Home Politics ਵਿਰੋਧ ਵਿਚਾਲੇ ਕਾਂਗਰਸ ਵਿਧਾਇਕ ਦੇ ਪੁੱਤਰ ਨੇ ਠੁਕਰਾਈ ਸਰਕਾਰੀ ਨੌਕਰੀ, ਬਾਜਵਾ ਨੇ...

ਵਿਰੋਧ ਵਿਚਾਲੇ ਕਾਂਗਰਸ ਵਿਧਾਇਕ ਦੇ ਪੁੱਤਰ ਨੇ ਠੁਕਰਾਈ ਸਰਕਾਰੀ ਨੌਕਰੀ, ਬਾਜਵਾ ਨੇ ਜਾਖੜ ਸਣੇ 2 ਮੰਤਰੀਆਂ ‘ਤੇ ਚੁੱਕੇ ਸਵਾਲ

ਚੰਡੀਗੜ੍ਹ। ਪੰਜਾਬ ਦੇ 2 ਕਾਂਗਰਸੀ ਵਿਧਾਇਕਾਂ ਦੇ ਪੁੱਤਰਾਂ ਨੂੰ ਤਰਸ ਦੇ ਅਧਾਰ ‘ਤੇ ਨੌਕਰੀ ਦੇਣ ਨੂੰ ਲੈ ਕੇ ਲਗਾਤਾਰ ਹੋ ਰਹੀ ਸਿਆਸਤ ਵਿਚਾਲੇ ਵਿਧਾਇਕ ਫਤਿਹਜੰਗ ਬਾਜਵਾ ਦੇ ਪੁੱਤਰ ਅਰਜੁਨ ਬਾਜਵਾ ਨੇ ਸਰਕਾਰੀ ਨੌਕਰੀ ਦਾ ਆਫਰ ਠੁਕਰਾ ਦਿੱਤਾ ਹੈ। ਚੰਡੀਗੜ੍ਹ ‘ਚ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਿਤ ਕਰਦੇ ਹੋਏ ਅਰਜੁਨ ਬਾਜਵਾ ਨੇ ਐਲਾਨ ਕੀਤਾ ਕਿ ਉਹ ਸਰਕਾਰ ਵੱਲੋਂ ਦਿੱਤੀ ਇੰਸਪੈਕਟਰ ਦੀ ਨੌਕਰੀ ਨਹੀਂ ਲੈਣਗੇ।

‘ਮੈਂ ਹੀਰੋ ਬਣਨ ਚੱਲਿਆ ਸੀ, ਵਿਲੇਨ ਬਣਾ ਦਿੱਤਾ ਗਿਆ’

ਅਰਜੁਨ ਬਾਜਵਾ ਨੇ ਕਿਹਾ, “ਮੈਂ ਤਾਂ ਫ਼ਿਲਮ ‘ਚ ਬਤੌਰ ਹੀਰੋ ਲਾਂਚ ਹੋਣ ਵਾਲਾ ਹਾਂ, ਪਰ ਕੁਝ ਲੋਕਾਂ ਨੇ ਆਪਣੀ ਸਿਆਸਤ ਚਮਕਾਉਣ ਲਈ ਂਮੈਨੂੰ ਵਿਲੇਨ ਬਣਾ ਦਿੱਤਾ। ਅੱਜ ਟੀਵੀ ‘ਤੇ ਜਾਂ ਤਾਂ ਮੇਰੀ ਖ਼ਬਰ ਵਿਖਾਈ ਜਾ ਰਹੀ ਹੈ, ਜਾਂ ਫਿਰ ਗੈਂਗਸਟਰ ਜੈਪਾਲ ਭੁੱਲਰ ਦੀ।”

ਪੁਲਿਸ ਦੀ ਨੌਕਰੀ ਕਰਨਾ ਅਸਾਨ ਨਹੀਂ- ਅਰਜੁਨ

ਉਹਨਾਂ ਕਿਹਾ, “ਮੈਨੂੰ ਨੌਕਰੀ ਦੇਣ ਦੇ ਨਾਂਅ ‘ਤੇ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਹਨ, ਜਿਸ ਨੂੰ ਵੇਖ ਕੇ ਮੈਨੂੰ ਸ਼ਰਮ ਆ ਰਹੀ ਹੈ। ਮੈਂ ਆਪਣੇ ਦਾਦਾ ਦੀ ਸ਼ਹਾਦਤ ‘ਤੇ ਅਜਿਹੀਆਂ 100 ਨੌਕਰੀਆਂ ਵਾਰਨ ਨੂੰ ਤਿਆਰ ਹਾਂ।” ਉਹਨਾਂ ਕਿਹਾ ਕਿ ਪੁਲਿਸ ਦੀ ਨੌਕਰੀ ਕਰਨਾ ਕੋਈ ਅਸਾਨ ਨਹੀਂ ਹੈ। ਮੈਂ ਇੰਨਾ ਕਾਬਿਲ ਹਾਂ ਕਿ ਹਰ ਕਸੌਟੀ ਪਾਰ ਕਰਕੇ ਅਜਿਹੀ ਨੌਕਰੀ ਅਸਾਨੀ ਨਾਲ ਹਾਸਲ ਕਰ ਸਕਦਾ ਹਾਂ।

‘ਅਸੀਂ ਪਹਿਲੇ ਦਿਨ ਹੀ ਠੁਕਰਾ ਦਿੱਤੀ ਸੀ ਨੌਕਰੀ’

ਆਪਣੇ ਪੁੱਤਰ ਦੇ ਨੌਕਰੀ ਨਾ ਸਵੀਕਾਰ ਕਰਨ ਦੇ ਫ਼ੈਸਲੇ ਦਾ ਸਮਰਥਨ ਕਰਦੇ ਹੋਏ ਕਾਂਗਰਸ ਵਿਧਾਇਕ ਫਤਿਹਜੰਗ ਬਾਜਵਾ ਨੇ ਕਿਹਾ ਕਿ ਉਹਨਾਂ ਵੱਲੋਂ ਕੈਬਨਿਟ ‘ਚ ਏਜੰਡਾ ਲਿਆਂਦੇ ਜਾਣ ਤੋਂ ਪਹਿਲਾਂ ਹੀ ਮੁੱਖ ਮੰਤਰੀ ਨੂੰ ਆਪਣਾ ਫ਼ੈਸਲਾ ਸੁਣਾ ਦਿੱਤਾ ਗਿਆ ਸੀ ਕਿ ਉਹਨਾਂ ਦਾ ਪਰਿਵਾਰ ਇਹ ਨੌਕਰੀ ਨਹੀਂ ਲਵੇਗਾ।

ਜਾਖੜ, ਸਰਕਾਰੀਆ ਤੇ ਤ੍ਰਿਪਤ ਬਾਜਵਾ ਤੋਂ ਸਵਾਲ

ਕਾਂਗਰਸ ਵਿਧਾਇਕ ਫਤਿਹਜੰਗ ਬਾਜਵਾ ਨੇ ਆਪਣੇ ਬੇਟੇ ਦੀ ਨੌਕਰੀ ਦਾ ਆਫਰ ਠੁਕਰਾਉਂਦੇ ਸਾਰ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁਖ ਸਰਕਾਰੀਆ ਅਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ‘ਤੇ ਸਿੱਧਾ ਹਮਲਾ ਬੋਲਿਆ। ਉਹਨਾਂ ਕਿਹਾ ਕਿ ਸੁਨੀਲ ਜਾਖੜ ਦੇ ਭਤੀਜੇ ਅਜੇਵੀਰ ਜਾਖੜ ਨੂੰ ਪੰਜਾਬ ਕਿਸਾਨ ਕਮਿਸ਼ਨ ਦਾ ਚੇਅਰਮੈਨ, ਸੁਖ ਸਰਕਾਰੀਆ ਦੇ ਭਤੀਜੇ ਨੂੰ ਅੰਮ੍ਰਿਤਸਰ ਜ਼ਿਲ੍ਹਾ ਪਰੀਸ਼ਨ ਦਾ ਚੇਅਰਮੈਨ ਅਤੇ ਤ੍ਰਿਪਤ ਬਾਜਵਾ ਦੇ ਬੇਟੇ ਨੂੰ ਗੁਰਦਾਸਪੁਰ ਦੇ ਜ਼ਿਲ੍ਹਾ ਪਰੀਸ਼ਦ ਦਾ ਚੇਅਰਮੈਨ ਲਾਇਆ ਗਿਆ ਹੈ। ਉਹਨਾਂ ਸਵਾਲ ਕੀਤਾ, “ਕੀ ਇਹ ਤਿੰਨੇ ਆਪਣੇ ਪੁੱਤਰ ਅਤੇ ਭਤੀਜਿਆਂ ਨੂੰ ਸਰਕਾਰੀ ਅਹੁਦਿਆਂ ਤੋਂ ਹਟਾਉਣਗੇ, ਜੋ ਕਿਸੇ ਹੋਰ ਸੀਨੀਅਰ ਆਗੂ ਦਾ ਹੱਕ ਮਾਰ ਕੇ ਲਏ ਗਏ ਹਨ।”

‘ਵਿਰੋਧੀਆਂ ਦਾ ਨਹੀਂ, ‘ਆਪਣਿਆਂ’ ਦੇ ਬਿਆਨਾਂ ਦਾ ਦੁੱਖ’

ਫਤਿਹਜੰਗ ਬਾਜਵਾ ਨੇ ਕਿਹਾ ਕਿ ਉਹਨਾਂ ਨੂੰ ਵਿਰੋਧੀਆਂ ਵੱਲੋਂ ਕੀਤੇ ਜਾਂਦੇ ਹਮਲਿਆਂ ਦਾ ਦੁੱਖ ਨਹੀਂ, ਕਿਉਂਕਿ ਇਹ ਉਹਨਾਂ ਦਾ ਕੰਮ ਹੈ। ਪਰ ਉਹਨਾਂ ਦੇ ਆਪਣੇ ਹੀ ਸਾਥੀ ਸਿਆਸਤ ਕਰ ਰਹੇ ਹਨ, ਇਸਦਾ ਉਹਨਾਂ ਨੂੰ ਅਫਸੋਸ ਹੈ। ਬਾਜਵਾ ਨੇ ਕਿਹਾ ਕਿ ਬਿਆਨਬਾਜ਼ੀਆਂ ਆਪਣੇ ਸਾਥੀਆਂ ਜਾਂ ਵਿਰੋਧੀਆਂ ਤੱਕ ਹੀ ਚੰਗੀਆਂ ਲਗਦੀਆਂ ਹਨ, ਬੱਚਿਆਂ ਦੇ ਪਿੱਛੇ ਪੈਣਾ ਉਹਨਾਂ ਨੂੰ ਸ਼ੋਭਾ ਨਹੀਂ ਦਿੰਦਾ।

ਦਾਦਾ ਦੀ ਸ਼ਹਾਦਤ ਦੇ ਚਲਦੇ ਮਿਲੀ ਸੀ ਨੌਕਰੀ

ਦੱਸ ਦਈਏ ਕਿ ਅਰਜੁਨ ਬਾਜਵਾ ਨੂੰ ਉਹਨਾਂ ਦੇ ਦਾਦਾ ਸਤਨਾਮ ਸਿੰਘ ਬਾਜਵਾ ਦੀ ਸ਼ਹਾਦਤ ਦੇ ਚਲਦੇ ਸਰਕਾਰ ਵੱਲੋਂ ਤਰਸ ਦੇ ਅਧਾਰ ‘ਤੇ ਨੌਕਰੀ ਦਿੱਤੀ ਗਈ ਸੀ। ਸਤਨਾਮ ਸਿੰਘ ਬਾਜਵਾ 1987 ‘ਚ ਦਹਿਸ਼ਤਗਰਦੀ ਹਮਲੇ ਦੌਰਾਨ ਮਾਰੇ ਗਏ ਸਨ।

RELATED ARTICLES

LEAVE A REPLY

Please enter your comment!
Please enter your name here

Most Popular

Recent Comments