ਚੰਡੀਗੜ੍ਹ। ਫਲਾਇੰਗ ਸਿੱਖ ਮਿਲਖਾ ਸਿੰਘ ਦਾ ਸ਼ਨੀਵਾਰ ਸ਼ਾਮ ਚੰਡੀਗੜ੍ਬ ‘ਚ ਪੂਰੇ ਰਾਜਕੀ ਸਨਮਾਨਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ। 91 ਸਾਲਾਂ ਦੇ ਮਿਲਖਾ ਸਿੰਘ ਨੇ ਸ਼ੁੱਕਰਵਾਰ ਰਾਤ ਚੰਡੀਗੜ੍ਹ PGI ‘ਚ ਆਖਰੀ ਸਾਹ ਲਏ ਸਨ। ਮਿਲਖਾ ਸਿੰਘ ਦੇ ਸਸਕਾਰ ਮੌਕੇ ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਵੀ ਪਹੁੰਚੇ। ਇਸਦੇ ਨਾਲ ਹੀ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਅਤੇ ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਨੇ ਵੀ ਸ਼ਰਧਾ ਦੇ ਫੁੱਲ ਭੇਂਟ ਕੀਤੇ।
#WATCH | Last rites of former Indian sprinter #MilkhaSingh, widely regarded as Flying Sikh, performed with state honours in Chandigarh pic.twitter.com/0sDnKjIY1Y
— ANI (@ANI) June 19, 2021
ਇਸ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਿਲਖਾ ਸਿੰਘ ਦੇ ਘਰ ਪਹੁੰਚ ਕੇ ਉਹਨਾਂ ਦੇ ਅੰਤਿਮ ਦਰਸ਼ਨ ਕੀਤੇ।
ਸੀਐੱਮ ਨੇ ਕਿਹਾ ਕਿ ਮਿਲਖਾ ਸਿੰਘ ਵੱਲੋਂ ਦੇਸ਼ ਦੀ ਖੇਡ ‘ਚ ਪਾਇਆ ਯੋਗਦਾਨ ਕਦੇ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਨੇ ਮਿਲਖਾ ਸਿੰਘ ਦੇ ਨਾੰਅ ‘ਤੇ ਪਟਿਆਲਾ ਖੇਡ ਯੂਨੀਵਰਸਿਟੀ ‘ਚ ਚੇਅਰ ਸਥਾਪਿਤ ਕੀਤੇ ਜਾਣ ਦਾ ਵੀ ਐਲਾਨ ਕੀਤਾ।
ਇਸ ਦੌਰਾਨ ਸੀਐੱਮ ਨੇ ਮਿਲਖਾ ਸਿੰਘ ਦੇ ਬੇਟੇ ਜੀਵ ਮਿਲਖਾ ਸਿੰਘ ਨਾਲ ਵੀ ਮੁਲਾਕਾਤ ਕੀਤੀ ਅਤੇ ਕਿਹਾ ਕਿ ਉਹਨਾਂ ਦੇ ਪਿਤਾ ਦੇਸ਼ ਦੀ ਸ਼ਾਨ ਸਨ। ਕੈਪਟਨ ਨੇ ਕਿਹਾ ਕਿ ਉਹ ਹਮੇਸ਼ਾ ਇੱਕ ਜ਼ਿੰਦਾਦਿਲ ਇਨਸਾਨ ਸਨ, ਜੋ ਅੱਜ ਦੀ ਪੀੜ੍ਹੀ ਲਈ ਵੀ ਬੇਹੱਦ ਪ੍ਰੇਰਣਾਦਾਇਕ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੀ ਮਿਲਖਾ ਸਿੰਘ ਦੇ ਘਰ ਪਹੁੰਚੇ ਅਤੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਸੀਨੀਅਰ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਵੀ ਉਹਨਾਂ ਦੇ ਨਾਲ ਮੌਜੂਦ ਸਨ।
ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ‘ਆਪ’ ਆਗੂ ਰਾਘਵ ਚੱਢਾ ਨੇ ਮਿਲਖਾ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੀ ਅਤੇ ਪਰਿਵਾਰ ਦਾ ਦੁੱਖ ਵੰਡਾਇਆ। ਵਿਧਾਇਕ ਬਲਜਿੰਦਰ ਕੌਰ ਵੀ ਉਹਨਾਂ ਦੇ ਨਾਲ ਮੌਜੂਦ ਸਨ।
ਇਹਨਾਂ ਆਗੂਆਂ ਤੋਂ ਇਲਾਵਾ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ, ਵਿੱਤ ਮੰਤਰੀ ਮਨਪ੍ਰੀਤ ਬਾਦਲ ਅਤੇ ਸਾਬਕਾ ਅਕਾਲੀ ਸਾਂਸਦ ਸੁਖਦੇਵ ਢੀਂਡਸਾ ਵੀ ਮਿਲਖਾ ਸਿੰਘ ਦੇ ਘਰ ਪਰਿਵਾਰ ਦਾ ਦੁੱਖ ਵੰਡਾਉਣ ਪਹੁੰਚੇ।