਜਾਮ ਮੋਡ ਵਿੱਚ ਹਨ।
ਕਿਸਾਨਾਂ ਨੇ ਸਾਫ਼ ਕੀਤਾ ਕਿ ਕਿਸੇ ਵੀ ਐਮਰਜੈਂਸੀ ਅਤੇ ਜ਼ਰੂਰੀ ਸੇਵਾਵਾਂ ਨੂੰ ਜਾਮ ਕਾਰਨ ਕਿਸੇ ਤਰ੍ਹਾੰ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਕਿਸਾਨਾਂ ਮੁਤਾਬਕ ਇਹ ਚੱਕਾ ਜਾਮ ਪੂਰੀ ਤਰ੍ਹਾੰ ਨਾਲ ਸ਼ਾਂਤੀਪੂਰਣ ਰਹੇਗਾ ਅਤੇ ਪੂਰੇ 3 ਵਜੇ ਇੱਕ ਮਿੰਟ ਦਾ ਹਾਰਨ ਵਜਾ ਕੇ ਚੱਕਾ ਜਾਮ ਦੀ ਸਮਾਪਤੀ ਕੀਤੀ ਜਾਵੇਗੀ।
ਓਧਰ ਕਾਂਗਰਸ ਪਾਰਟੀ ਨੇ ਕਿਸਾਨਾਂ ਦੇ ਚੱਕਾ ਜਾਮ ਦੇ ਸਮਰਥਨ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਵੱਲੋਂ ਜਾਰੀ ਬਿਆਨ ਵਿੱਚ ਕਾਂਗਰਸੀ ਵਰਕਰਾਂ ਨੂੰ ਹਦਾਇਤ ਦਿੱਤੀ ਗਈ ਕਿ ਚੱਕਾ ਜਾਮ ਦੌਰਾਨ ਕਿਸਾਨਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇ।
ਕਿਸਾਨਾਂ ਦੇ ਚੱਕਾ ਜਾਮ ਤੋਂ ਪਹਿਲਾਂ ਪੁਲਿਸ ਵੀ ਅਲਰਟ ‘ਤੇ ਹੈ। ਦਿੱਲੀ ਪੁਲਿਸ ਕਮਿਸ਼ਨਰ ਨੇ ਅਧਿਕਾਰੀਆਂ ਨਾਲ ਬੈਠਕ ਕਰ ਸੁਰੱਖਿਆ ਵਿਵਸਥਾ ਦੀ ਸਮੀਖਿਆ ਕੀਤੀ। ਓਧਰ ਹਰਿਆਣਾ ਦੇ DGP ਨੇ ਵੀ ਤਮਾਮ ਪੁਲਿਸ ਅਫ਼ਸਰਾਂ ਨੂੰ ਸੁਰੱਖਿਆ ਵਿਵਸਥਾ ਕੜੀ ਕਰਨ ਦੀ ਹਦਾਇਤ ਜਾਰੀ ਕੀਤੀ ਹੈ।