ਬਿਓਰੋ। ਮਿਲਖਾ ਸਿੰਘ ਦੀ ਜ਼ੰਦਗੀ ਦੀ ਦੌੜ ਥਮ ਗਈ ਹੈ, ਪਰ ਉਹਨਾਂ ਨੇ ਆਪਣੀ ਆਖਰੀ ਦੌੜ ‘ਚ ਵੀ ਹਿੰਮਤ ਨਹੀਂ ਹਾਰੀ। ਮਿਲਖਾ ਸਿੰਘ ਦਾ ਇਲਾਜ ਕਰਨ ਵਾਲੇ PGI ਦੇ ਡਾਕਟਰਾਂ ਮੁਤਾਬਕ, ਜਿਸ ਹਾਲਤ ‘ਚ ਕੋਈ ਨੌਜਵਾਨ ਇੱਕ ਘੰਟਾ ਵੀ ਜੀਉਂਦਾ ਨਹੀਂ ਰਹਿ ਸਕਦਾ, ਉਸ ਹਾਲਤ ‘ਚ ਫਲਾਇੰਗ ਸਿੱਖ 10 ਤੋਂ 12 ਘੰਟੇ ਜ਼ਿੰਦਗੀ ਦੀ ਜੰਗ ਲੜਦੇ ਰਹੇ।
ਮਿਲਖਾ ਸਿੰਘ ਦੀ ਮੌਤ ਤੋਂ ਅੱਧਾ ਘੰਟਾ ਪਹਿਲਾਂ ਦੀ ਤਸਵੀਰ ਵੀ ਸਾਹਮਣੇ ਆਈ ਹੈ। ਦੌੜਾਕ ਦਾ ਇਲਾਜ ਕਰ ਰਹੇ ਡਾਕਟਰ ਮੁਤਾਬਕ, ਉਹ ਸਵੇਰ ਤੱਕ ਗੱਲ ਕਰ ਰਹੇ ਸਨ। ਡਾਕਟਰ ਨੇ ਉਹਨਾਂ ਨੂੰ ਨਾਸ਼ਤਾ ਕਰਨ ਨੂੰ ਕਿਹਾ, ਤਾਂ ਉਹਨਾਂ ਨੇ ਡਾਕਟਰ ਨੂੰ ਕਿਹਾ ਕਿ ਤੁਸੀਂ ਵੀ ਪਹਿਲਾਂ ਚਾਹ-ਕੌਫੀ ਪੀ ਲਓ। ਮਿਲਖਾ ਸਿੰਘ ਦੀ ਬੇਟੀ ਨਾਲ ਆਏ ਪਰਿਵਾਰ ਦੇ ਡਰਾਈਵਰ ਨੇ ਦੱਸਿਆ, “ਬਾਬੂ ਜੀ ਨੂੰ ਘਰ ਦੇ ਲੋਕ ਵੈਕਸੀਨ ਲਗਵਾਉਣ ਲਈ ਕਹਿੰਦੇ ਸਨ, ਪਰ ਉਹ ਲਗਵਾਉਣ ਤੋਂ ਇਨਕਾਰ ਕਰ ਦਿੰਦੇ ਸਨ। ਕਹਿੰਦੇ ਸਨ, ਹੁਣ ਜ਼ਰੂਰਤ ਨਹੀਂ ਹੈ।”
31 ਦਿਨਾਂ ਤੱਕ ਚਲੀ ਜ਼ਿੰਦਗੀ ਤੇ ਮੌਤ ਦੀ ਰੇਸ
- 19 ਮਈ ਨੂੰ ਮਿਲਖਾ ਸਿੰਘ ਕੋਰੋਨਾ ਪਾਜ਼ੀਟਿਵ ਪਾਏ ਗਏ। ਉਹਨਾਂ ਦੇ ਘਰ ‘ਚ ਕੰਮ ਕਰਨ ਵਾਲੇ ਕੁੱਕ ਦੇ ਸੰਕ੍ਰਮਿਤ ਹੋਣ ਤੋਂ ਬਾਅਦ ਉਹ ਪਾਜ਼ੀਟਿਵ ਆਏ ਸਨ। ਕਰੀਬ 5 ਦਿਨ ਉਹ ਆਪਣੇ ਘਰ ‘ਚ ਹੀ ਆਈਸੋਲੇਟ ਰਹੇ।
- 24 ਮਈ ਨੂੰ ਆਕਸੀਜ਼ਨ ਦਾ ਲੈਵਲ ਘਟਣ ਅਤੇ ਹੋਰ ਸਮੱਸਿਆਵਾਂ ਦੇ ਚਲਦੇ ਮੋਹਾਲੀ ਦੇ ਫੌਰਟਿਸ ਹਸਪਤਾਲ ਭਰਤੀ ਕਰਵਾਏ ਗਏ।
- 26 ਮਈ ਨੂੰ ਮਿਲਖਾ ਸਿੰਘ ਦੀ ਪਤਨੀ ਵੀ ਕੋਰੋਨਾ ਸੰਕ੍ਰਮਿਤ ਪਾਏ ਜਾਣ ‘ਤੇ ਫੌਰਟਿਸ ਭਰਤੀ ਹੋਏ। ਮਿਲਖਾ ਸਿੰਘ ਨੂੰ ਵੀ ICU ਤੋਂ ਪਤਨੀ ਨਾਲ ਦੂਜੇ ਰੂਮ ‘ਚ ਸ਼ਿਫਟ ਕੀਤਾ ਗਿਆ। ਦੋਵੇਂ ਆਕਸੀਜ਼ਨ ਸੁਪੋਰਟ ‘ਤੇ ਸਨ।
- 30 ਮਈ ਨੂੰ ਮਿਲਖਾ ਸਿੰਘ ਨੂੰ ਪਰਿਵਾਰ ਦੇ ਅਪੀਲ ਕਰਨ ‘ਤੇ ਫੌਰਟਿਸ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਉਹ ਘਰ ‘ਚ ਹੀ ਆਈਸੋਲੇਟ ਰਹੇ, ਪਰ ਆਕਸੀਜ਼ਨ ਸੁਪੋਰਟ ‘ਤੇ ਸਨ।
- 3 ਜੂਨ ਨੂੰ ਆਕਸੀਜ਼ਨ ਲੈਵਲ ਡਿੱਗਣ ਦੇ ਚਲਦੇ ਮਿਲਖਾ ਸਿੰਘ ਨੂੰ PGI ‘ਚ ਭਰਤੀ ਕਰਵਾਇਆ ਗਿਆ, ਜਿਥੇ ਉਹਨਾਂ ਦਾ ICU ‘ਚ ਇਲਾਜ ਚੱਲ ਰਿਹਾ ਸੀ।
- 13 ਜੂਨ ਨੂੰ ਮਿਲਖਾ ਸਿੰਘ ਦੀ ਪਤਨੀ ਨਿਰਮਲ ਮਿਲਖਾ ਸਿੰਘ ਦਾ ਕੋਰੋਨਾ ਦੇ ਚਲਦੇ ਦੇਹਾਂਤ ਹੋ ਗਿਆ। ICU ‘ਚ ਭਰਤੀ ਹੋਣ ਦੇ ਚਲਦੇ ਮਿਲਖਾ ਸਿੰਘ ਪਤਨੀ ਦੇ ਅੰਤਿਮ ਸਸਕਾਰ ‘ਚ ਸ਼ਾਮਲ ਨਹੀਂ ਹੋ ਸਕੇ ਸਨ।
- 16 ਜੂਨ ਨੂੰ ਮਿਲਖਾ ਸਿੰਘ ਦੀ ਰਿਪੋਰਟ ਪਹਿਲੀ ਵਾਰ ਨੈਗੇਟਿਵ ਆਈ, ਜਿਸ ਉਪਰੰਤ ਉਹਨਾਂ ਨੂੰ ਕੋਵਿਡ ICU ਤੋਂ ਮੈਡੀਸਨ ICU ‘ਚ ਭਰਤੀ ਕਰਵਾਇਆ ਗਿਆ।
- 18 ਜੂਨ ਨੂੰ ਮਿਲਖਾ ਸਿੰਘ ਦਾ ਆਕਸੀਜ਼ਨ ਲੈਵਲ ਫਿਰ ਡਿੱਗਣ ਲੱਗਿਆ ਅਤੇ ਨਾਜ਼ੁਕ ਹਾਲਤ ‘ਚ ਉਹਨਾਂ ਦਾ ਇਲਾਜ ਸ਼ੁਰੂ ਕੀਤਾ ਗਿਆ। ਪਰ ਮਿਲਖਾ ਸਿੰਘ ਦੇ ਫੇਫੜੇ 80 ਫ਼ੀਸਦ ਤੋਂ ਵੱਧ ਖਰਾਬ ਹੋ ਚੁੱਕੇ ਸਨ, ਜਿਸ ਕਾਰਨ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ। ਆਖਰ, ਸ਼ੁੱਕਰਵਾਰ ਰਾਤ 11.30 ਵਜੇ ਉਹ ਮੌਤ ਹੱਥੋਂ ਜ਼ਿੰਦਗੀ ਦੀ ਰੇਸ ਹਾਰ ਬੈਠੇ।