ਚੰਡੀਗੜ੍ਹ। ਕੋਲਕਾਤਾ ‘ਚ ਐਨਕਾਊਂਟਰ ਦੌਰਾਨ ਮਾਰੇ ਗਏ ਪੰਜਾਬ ਦੇ ਗੈਂਗਸਟਰ ਜੈਪਾਲ ਭੁੱਲਰ ਦਾ ਪੋਸਟਮਾਰਟਮ ਦੋਬਾਰਾ ਕਰਵਾਉਣ ਦੀ ਮੰਗ ਸਬੰਧੀ ਪਟੀਸ਼ਨ ਨੂੰ ਪੰਜਾਬ-ਹਰਿਆਣਾ ਹਾਈਕੋਰਟ ਨੇ ਖਾਰਜ ਕਰ ਦਿੱਤਾ ਹੈ। ਹਾਈਕੋਰਟ ਨੇ ਪਟੀਸ਼ਨ ਰੱਦ ਕਰਦੇ ਹੋਏ ਕਿਹਾ ਕਿ ਇਹ ਸਾਡੇ ਅਧਿਕਾਰ ਖੇਤਰ ‘ਚ ਨਹੀਂ ਹੈ। ਜਿਥੇ ਐਨਕਾਊਂਟਰ ਹੋਇਆ, ਉਸ ਸੂਬੇ ਦੇ ਹਾਈਕੋਰਟ ‘ਚ ਪਟੀਸ਼ਨ ਦਾਖਲ ਕੀਤੀ ਜਾਵੇ।
ਦਰਅਸਲ, ਜੈਪਾਲ ਭੁੱਲਰ ਦੇ ਪਿਤਾ ਨੇ ਬੰਗਾਲ ਪੁਲਿਸ ਦੀ ਕਾਰਵਾਈ ‘ਤੇ ਸਵਾਲ ਖੜ੍ਹੇ ਕਰਦੇ ਹੋਏ ਹਾਈਕੋਰਟ ਨੇ ਜੈਪਾਲ ਦਾ ਦੋਬਾਰਾ ਪੋਸਟਮਾਰਟਮ ਕਰਵਾਏ ਜਾਣ ਦੀ ਮੰਗ ਕੀਤੀ ਸੀ। ਮ੍ਰਿਤਕ ਜੈਪਾਲ ਭੁੱਲਰ ਦੇ ਪਿਤਾ ਭੁਪਿੰਦਰ ਸਿੰਘ ਪੰਜਾਬ ਪੁਲਿਸ ਦੇ ਰਿਟਾਇਰਡ ਇੰਸਪੈਕਟਰ ਰਹਿ ਚੁੱਕੇ ਹਨ।
ਹੁਣ ਸੁਪਰੀਮ ਕੋਰਟ ਜਾਵੇਗਾ ਪਰਿਵਾਰ
ਜੈਪਾਲ ਦੇ ਪਰਿਵਾਰ ਨੇ ਕਿਹਾ ਕਿ ਹਾਈਕੋਰਟ ਤੋਂ ਮਿਲੀ ਨਿਰਾਸ਼ਾ ਤੋਂ ਬਾਅਦ ਹੁਣ ਉਹ ਸੁਪਰੀਮ ਕੋਰਟ ‘ਚ ਆਪਣਾ ਪੱਖ ਰੱਖਣਗੇ। ਪਰਿਵਾਰ ਨੇ ਕਿਹਾ ਕਿ ਜਦੋਂ ਤੱਕ ਜੈਪਾਲ ਦਾ ਪੋਸਟਮਾਰਟਮ ਦੋਬਾਰਾ ਨਹੀਂ ਹੁੰਦਾ, ਉਸਦਾ ਅੰਤਿਮ ਸਸਕਾਰ ਨਹੀਂ ਕੀਤਾ ਜਾਵੇਗਾ।
ਫਰਜ਼ੀ ਐਨਕਾਊਂਟਰ ਦੇ ਲਾਏ ਇਲਜ਼ਾਮ
ਭੁੱਲਰ ਦੇ ਪਿਤਾ ਨੇ ਮੰਗਲਵਾਰ ਨੂੰ ਹਾਈਕੋਰਟ ‘ਚ ਪਟੀਸ਼ਨ ਦਾਖਲ ਕਰਕੇ ਇਲਜ਼ਾਮ ਲਾਏ ਸਨ ਕਿ ਉਹਨਾਂ ਦੇ ਬੇਟੇ ਨੂੰ ਪਹਿਲਾਂ ਬੁਰੀ ਤਰ੍ਹਾਂ ਟਾਰਚਰ ਕੀਤਾ ਗਿਆ। ਉਸਦੇ ਮ੍ਰਿਤ ਸਰੀਰ ‘ਤੇ ਕਈ ਜ਼ਖਮਾਂ ਦੇ ਨਿਸ਼ਾਨ ਸਨ। ਸਰੀਰ ‘ਤੇ ਗੋਲੀ ਦੇ ਨਿਸ਼ਾਨ ਨੂੰ ਵੇਖ ਕੇ ਸਾਫ ਹੋ ਜਾਂਦਾ ਹੈ ਕਿ ਉਹਨਾਂ ਦੇ ਬੇਟੇ ਨੂੰ ਪੁਆਇੰਟ ਬਲੈਂਕ ਰੇਂਜ ਤੋਂ ਗੋਲੀ ਮਾਰੀ ਗਈ ਹੈ ਅਤੇ ਇਹ ਐਨਕਾਊਂਟਰ ਪੂਰੀ ਤਰ੍ਹਾਂ ਨਾਲ ਫਰਜ਼ੀ ਹੈ।
ਇੱਕ ਹਫਤੇ ਤੋਂ ਘਰ ਪਈ ਲਾਸ਼
9 ਜੂਨ ਨੂੰ ਜੈਪਾਲ ਭੁੱਲਰ ਦਾ ਕੋਲਕਾਤਾ ਪੁਲਿਸ ਨੇ ਐਨਕਾਊਂਟਰ ਕੀਤਾ ਸੀ। 11 ਜੂਨ ਨੂੰ ਜੈਪਾਲ ਦੀ ਲਾਸ਼ ਪੰਜਾਬ ਲਿਆਂਦੀ ਗਈ ਅਤੇ ਉਦੋਂ ਤੋਂ ਹੀ ਉਸਦੀ ਲਾਸ਼ ਘਰ ‘ਚ ਪਈ ਹੈ। ਪਰਿਵਾਰ ਮੁਤਾਬਕ, ਪੁਲਿਸ ਉਹਨਾਂ ‘ਤੇ ਜੈਪਾਲ ਦਾ ਅੰਤਿਮ ਸਸਕਾਰ ਜਲਦ ਤੋਂ ਜਲਦ ਕੀਤੇ ਜਾਣ ਦਾ ਦਬਾਅ ਪਾ ਰਹੀ ਹੈ, ਪਰ ਉਹ ਚਾਹੁੰਦੇ ਹਨ ਕਿ ਉਹਨਾਂ ਦੇ ਬੇਟੇ ਦੇ ਮ੍ਰਿਤ ਸਰੀਰ ਦਾ AIIMS, PGI ਜਾਂ ਫਿਰ ਕਿਸੇ ਨਿਰਪੱਖ ਹਸਪਤਾਲ ‘ਚ ਦੋਬਾਰਾ ਪੋਸਟਮਾਰਟਮ ਕਰਵਾਇਆ ਜਾਵੇ, ਤਾਂ ਜੋ ਸੱਚਾਈ ਸਾਹਮਣੇ ਆ ਸਕੇ।
ਮੋਸਟ ਵਾਂਟੇਡ ਸੀ ਜੈਪਾਲ ਭੁੱਲਰ
ਜੈਪਾਲ ਭੁੱਲਰ ਪੰਜਾਬ ਦਾ ਮੋਸਟ ਵਾਂਟੇਡ ਗੈਂਗਸਟਰ ਸੀ। ਹਾਲ ਹੀ ‘ਚ ਜੈਪਾਲ ਨੇ ਜਗਰਾਓਂ ‘ਚ ਆਪਣੇ ਤਿੰਨ ਸਾਥੀਆਂ ਨਾਲ ਮਿਲ ਕੇ ਪੰਜਾਬ ਪੁਲਿਸ ਦੇ 2 ASI ਦਾ ਕਤਲ ਕੀਤਾ ਸੀ। ਇਸਦੇ ਬਾਅਦ ਤੋਂ ਜੈਪਾਲ ਦੀ ਤਲਾਸ਼ ‘ਚ ਪੰਜਾਬ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਸੀ। ਪੰਜਾਬ ਪੁਲਿਸ ਦੀ ਸੂਚਨਾ ‘ਤੇ ਹੀ ਕੋਲਕਾਤਾ ਪੁਲਿਸ ਨੇ ਪੂਰੇ ਆਪਰੇਸ਼ਨ ਨੂੰ ਅੰਜਾਮ ਦਿੱਤਾ। ਜੈਪਾਲ ਦੇ ਨਾਲ ਉਸਦਾ ਸਾਥੀ ਜੈਪਾਲ ਜਸਪ੍ਰੀਤ ਜੱਸੀ ਵੀ ਐਨਕਾਊਂਟਰ ‘ਚ ਮਾਰਿਆ ਗਿਆ ਸੀ।