ਸ਼ਿਮਲਾ। ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਵੀਰਭੱਦਰ ਸਿੰਘ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਉਹਨਾਂ ਨੇ ਸ਼ਿਮਲਾ IGMC ਵਿਖੇ ਸਵੇਰੇ ਕਰੀਬ 3.40 ‘ਤੇ ਆਖਰੀ ਸਾਹ ਲਏ। ਉਹ 87 ਸਾਲਾਂ ਦੇ ਸਨ।
ਕੋਰੋਨਾ ਪਾਜ਼ੀਟਿਵ ਪਾਏ ਜਾਣ ਦੇ ਚਲਦੇ ਵੀਰਭੱਦਰ ਸਿੰਘ ਕਰੀਬ ਢਾਈ ਮਹੀਨਿਆਂ ਤੋਂ ਹਸਪਤਾਲ ‘ਚ ਭਰਤੀ ਸਨ। ਸੋਮਵਾਰ ਨੂੰ ਅਚਾਨਕ ਤਬੀਅਤ ਵਿਗੜਨ ਦੇ ਚਲਦੇ ਉਹਨਾਂ ਨੂੰ ਵੈਂਟੀਲੇਟਰ ‘ਤੇ ਸ਼ਿਫਟ ਕੀਤਾ ਗਿਆ ਸੀ, ਜਿਸਦੇ ਬਾਅਦ ਤੋਂ ਬੇਹੋਸ਼ੀ ਦੀ ਹਾਲਤ ‘ਚ ਉਹ ਹਸਪਤਾਲ ‘ਚ ਜ਼ੇਰੇ ਇਲਾਜ ਸਨ। ਵੀਰਵਾਰ ਸਵੇਰੇ ਉਹਨਾਂ ਨੇ ਆਖਰੀ ਸਾਹ ਲਏ।
6 ਵਾਰ ਰਹੇ ਹਿਮਾਚਲ ਦੇ ਮੁੱਖ ਮੰਤਰੀ
ਵੀਰਭੱਦਰ ਸਿੰਘ 6 ਵਾਰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ ਹਨ। 1983-90 ‘ਚ 2 ਵਾਰ, 1993-98, 1998 ‘ਚ ਕੁਝ ਦਿਨ, 2003-07 ਅਤੇ 2012-17 ਤੱਕ ਉਹਨਾਂ ਨੇ ਹਿਮਾਚਲ ਦੇ ਮੁੱਖ ਮੰਤਰੀ ਦਾ ਜ਼ਿੰਮਾ ਸੰਭਾਲਿਆ। ਮੌਜੂਦਾ ਸਮੇਂ ‘ਚ ਉਹ ਅਰਕੀ ਤੋਂ ਵਿਧਾਇਕ ਸਨ।
ਨਹਿਰੂ ਨੇ ਕਰਵਾਈ ਸੀ ਸਿਆਸਤ ‘ਚ ਐਂਟਰੀ
ਪੰਡਿਤ ਜਵਾਹਰ ਲਾਲ ਨਹਿਰੂ ਵੀਰਭੱਦਰ ਸਿੰਘ ਨੂੰ ਸਿਆਸਤ ‘ਚ ਲਿਆਏ ਸਨ, ਜਿਸਦਾ ਜ਼ਿਕਰ ਉਹ ਵਾਰ-ਵਾਰ ਕਰਦੇ ਵੀ ਸਨ। ਨਹਿਰੂ ਦੀ ਹੀ ਬਦੌਲਤ ਉਹਨਾਂ ਨੇ 1962 ‘ਚ ਆਪਣੀ ਪਹਿਲੀ ਲੋਕ ਸਭਾ ਚੋਣ ਲੜੀ ਸੀ। ਸਾਲ 1962 ‘ਚ ਉਹ ਪਹਿਲੀ ਵਾਰ ਮਹਾਸੂ ਲੋਕ ਸਭਾ ਸੀਟ ਤੋਂ ਚੋਣ ਜਿੱਤ ਕੇ ਲੋਕ ਸਭਾ ਪਹੁੰਚੇ ਸਨ। 1962, 1967, 1971, 1980 ਅਤੇ 2009 ‘ਚ ਉਹ ਲੋਕ ਸਭਾ ਸਾਂਸਦ ਚੁਣੇ ਗਏ।
ਕੇਂਦਰੀ ਕੈਬਨਿਟ ‘ਚ ਕਈ ਅਹੁਦੇ ਸੰਭਾਲੇ
ਵੀਰਭੱਦਰ ਸਿੰਘ, ਇੰਦਰਾ ਗਾਂਧੀ ਦੀ ਸਰਕਾਰ ‘ਚ ਦਸੰਬਰ 1976 ਤੋਂ 1977 ਤੱਕ ਕੇਂਦਰੀ ਸੈਰ-ਸਪਾਟਾ ਅਤੇ ਹਵਾਬਾਜ਼ੀ ਮੰਤਰੀ ਰਹੇ। ਦੂਜੀ ਵਾਰ ਵੀ ਉਹ ਇੰਦਰਾ ਸਰਕਾਰ ‘ਚ ਸਾਲ 1982 ਤੋਂ 1983 ਤੱਕ ਕੇਂਦਰੀ ਉਦਯੋਗ ਰਾਜ ਮੰਤਰੀ ਰਹੇ। ਇਸ ਤੋਂ ਬਾਅਦ ਮਨਮੋਹਨ ਸਰਕਾਰ ‘ਚ 28 ਮਈ 2009 ਤੋਂ ਲੈ ਕੇ 18 ਜਨਵਰੀ 2011 ਤੱਕ ਉਹ ਕੈਬਨਿਟ ਮੰਤਰੀ ਰਹੇ। ਪਹਿਲਾਂ ਉਹਨਾਂ ਨੂੰ ਸਟੀਲ ਮੰਤਰਾਲੇ ਦੀ ਜ਼ਿੰਮੇਵਾਰੀ ਸੌੰਪੀ ਗਈ। ਪਰ ਬਾਅਦ ‘ਚ ਮਾਈਕਰੋ, ਛੋਟੇ ਅਤੇ ਦਰਮਿਆਨੇ ਉਦਯੋਗ ਮੰਤਰਾਲੇ ਦਾ ਜ਼ਿੰਮਾ ਦੇ ਦਿੱਤਾ ਗਿਆ।