ਚੰਡੀਗੜ੍ਹ, August 29,2022
(Bureau Report)
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ‘ਚ ਮੁਲਜ਼ਮ ਗੈੰਗਸਟਰ ਗੋਲਡੀ ਬਰਾੜ ਬੇਸ਼ੱਕ ਇਸ ਵਕਤ ਪੁਲਿਸ ਦੀ ਗ੍ਰਿਫ਼ਤ ਤੋੰ ਬਾਹਰ ਹੈ, ਪਰ ਸੋਸ਼ਲ ਮੀਡੀਆ ‘ਤੇ ਪੰਜਾਬ ਪੁਲਿਸ ਨੂੰ ਧਮਕੀਆੰ ਦੇਣ ਦਾ ਇੱਕ ਮੌਕਾ ਨਹੀੰ ਛੱਡ ਰਿਹਾ। ਗੋਲਡੀ ਬਰਾੜ ਨੇ ਆਪਣੀ ਇੱਕ ਹੋਰ ਸੋਸ਼ਲ ਮੀਡੀਆ ਪੋਸਟ ਦੇ ਜ਼ਰੀਏ ਪੰਜਾਬ ਪੁਲਿਸ ਨੂੰ ਸਿੱਧੀ ਚੇਤਾਵਨੀ ਦਿੱਤੀ ਹੈ, ਉਹ ਵੀ ਇੱਕ ਹੋਰ ਵੱਡੀ ਵਾਰਦਾਤ ਦੀ।
ਗੋਲਡੀ ਬਰਾੜ ਦਾ ਇਲਜ਼ਾਮ ਹੈ ਕਿ ਬਠਿੰਡਾ ਜੇਲ੍ਹ ‘ਚ ਬੰਦ ਉਸਦੇ 3 ਸਾਥੀਆੰ ਨੂੰ ਜੇਲ੍ਹ ਦੇ ਡਿਪਟੀ ਸੁਪਰੀਡੈੰਟ ਵੱਲੋੰ ਬੇਵਜ੍ਹਾ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਪੈਸਿਆੰ ਦੀ ਮੰਗ ਕੀਤੀ ਜਾ ਰਹੀ ਹੈ। ਉਸਨੇ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਅਤੇ ਜੇਲ੍ਹ ਮੰਤਰੀ ਤੋੰ ਕਾਰਵਾਈ ਦੀ ਮੰਗ ਕੀਤੀ ਹੈ। ਨਹੀੰ ਤਾੰ ਨਤੀਜੇ ਭੁਗਤਣ ਲਈ ਤਿਆਰ ਰਹਿਣ ਦੀ ਧਮਕੀ ਦਿੱਤੀ ਹੈ।
ਡਿਪਟੀ ਜੇਲ੍ਹ ਸੁਪਰਡੈੰਟ ‘ਤੇ ਵੱਡਾ ਇਲਜ਼ਾਮ
ਸੋਸ਼ਲ ਮੀਡੀਆ ਪੋਸਟ ‘ਚ ਗੋਲਡੀ ਬਰਾੜ ਨੇ ਲਿਖਿਆ, “ਮੈੰ ਅੱਜ ਤੁਹਾਨੂੰ ਦੱਸਣਾ ਚਾਹੁੰਦਾ ਹਾੰ ਕਿ ਬਠਿੰਡਾ ਜੇਲ੍ਹ ਵਿੱਚ ਸਾਡੇ ਵੱਡੇ ਬੌਬੀ ਮਲਹੋਤਰਾ, ਸਾਰਜ ਸੰਧੂ ਤੇ ਜਗਮੋਹਨ ਹੁੰਡਲ ਭਰਾ ‘ਤੇ ਡਿਪਟੀ ਜੇਲ੍ਹ ਸੁਪਰੀਡੈੰਟ ਇੰਦਰਜੀਤ ਕਾਹਲੋੰ ਡਾਕਾ ਕਰ ਰਿਹਾ ਹੈ। ਉਹ ਸਾਡੇ ਭਰਾਵਾੰ ਤੋੰ ਪੈਸੇ ਮੰਗਦਾ ਹੈ ਤੇ ਬਿਨ੍ਹਾੰ ਕਿਸੇ ਗੱਲ ਤੋੰ ਉਹਨਾੰ ਵੀਰਾੰ ਦੀ ਇਸਨੇ ਕੁੱਟਮਾਰ ਕੀਤੀ ਹੈ।”
‘ਕਾਰਵਾਈ ਕਰੋ, ਨਹੀੰ ਤਾੰ ਜੇਲ੍ਹ ਸ਼ਿਫਟ ਕਰਵਾਓ’
ਉਸਨੇ ਅੱਗੇ ਲਿਖਿਆ, “ਮੈੰ ਪੰਜਾਬ ਸਰਕਾਰ ਤੇ ਜੇਲ੍ਹ ਮੰਤਰੀ ਹਰਜੋਤ ਬੈੰਸ ਨੂੰ ਅਪੀਲ ਕਰਦਾ ਹਾੰ ਕਿ ਜਾੰ ਤਾੰ ਸਾਡੇ ਵੀਰਾੰ ਦੀ ਜੇਲ੍ਹ ਸ਼ਿਫਟ ਕੀਤੀ ਜਾਵੇ ਜਾੰ ਕਾਹਲੋੰ ਉੱਤਰੇ ਬਣਦੀ ਕਾਰਵਾਈ ਕੀਤੀ ਜਾਵੇ ਤੇ ਜਾੰਚ ਹੋਵੇ ਕਿਉੰ ਉਹ ਪੈਸੇ ਮੰਗਦਾ ਤੇ ਤੰਗ ਕਰਦਾ ਹੈ। ਜੇਕਰ ਸਾਡੇ ਵੀਰਾੰ ਦਾ ਕੋਈ ਵੀ ਨੁਕਸਾਨ ਹੁੰਦਾ, ਉਸਦੀ ਜ਼ਿੰਮੇਵਾਰੀ ਜੇਲ੍ਹ ਪੁਲਿਸ ਦੀ ਹੋਵੇਗੀ।”
ਪੰਜਾਬ ਪੁਲਿਸ ਨੂੰ ਇੱਕ ਹੋਰ ਵੱਡੀ ਵਾਰਦਾਤ ਦੀ ਚੇਤਾਵਨੀ
ਇਸਦੇ ਨਾਲ ਹੀ ਗੋਲਡੀ ਬਰਾੜ ਨੇ ਪੰਜਾਬ ਪੁਲਿਸ ਨੂੰ ਮੂਸੇਵਾਲਾ ਕਤਲ ਕਾੰਡ ਦੀ ਹੀ ਤਰ੍ਹਾੰ ਇੱਕ ਹੋਰ ਵੱਡੀ ਵਾਰਦਾਤ ਦੀ ਚੇਤਾਵਨੀ ਵੀ ਦੇ ਦਿੱਤੀ। ਉਸਨੇ ਲਿਖਿਆ, “ਸਾਨੂੰ ਪੁਲਿਸ ਵੱਲੋੰ ਮਜਬੂਰ ਨਾ ਕੀਤਾ ਜਾਵੇ ਕਿ ਅਸੀੰ ਫੇਰ ਤੋੰ ਇੱਕ ਵੱਡੀ ਵਾਰਦਾਤ ਕਰੀਏ, ਇਸ ਲਈ ਕਿਰਪਾ ਕਰਕੇ DGP ਗੌਰਵ ਯਾਦਵ ਤੇ ਹਰਜੋਤ ਬੈੰਸ ਇਸ ਵਿੱਚ ਆਪਣਾ ਫਰਜ਼ ਪੂਰਾ ਕਰਨ। ਕਿਉੰਕਿ ਜੇਕਰ ਸਾਨੂੰ ਪਹਿਲਾੰ ਹੀ ਆਪਣੇ ਵੀਰ ਵਿੱਕੂ ਤੇ ਸੰਦੀਪ ਨੰਗਲੀਆੰ ਦਾ ਇਨਸਾਫ਼ ਮਿਲ ਜਾੰਦਾ, ਤਾੰ ਅਸੀੰ ਸਿੱਧੂ ਨੂੰ ਨਾ ਮਾਰਦੇ।”
ਬੰਬੀਹਾ ਗਰੁੱਪ ਦੀ ਧਮਕੀ ਦਾ ਵੀ ਦਿੱਤਾ ਜਵਾਬ
ਆਪਣੀ ਪੋਸਟ ਵਿੱਚ ਗੋਲਡੀ ਬਰਾੜ ਨੇ ਬੰਬੀਹਾ ਗਰੁੱਪ ਵੱਲੋੰ ਬਦਲਾ ਲਏ ਜਾਣ ਦੀ ਧਮਕੀ ਦਾ ਵੀ ਜਵਾਬ ਦਿੱਤਾ। ਉਸਨੇ ਲਿਖਿਆ, “ਜਿਹੜੇ ਸਾਡੇ ਵਿਰੁੱਧ ਪੋਸਟ ਕਰ ਰਹੇ ਨੇ ਕਿ ਅਸੀੰ ਬਦਲਾ ਲਵਾੰਗੇ..ਉਹ ਪਹਿਲਾੰ ਆਪਣੀ ਜਾਨ ਬਚਾ ਲੈਣ ਬਾਕੀ ਬਾਅਦ ਵਿੱਚ ਵੇਖੀ ਜਾਊ।”
ਕਾਬਿਲੇਗੌਰ ਹੈ ਕਿ ਬੰਬੀਹਾ ਗਰੁੱਪ ਵੱਲੋੰ ਲਗਾਤਾਰ ਸੋਸ਼ਲ ਮੀਡੀਆ ‘ਤੇ ਜੱਗੂ ਭਗਵਾਨਪੁਰੀਆ ਗਰੁੱਪ ਅਤੇ ਲਾਰੈੰਸ ਬਿਸ਼ਨੌਈ ਗਰੁੱਪ ਨੂੰ ਧਮਕੀ ਦਿੱਤੀ ਜਾ ਰਹੀ ਹੈ ਕਿ ਮੂਸੇਵਾਲਾ ਦੇ ਕਤਲ ਦਾ ਬਦਲਾ ਉਹਨਾੰ ਤੋੰ ਜ਼ਰੂਰ ਲਿਆ ਜਾਵੇਗਾ, ਜਿਸ ਤੋੰ ਬਾਅਦ ਬਕਾਇਦਾ ਲਾਰੈੰਸ ਬਿਸ਼ਨੌਈ ਅਤੇ ਜੱਗੂ ਭਗਵਾਨਪੁਰੀਆ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।